ਕੈਲੀਫੋਰਨੀਆ ਦੇ ਗਵਰਨਰ ਨੇ ਪਿਛਲੀ ਅੱਧੀ ਸਦੀ ਤੋਂ ਜੇਲ ਵਿਚ ਬੰਦ 74 ਸਾਲਾ ਔਰਤ ਦੀ ਪੈਰੋਲ ਉਪਰ ਰਿਹਾਈ ਰੋਕੀ

ਕੈਲੀਫੋਰਨੀਆ ਦੇ ਗਵਰਨਰ ਨੇ ਪਿਛਲੀ ਅੱਧੀ ਸਦੀ ਤੋਂ ਜੇਲ ਵਿਚ ਬੰਦ 74 ਸਾਲਾ ਔਰਤ ਦੀ ਪੈਰੋਲ ਉਪਰ ਰਿਹਾਈ ਰੋਕੀ
ਤਸਵੀਰ: ਪੈਟਰੀਸੀਆ ਕਰੇਨਵਿੰਕਲ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 17 ਅਕਤੂਬਰ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸੋਮ ਨੇ 1969 ਵਿਚ 7 ਹੱਤਿਆਵਾਂ ਦੇ ਜੁਰਮ ਵਿਚ ਪਿਛਲੇ 53 ਸਾਲ ਤੋਂ ਜੇਲ ਵਿਚ ਬੰਦ 74 ਸਾਲਾ ਔਰਤ ਪੈਟਰੀਸੀਆ ਕਰੇਨਵਿੰਕਲ ਦੀ ਪੈਰੋਲ ਉਪਰ ਰਿਹਾਈ ਰੋਕ ਦਿੱਤੀ ਹੈ। ਉਨਾਂ ਨੇ ਪੈਟਰੀਸੀਆ ਕਰੇਨਵਿੰਕਲ ਦੀ ਪੈਰੋਲ ਉਪਰ ਰਿਹਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਅਜੇ ਵੀ ਸਮਾਜ ਲਈ ਖਤਰਾ ਹੈ। ਪੈਰੋਲ ਬੋਰਡ ਨੇ ਇਸ ਸਾਲ ਮਈ ਵਿਚ ਪਹਿਲੀ ਵਾਰ ਕਰੇਨਵਿੰਕਲ ਨੂੰ ਰਿਹਾਅ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਕਰੇਨਵਿੰਕਲ ਵੱਲੋਂ ਪੈਰੋਲ ਉਪਰ ਰਿਹਾਅ ਕਰਨ ਦੀ ਬੇਨਤੀ 14 ਵਾਰ ਰੱਦ ਕੀਤੀ ਜਾ ਚੁੱਕੀ ਹੈ। ਨਿਊਸੋਮ ਨੇ ਪੈਰੋਲ ਉਪਰ ਰਿਹਾਈ ਦਾ ਨਿਰਨਾ ਉਲਟਾਉਂਦਿਆਂ ਕਿਹਾ ਕਿ ਆਜਾਦਾਨ ਢੰਗ ਨਾਲ ਪੁਨਰਵਿਚਾਰ ਕਰਦਿਆਂ ਸਬੂਤਾਂ ਦੇ ਮੱਦੇਨਜਰ ਇਹ ਸਿੱਟਾ ਕੱਢਿਆ ਹੈ ਕਿ ਕਰੇਨਵਿੰਕਲ ਪੈਰੋਲ ਦੇ ਯੋਗ ਨਹੀਂ ਹੈ ਤੇ ਉਸ ਨੂੰ ਇਸ ਸਮੇ ਜੇਲ ਵਿਚੋਂ ਸੁਰੱਖਿਅਤ ਰਿਹਾਅ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਹੱਤਿਆਵਾਂ ਵੇਲੇ ਉਸ ਦੀ ਉਮਰ , ਇਸ ਸਮੇ ਉਸ ਦੀ  ਉਮਰ ਤੇ ਜੇਲ ਵਿਚ ਉਸ ਦੇ ਸਾਕਾਰਾਤਮਿਕ ਵਿਵਹਾਰ ਦੇ ਬਾਵਜੂਦ ਉਸ ਦੀ ਪੈਰੋਲ ਉਪਰ ਰਿਹਾਈ ਨਹੀਂ ਕੀਤੀ ਜਾ ਸਕਦੀ। ਉਹ ਇਸ ਦੇ ਅਯੋਗ ਹੈ।  ਕਰੇਨਵਿੰਕਲ ਨੂੰ ਅਗਸਤ 1969 ਵਿਚ ਮੈਨਸਨ ਪਰਿਵਾਰ ਉਪਰ ਹਮਲਾ ਕਰਨ ਤੇ 7 ਹੱਤਿਆਵਾਂ ਕਰਨ ਦੇ ਦੋਸ਼ਾਂ ਤਹਿਤ ਉਮਰ ਕੈਦ ਸੁਣਾਈ ਗਈ ਸੀ। ਮ੍ਰਿਤਕਾਂ ਵਿਚ ਅਦਾਕਾਰਾ ਸ਼ੈਰੋਨ ਟੇਟ ਵੀ ਸ਼ਾਮਿਲ ਸੀ ਜੋ ਉਸ ਸਮੇ ਗਰਭਵਤੀ ਸੀ। ਇਸ ਤੋਂ ਇਲਾਵਾ ਫੋਲਗਰ ਕੌਫ਼ੀ ਦੀ ਮਾਲਕਣ ਅਬੀਗੇਲ ਫੋਲਗਰ ਵੀ ਮ੍ਰਿਤਕਾਂ ਵਿਚ ਸ਼ਾਮਿਲ ਸੀ । ਕਰੇਨਵਿੰਕਲ ਨੇ ਅਦਾਲਤ ਵਿਚ ਮੰਨਿਆ ਸੀ ਕਿ ਉਸ ਨੇ ਫੋਲਲਗਰ ਨੂੰ 28 ਵਾਰ ਚਾਕੂ ਮਾਰਿਆ ਸੀ।