ਬੱਬਰ ਖਾਲਸਾ ਨਾਲ ਸਬੰਧ ਦਸ ਕੇ ਗ੍ਰਿਫਤਾਰ ਕੀਤੇ 4 ਸਿੱਖਾਂ ਨੂੰ ਐਨਆਈਏ ਹਵਾਲੇ ਕੀਤਾ; 29 ਤੱਕ ਰਿਮਾਂਡ

ਬੱਬਰ ਖਾਲਸਾ ਨਾਲ ਸਬੰਧ ਦਸ ਕੇ ਗ੍ਰਿਫਤਾਰ ਕੀਤੇ 4 ਸਿੱਖਾਂ ਨੂੰ ਐਨਆਈਏ ਹਵਾਲੇ ਕੀਤਾ; 29 ਤੱਕ ਰਿਮਾਂਡ
ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨ ਰਵਿੰਦਰਪਾਲ ਸਿੰਘ ਤੇ ਜਗਦੇਵ ਸਿੰਘ

ਮੋਹਾਲੀ: ਬੱਬਰ ਖਾਲਸਾ ਨਾਲ ਸਬੰਧਾਂ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤੇ ਗਏ 4 ਸਿੱਖਾਂ ਨੂੰ ਸਥਾਨਕ ਅਦਾਲਤ ਨੇ 7 ਦਿਨਾਂ ਦੀ ਐਨਆਈਏ (ਕੌਮੀ ਜਾਂਚ ਅਜੈਂਸੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗ੍ਰਿਫਤਾਰ ਕੀਤੇ ਗਏ ਸਿੱਖ ਰਵਿੰਦਰਪਾਲ ਸਿੰਘ, ਜਗਦੇਵ ਸਿੰਘ, ਹਰਚਰਨ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਐਨਆਈਏ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਐਨਆਈਏ ਨੇ ਇਸ ਮਾਮਲੇ ਨੂੰ ਪੰਜਾਬ ਪੁਲਿਸ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਹੁਣ ਇਹਨਾਂ ਸਿੱਖਾਂ ਨੂੰ ਐਨਆਈਏ ਦਿੱਲੀ ਲੈ ਕੇ ਜਾਵੇਗੀ।

ਪੰਜਾਬ ਪੁਲਿਸ ਦੇ ਅਪਰੇਸ਼ਨ ਸੈੱਲ ਨੇ ਇਹਨਾਂ ਸਿੱਖਾਂ ਖਿਲਾਫ 30 ਮਈ ਨੂੰ ਅਸਲਾ ਕਾਨੂੰਨ, ਧਮਾਕਾਖੇਜ਼ ਸਮਗਰੀ (ਸੋਧਾਂ) ਕਾਨੂੰਨ 2001 ਦੀਆਂ 3, 4 ਅਤੇ 5 ਧਾਰਾਵਾਂ ਅਤੇ ਗੈਰਕਾਨੂੰਨ ਗਤੀਵਿਧੀਆਂ ਰੋਕੂ ਕਾਨੂੰਨ 1967 ਦੀਆਂ ਧਾਰਾਵਾਂ 17, 18, 20 ਅਧੀਨ ਮਾਮਲਾ ਦਰਜ ਕੀਤਾ ਸੀ। 

ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਦਾਅਵਾ ਕੀਤਾ ਸੀ ਕਿ ਇਹ ਜੂਨ 1984 ਘੱਲੂਘਾਰਾ ਹਫਤੇ ਮੌਕੇ ਪੰਜਾਬ ਵਿੱਚ ਅਮਨ ਅਤੇ ਭਾਈਚਾਰੇ ਨੂੰ ਭੰਗ ਕਰਨ ਦੀ ਸਾਜਿਸ਼ ਰਚ ਰਹੇ ਸਨ। ਇਸ ਲਈ ਵਿਦੇਸ਼ ਵਿੱਚ ਬੈਠੇ ਲੋਕਾਂ ਦੀ ਮਦਦ ਲੈਣ ਦਾ ਵੀ ਦੋਸ਼ ਲਾਇਆ ਗਿਆ। ਪੁਲਿਸ ਨੇ ਇਹਨਾਂ ਕੋਲੋਂ ਤਿੰਨ ਦੇਸੀ ਪਿਸਤੌਲ ਅਤੇ ਕੁੱਝ ਗੋਲੀਆਂ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਸੀ।

ਇਹਨਾਂ ਸਿੱਖਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹ ਕਾਨੂੰਨੀ ਢੰਗ ਨਾਲ ਇਹਨਾਂ ਨੂੰ ਇਨਸਾਫ ਦਵਾਉਣ ਲਈ ਪੈਰਵਾਈ ਕਰਨਗੇ। ਅਦਾਲਤ ਵਿੱਚ ਪੇਸ਼ੀ ਮੌਕੇ ਨਿਸ਼ਾਨ ਸਿੰਘ ਅਤੇ ਰਵਿੰਦਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹਨਾਂ ਦਾ ਬੱਬਰ ਖਾਲਸਾ ਨਾਲ ਕੋਈ ਸਬੰਧ ਨਹੀਂ ਤੇ ਉਹਨਾਂ ਨੂੰ ਇਸ ਕੇਸ ਵਿੱਚ ਗਲਤ ਫਸਾਇਆ ਗਿਆ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ