ਸਿੱਖ ਬੁੱਕ ਕਲੱਬ ਦੇ ਥਮਿੰਦਰ ਸਿੰਘ ਆਨੰਦ ਵਿਰੁੱਧ ਜਲਦੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ: ਗੁਰਦੁਆਰਾ ਸਾਹਿਬ ਫਰੀਮਾਂਟ

ਸਿੱਖ ਬੁੱਕ ਕਲੱਬ ਦੇ ਥਮਿੰਦਰ ਸਿੰਘ ਆਨੰਦ ਵਿਰੁੱਧ ਜਲਦੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ: ਗੁਰਦੁਆਰਾ ਸਾਹਿਬ ਫਰੀਮਾਂਟ

  ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ ਟਾਈਮਜ਼

 ਫਰੀਮਾਂਟ : ਗੁਰਦੁਆਰਾ ਸਾਹਿਬ ਫਰੀਮਾਂਟ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਥਮਿੰਦਰ ਸਿੰਘ ਆਨੰਦ ਵਿਰੁੱਧ ਪੱਤਰ ਲਿਖ ਕੇ ਭੇਜਿਆ । ਜਿਸ ਵਿਚ ਉਨ੍ਹਾਂ ਨੇ ਸਿੱਖ ਬੁੱਕ ਕਲੱਬ ਦੇ ਥਮਿੰਦਰ ਸਿੰਘ ਆਨੰਦ ਦੁਆਰਾ ਵਾਧੂ ਲਗਾਂ ਮਾਤਰਾਂ ਲਾ ਕੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਪੱਤਰ ਵਿਚ ਉਨ੍ਹਾਂ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਦਾ ਅਧਿਕਾਰ ਕੇਵਲ ਗੁਰਦੁਆਰਾ ਰਾਮਸਰ ਸਾਹਿਬ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਹੀ ਹੈ।  ਚੀਨ ਤੋਂ ਸਰੂਪ ਛਪਵਾ ਕੇ ਥਮਿੰਦਰ ਸਿੰਘ ਆਨੰਦ ਨੇ ਇਸ ਮਰਿਆਦਾ ਦੀ ਉਲੰਘਣਾ ਕੀਤੀ ਹੈ। ਛਪਾਈ ਦੀ ਇਸ ਪ੍ਰਕਿਰਿਆ ਦੌਰਾਨ ਸ਼ਬਦ ਗੁਰੂ ਦੀ ਕਿੰਨੀ ਬੇਅਦਬੀ ਹੁੰਦੀ ਹੈ, ਇਸ ਦਾ ਸਾਨੂੰ ਕੋਈ ਅੰਦਾਜ਼ਾ ਨਹੀਂ ਹੈ।  ਇਹ ਸਰੂਪ ਚੀਨ ਤੋਂ ਉਨ੍ਹਾਂ ਦੇ ਅੰਤਮ ਗ੍ਰਾਹਕ ਨੂੰ ਭੇਜਣ ਤੋਂ ਪਹਿਲਾਂ ਜਾਂ ਵੰਡਣ ਤੱਕ ਸਟੋਰੇਜ ਵਿੱਚ ਰੱਖੇ ਜਾਂਦੇ ਹਨ।

ਥਮਿੰਦਰ ਸਿੰਘ ਆਨੰਦ ਅਤੇ ਉਸ ਦੇ ਸਮਰਥਕ ਅਜੇ ਤੱਕ ਵੀ ਇਸ ਨੂੰ ਬੇਅਦਬੀ ਨਹੀਂ ਮੰਨਦੇ ਅਤੇ ਆਪਣਾ ਸਪੱਸ਼ਟੀਕਰਨ ਦੇ ਰਹੇ ਹਨ । ਜਿਸ ਤਰ੍ਹਾਂ ਦਾ ਉਹ ਸਪੱਸ਼ਟੀਕਰਨ ਦੇ ਰਹੇ ਹਨ ਉਸ ਨਾਲ ਕੇਵਲ ਉਹ ਪੰਥ ਨੂੰ ਗੁੰਮਰਾਹ ਕਰ ਰਹੇ ਹਨ । ਮਰਹੂਮ  ਜਥੇਦਾਰ  ਜੋਗਿੰਦਰ ਸਿੰਘ ਵੇਦਾਂਤੀ ਅਤੇ ਉਸਦੀ ਟੀਮ ਦੁਆਰਾ ਜੋ ਪਹਿਲਾਂ ਖੋਜ ਕੀਤੀ ਗਈ ਸੀ ਉਸ ਵਿੱਚ ਵੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੰਥ ਇਸ ਉੱਤੇ ਸਹਿਮਤੀ ਪ੍ਰਗਟ ਕਰਦਾ ਹੈ ਤਦ ਹੀ ਇਸ ਨੂੰ ਪ੍ਰਕਾਸ਼ਿਤ ਕੀਤਾ ਜਾਵੇ ।

ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਾਲਾਂ ਦੌਰਾਨ ਬਹੁਤ ਸਾਰੇ ਮੁੱਦਿਆਂ 'ਤੇ ਖਾਲਸਾ ਪੰਥ ਸਹਿਮਤ ਨਹੀਂ ਹੋ ਸਕਦਾ ਹੈ, ਪਰ ਅਸੀਂ ਆਪਣੇ ਮਤਭੇਦਾਂ ਨੂੰ ਇੱਕ ਪਾਸੇ ਰੱਖ ਕੇ ਉਨ੍ਹਾਂ ਨੂੰ ਉਦੋਂ ਤੱਕ ਇਕੱਲੇ ਛੱਡ ਦਿੰਦੇ ਹਾਂ ਜਦੋਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪੰਥਕ ਪੱਧਰ 'ਤੇ ਅੱਗੇ ਵਧਣ ਦਾ ਫੈਸਲਾ ਨਹੀਂ ਲੈਂਦੀ। ਥਮਿੰਦਰ ਸਿੰਘ ਆਨੰਦ ਕੌਣ ਹੈ ਜੋ ਆਪਣੇ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਦਲਾਅ ਕਰ ਕੇ ਪ੍ਰਕਾਸ਼ਿਤ ਕਰ ਰਿਹਾ ਹੈ ! ਉਸ ਦਾ ਇਹ ਕੰਮ ਪੰਥ ਵਿੱਚ ਹੋਰ ਪਾੜਾ ਅਤੇ ਭੰਬਲਭੂਸਾ ਪੈਦਾ ਕਰੇਗਾ। ਦੋਸ਼ੀਆਂ ਨੂੰ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਣ ਜਿਸ ਨੂੰ ਦੇਖ ਕੇ ਕੋਈ ਵੀ ਅਜਿਹੀ ਹਿੰਮਤ ਨਾ ਕਰੇ ਤੇ  ਥਮਿੰਦਰ ਸਿੰਘ ਆਨੰਦ ਅਤੇ ਉਸ ਦੇ ਸਮਰਥਕ ਸਿੱਖ ਇਤਿਹਾਸ ਵਿੱਚ ਅਜਿਹੇ ਪਹਿਲੇ ਅਤੇ ਅਖੀਰਲੇ ਵਿਅਕਤੀ ਹੋਣ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹੀਆਂ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ।ਅਸੀਂ ਸਭ ਜਾਣਦੇ ਹਾਂ ਕਿ ਸਾਲਾਂ ਤੋਂ ਸਾਡੀ ਮਰਿਯਾਦਾ ਤੇ ਸਾਡੇ ਗੁਰ ਇਤਿਹਾਸ ਉੱਤੇ ਸਦਾ ਹਮਲਾ ਹੁੰਦਾ ਆ ਰਿਹਾ ਹੈ । ਇਹ ਹਮਲੇ ਪਹਿਲਾਂ ਦਸਮ ਪਾਤਸ਼ਾਹ ਜੀ ਦੀ ਬਾਣੀ ਨੂੰ ਲੈ ਕੇ ਹੋ ਰਹੇ  ਸਨ ਤੇ ਹੁਣ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਜਿਹੀਆਂ ਤਬਦੀਲੀਆਂ ਕਰ ਕੇ ਹਮਲੇ ਕੀਤੇ ਜਾ ਰਹੇ ਹਨ ।

 ਧੁਰ ਕੀ ਬਾਣੀ  ਨਾਲ  ਜੇਕਰ ਛੇੜਛਾੜ ਕਰਾਂਗੇ ਤਾਂ ਇਸ ਦਾ ਖਾਮਿਆਜ਼ਾ ਆਉਣ ਵਾਲੀਆਂ ਸਿੱਖ ਕੌਮ ਦੀਆਂ ਨਸਲਾਂ ਨੂੰ ਭੁਗਤਣਾ ਪਵੇਗਾ। ਪਹਿਲਾਂ ਹੀ ਵਿਆਖਿਆਵਾਂ ਦੀਆਂ ਦੀਵਾਰਾਂ ਉਸਾਰ ਕੇ ਪੰਥ ਨੂੰ ਅਸਲ ਸੱਚ ਤੋਂ  ਦੂਰ ਕੀਤਾ ਜਾ ਰਿਹਾ ਹੈ । ਸਮੇਂ ਦੇ ਨਾਲ ਜੇਕਰ ਅਸੀਂ ਸ਼ਬਦਿਕ ਤਬਦੀਲੀਆਂ  ਕਰਨ ਲੱਗ ਪਵੇ ਤਾਂ ਉਹ ਇਲਾਹੀ ਬਾਣੀ ਨਹੀਂ ਰਹਿਣੀ । ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਸੁਪਰੀਮ ਕੌਂਸਲ ਦੇ ਮੈਂਬਰ ਹਰਪ੍ਰੀਤ ਸਿੰਘ ਬੈਂਸ, ਜਸਵਿੰਦਰ ਸਿੰਘ ਜਾਂਡੀ, ਜਸਪ੍ਰੀਤ ਸਿੰਘ ਅਟਵਾਲ, ਗੁਰਵਿੰਦਰ ਸਿੰਘ, ਰਾਜਿੰਦਰ ਸਿੰਘ ਰਾਜਾ  ਵੱਲੋਂ  ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਬੇਨਤੀ ਕੀਤੀ ਜਾਂਦੀ ਹੈ ਕਿ  ਇਸ ਮਸਲੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ।