ਅਮਰੀਕਾ ਵਿਚ ਕਾਲੇ ਵਿਅਕਤੀਆਂ 'ਤੇ ਤਸ਼ੱਦਦ ਕਰਨ ਦੇ ਮਾਮਲੇ ਵਿਚ 6 ਗੋਰੇ ਪੁਲਿਸ ਅਫਸਰ ਬਰਖਾਸਤ

ਅਮਰੀਕਾ ਵਿਚ ਕਾਲੇ ਵਿਅਕਤੀਆਂ 'ਤੇ ਤਸ਼ੱਦਦ ਕਰਨ ਦੇ ਮਾਮਲੇ ਵਿਚ 6 ਗੋਰੇ ਪੁਲਿਸ ਅਫਸਰ ਬਰਖਾਸਤ
ਕੈਪਸ਼ਨ ਮਿਸ਼ੈਲ ਜੈਨਕਿਨਸ ਤੇ ਐਡੀ ਪਾਰਕਰ ਆਪਣੇ ਵਕੀਲ ਮਲਿਕ ਸ਼ਾਹਬਾਜ਼ (ਵਿਚਾਲੇ) ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਮਿਸੀਸਿੱਪੀ ਰਾਜ ਵਿਚ ਰੈਨਕਿਨ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਆਪਣੇ 6 ਡਿਪਟੀਆਂ ਨੂੰ 2 ਕਾਲੇ ਵਿਅਕਤੀਆਂ 'ਤੇ ਤੱਸ਼ਦਦ ਕਰਨ ਦੇ ਮਾਮਲੇ ਵਿਚ ਬਰਖਾਸਤ ਕਰ ਦੇਣ ਦੀ ਖਬਰ ਹੈ। ਪੁਲਿਸ ਅਫਸਰਾਂ ਵਿਰੁੱਧ ਇਹ ਕਾਰਵਾਈ ਕਾਲੇ ਵਿਅਕਤੀਆਂ ਵੱਲੋਂ ਇਕ ਸੰਘੀ ਅਦਾਲਤ ਵਿਚ ਮਨੁੱਖੀ ਹੱਕਾਂ ਬਾਰੇ ਪਟੀਸ਼ਨ ਦਾਇਰ ਕਰਨ ਦੇ ਦੋ ਹਫਤੇ ਬਾਅਦ ਕੀਤੀ ਗਈ ਹੈ । ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ 6 ਡਿਪਟੀਆਂ ਨੇ ਉਨਾਂ ਦੀ ਨਿੱਜੀ ਰਿਹਾਇਸ਼ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋ ਕੇ ਉਨਾਂ ਉਪਰ ਤਕਰੀਬਨ 2 ਘੰਟੇ ਤਸ਼ੱਦਦ ਕੀਤਾ । ਰੈਨਕਿਨ ਕਾਊਂਟੀ ਦੇ ਸ਼ੈਰਿਫ ਬਰਾਇਨ ਬੇਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਾਜਾ ਘਟਨਾਕ੍ਰਮ ਤੇ ਸਾਡੀ ਅੰਦਰੂਨੀ ਜਾਂਚ ਦੇ ਮੱਦੇਨਜਰ ਡਿਪਟੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸ਼ੈਰਿਫ ਨੇ ਨਾ ਹੀ ਬਰਖਾਸਤ ਕੀਤੇ ਡਿਪਟੀਆਂ ਦੀ ਗਿਣਤੀ ਤੇ ਨਾ ਹੀ ਉਨਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਉਨਾਂ ਕਿਹਾ ਕਿ ਡਿਪਟੀ ਇਸ ਵੇਲੇ ਪ੍ਰਸ਼ਾਸਨਿਕ ਛੁੱਟੀ 'ਤੇ ਹਨ। ਸ਼ੈਰਿਫ ਨੇ ਡਿਪਟੀਆਂ ਵਿਰੁੱਧ ਦੋਸ਼ਾਂ ਬਾਰੇ ਕੁਝ ਕਹਿਣ ਤੋਂ ਵੀ ਨਾਂਹ ਕਰ ਦਿੱਤੀ। ਦਾਇਰ ਪਟੀਸ਼ਨ ਵਿਚ ਕਾਲੇ ਵਿਅਕਤੀਆਂ ਮਿਸ਼ੈਲ ਜੈਨਕਿਨਸ ਤੇ ਐਡੀ ਪਾਰਕਰ ਨੇ ਦੋਸ਼ ਲਾਇਆ ਹੈ ਕਿ ਇਸ ਸਾਲ 24 ਜਨਵਰੀ ਨੂੰ 6 ਡਿਪਟੀ ਉਨਾਂ ਦੇ ਬਰੈਕਸਟਨ ਵਿਚਲੇ ਘਰ ਵਿਚ ਬਿਨਾਂ ਵਾਰੰਟ ਜਬਰਨ ਦਾਖਲ ਹੋਏ। ਡਿਪਟੀਆਂ ਨੇ ਉਨਾਂ ਦੇ ਹੱਥਕੜੀਆਂ ਲਾ ਕੇ ਉਨਾਂ ਦੇ ਠੁੱਡੇ ਮਾਰੇ ਤੇ ਵਾਰ ਵਾਰ ਟੀਜ਼ਰ ਦੀ ਵਰਤੋਂ ਕੀਤੀ। ਉਨਾਂ ਦੇ ਜਿਣਸੀ ਸ਼ੋਸ਼ਣ ਦੀ ਵੀ ਕੋਸ਼ਿਸ਼ ਕੀਤੀ ਗਈ। ਯੂ ਐਸ ਡਿਸਟ੍ਰਿਕਟ ਕੋਰਟ ਮਿਸੀਸਿੱਪੀ ਵਿਚ ਦਾਇਰ ਪਟੀਸ਼ਨ ਵਿੱਚ ਸ਼ੈਰਿਫ ਤੇ 6 ਡਿਪਟੀਆਂ ਨੂੰ ਦੋਸ਼ੀ ਬਣਾਇਆ ਗਿਆ ਹੈ ਤੇ 40 ਕਰੋੜ ਡਾਲਰ ਦਾ ਮਾਣਹਾਨੀ ਦਾਅਵਾ ਕੀਤਾ ਗਿਆ ਹੈ।