ਵਿਕਾਸ ਦੂਬੇ ਦਾ ਪੁਲਸ ਮੁਕਾਬਲਾ ਸਵਾਲਾਂ ਦੇ ਘੇਰੇ ਵਿਚ; ਜਾਣੋ ਕਿਸ-ਕਿਸ ਨੇ ਚੁੱਕੇ ਸਵਾਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੱਜ ਸਵੇਰੇ ਪੁਲਸ ਹਿਰਾਸਤ ਵਿਚ ਕਤਲ ਹੋਏ ਬਦਮਾਸ਼ ਵਿਕਾਸ ਦੂਬੇ ਦੇ ਪੁਲਸ ਮੁਕਾਬਲੇ 'ਤੇ ਸਵਾਲ ਖੜ੍ਹੇ ਹੋ ਗਏ ਹਨ। ਵੱਡੇ ਰਾਜਨੀਤਕ ਆਗੂ ਇਸ ਮੁਕਾਬਲੇ ਨੂੰ ਝੂਠਾ ਪੁਲਸ ਮੁਕਾਬਲਾ ਦੱਸ ਰਹੇ ਹਨ।
ਜ਼ਿਕਰਯੋਗ ਹੈ ਕਿ 8 ਪੁਲਸੀਆਂ ਨੂੰ ਕਤਲ ਕਰਨ ਦਾ ਦੋਸ਼ੀ ਵਿਕਾਸ ਦੂਬੇ ਬੀਤੇ ਕੱਲ੍ਹ ਮੱਧ ਪ੍ਰਦੇਸ਼ ਦੇ ਇਕ ਮੰਦਰ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਵੀ ਚਰਚਾ ਚੱਲ ਰਹੀ ਸੀ ਕਿ ਉਸਨੇ ਆਤਮਸਮਰਪਣ ਕੀਤਾ ਹੈ। ਪਰ ਅੱਜ ਸਵੇਰੇ ਜਦੋਂ ਉਸਨੂੰ ਕਾਨਪੁਰ ਲਿਆਂਦਾ ਜਾ ਰਿਹਾ ਸੀ ਤਾਂ ਉਸਨੂੰ ਕਤਲ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਜਿਸ ਗੱਡੀ ਵਿਚ ਉਸਨੂੰ ਲਿਆਂਦਾ ਜਾ ਰਿਹਾ ਸੀ ਉਹ ਪਲਟ ਗਈ ਜਿਸ ਤੋਂ ਬਾਅਦ ਵਿਕਾਸ ਦੂਬੇ ਨੇ ਮੁਲਾਜ਼ਮ ਦੇ ਰਿਵਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਸ ਵੱਲੋਂ ਚਲਾਈ ਗੋਲੀ ਵਿਚ ਉਹ ਮਾਰਿਆ ਗਿਆ।
ਕਾਂਗਰਸ ਪਾਰਟੀ ਦੀ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਯੋਗੀ ਅਦਿਤਿਆਨਾਥ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਵਿਕਾਸ ਦੂਬੇ ਤਾਂ ਮਾਰਿਆ ਗਿਆ ਪਰ ਉਸਨੂੰ ਸ਼ੈਅ ਦੇਣ ਵਾਲੇ ਲੋਕਾਂ ਦਾ ਕੀ ਬਣੇਗਾ?
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਮੁਕਾਬਲੇ ਨੂੰ ਝੂਠਾ ਮੁਕਾਬਲਾ ਦਸਦਿਆਂ ਕਿਹਾ ਕਿ ਦਰਅਸਲ ਇਹ ਕਾਰ ਨਹੀਂ ਪਲਟੀ ਹੈ, ਰਾਜ਼ ਖੁੱਲ੍ਹਣ ਨਾਲ ਸਰਕਾਰ ਪਲਟਣ ਤੋਂ ਬਚਾਈ ਗਈ ਹੈ।
ਸ਼ਰਦ ਯਾਦਵ ਨੇ ਕਿਹਾ ਕਿ ਇਹ ਮੁਕਾਬਲਾ ਝੂਠਾ ਹੈ, ਜੋ ਗਲਤ ਤਰੀਕਾ ਹੈ। ਉਹਨਾਂ ਕਿਹਾ ਕਿ ਵਿਕਾਸ ਦੂਬੇ ਕਈ ਵੱਡੇ ਰਾਜ਼ ਖੋਲ੍ਹ ਸਕਦਾ ਸੀ ਕਿ ਉਸਨੂੰ ਕਿਹਨਾਂ ਲੋਕਾਂ ਦੀ ਸ਼ੈਅ ਸੀ ਇਸ ਲਈ ਉਸਨੂੰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹਨਾਂ ਦੀ ਸ਼ੈਅ 'ਤੇ ਇਹ ਪਲ ਰਿਹਾ ਸੀ ਉਹਨਾਂ ਦਾ ਵੀ ਉਨਾ ਹੀ ਦੋਸ਼ ਹੈ ਜਿੰਨਾ ਦੂਬੇ ਦਾ ਹੈ ਅਤੇ ਦੇਸ਼ ਨੂੰ ਇਸ ਬਾਰੇ ਪਤਾ ਲੱਗਣਾ ਬਹੁਤ ਜ਼ਰੂਰੀ ਹੈ।
ਆਰਜੇਡੀ ਆਗੂ ਅਤੇ ਰਾਜ ਸਭਾ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਗੁੰਡਾ ਗਰੋਹ ਦੇ ਸਾਰੇ ਕਾਲੇ ਕਾਰਨਾਮਿਆਂ ਨੂੰ ਵੀ ਨਾਲ ਹੀ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਿਸਟਮ ਨੇ ਆਪਣੇ ਰਾਜ਼ ਖੁਲ੍ਹਣ ਤੋਂ ਬਚਾਅ ਕੀਤਾ ਹੈ।
Comments (0)