ਅਮਰੀਕਾ ਦੇ ਮਿਸੌਰੀ ਰਾਜ ਵਿਚ ਭਾਰੀ ਮੀਂਹ ਤੋਂ ਬਾਅਦ ਆਏ ਹੜ ਨਾਲ ਇਕ ਮੌਤ, 8.5 ਫੁੱਟ ਤੱਕ ਭਰਿਆ ਪਾਣੀ, ਅਨੇਕਾਂ ਵਾਹਣ ਪਾਣੀ ਵਿਚ ਫਸੇ

ਅਮਰੀਕਾ ਦੇ ਮਿਸੌਰੀ ਰਾਜ ਵਿਚ ਭਾਰੀ ਮੀਂਹ ਤੋਂ ਬਾਅਦ ਆਏ ਹੜ ਨਾਲ ਇਕ ਮੌਤ, 8.5 ਫੁੱਟ ਤੱਕ ਭਰਿਆ ਪਾਣੀ, ਅਨੇਕਾਂ ਵਾਹਣ ਪਾਣੀ ਵਿਚ ਫਸੇ

ਮੀਂਹ ਪੈਣ ਦਾ ਪਿਛਲੇ ਰਿਕਾਰਡ ਟੁੱਟਾ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 27 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸੌਰੀ ਰਾਜ ਵਿਚ ਸੇਂਟ ਲੂਇਸ ਤੇ ਹੋਰ ਹਿੱਸਿਆਂ ਵਿਚ ਭਾਰੀ ਮੀਂਹ ਕਾਰਨ ਆਏ ਹੜ ਨਾਲ ਇਕ ਵਿਅਕਤੀ ਦੀ ਮੌਤ ਹੋ ਗਏ ਤੇ ਅਨੇਕਾਂ ਕਾਰਾਂ ਤੇ ਹੋਰ ਵਾਹਣ ਪਾਣੀ ਵਿਚ ਫੱਸ ਗਏ। ਮੌਸਮ ਬਾਰੇ ਰਾਸ਼ਟਰੀ ਸੇਵਾ ਅਨੁਸਾਰ ਸੇਂਟ ਲੂਇਸ ਮੈਟਰੋ ਖੇਤਰ ਵਿਚ ਭਾਰੀ ਮੀਂਹ ਪਿਆ ਤੇ  ਇਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਇਥੇ 10 ਇੰਚ ਤੱਕ ਮੀਂਹ ਪਿਆ ਜਦ ਕਿ ਇਸ ਤੋਂ ਪਹਿਲਾਂ 1915 ਵਿਚ 6.85 ਇੰਚ ਮੀਂਹ  ਪਿਆ ਸੀ। ਲੈਂਬਰਟ ਹਵਾਈ ਅੱਡੇ ਉਪਰ 8.3 ਇੰਚ ਮੀਂਹ ਪਿਆ। ਇਹ ਮੀਂਹ ਹੀ ਹੇਠਲੇ ਇਲਾਕਿਆਂ ਵਿਚ ਹੜ ਦਾ ਕਾਰਨ ਬਣਿਆ ਜਿਸ ਕਾਰਨ ਕਈ ਸੜਕਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਮਾਰਸ਼ਲ ਫਾਹਲਰ ਅਨੁਸਾਰ  ਸੇਂਟ ਲੂਇਸ ਖੇਤਰ ਵਿਚ ਅੱਧੀ ਰਾਤ ਦੇ ਆਸ ਪਾਸ ਝਖੜ ਦਾਖਲ ਹੋਇਆ ਤੇ ਮੀਂਹ ਵਰਣਾ ਸ਼ੁਰੂ ਹੋ ਗਿਆ। ਮੀਂਹ ਨੇ ਕੇਂਦਰੀ ਤੇ ਪੂਰਬੀ ਮਿਸੌਰੀ ਤੇ ਦੱਖਣ ਪੱਛਮ ਇਲੀਨੋਇਸ ਵਿਚ ਭਿਆਨਕ ਹੜ ਲੈ ਆਂਦਾ ਜਿਸ ਕਾਰਨ ਲੋਕਾਂ ਦੀ ਜਾਨ ਖਤਰੇ ਵਿਚ ਪੈ ਗਈ। ਸੇਂਟ ਲੂਇਸ ਅੱਗ ਬੁਝਾਊ ਵਿਭਾਗ ਦੇ ਮੁੱਖੀ ਡੈਨਿਸ ਜੇਂਕਰਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 8.5 ਫੁੱਟ ਪਾਣੀ ਵਿਚ ਫੱਸੀ ਇਕ ਕਾਰ ਨੂੰ ਕੱਢਿਆ ਗਿਆ ਜਿਸ ਦੇ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਕਈ ਲੋਕ ਜਖਮੀ ਵੀ ਹੋਏ ਹਨ ਜਦ ਕਿ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਸੇਂਟ ਲੂਇਸ ਵਿਚ ਮੀਂਹ ਦਾ ਪਾਣੀ ਘਰਾਂ ਵਿਚ ਦਾਖਲ ਹੋ ਗਿਆ ਤੇ ਪਾਣੀ ਵਿਚ ਫੱਸੇ 70 ਤੋਂ ਵਧ ਸਥਾਨਕ ਵਾਸੀਆਂ ਨੂੰ ਕਿਸ਼ਤੀਆਂ ਰਾਹੀਂ ਕੱਢਿਆ ਗਿਆ। ਸੇਂਟ ਪੀਟਰਸ ਨੇੜੇ ਅੰਤਰ ਰਾਜ ਸੜਕ 70 ਦਾ ਇਕ ਹਿੱਸਾ ਬੰਦ ਕਰ ਦਿੱਤਾ ਗਿਆ। ਅੰਤਰ ਰਾਜ ਸੜਕਾਂ 64, 55 ਤੇ 44 ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਕਿਹਾ ਹੈ ਕਿ ਹੋਰ ਕਈ ਸੜਕਾਂ ਵੀ ਬੰਦ ਕਰਨੀਆਂ ਪਈਆਂ ਹਨ। ਮਿਸੌਰੀ ਸਟੇਟ ਹਾਈਵੇਅ ਗਸ਼ਤੀ ਟੀਮ ਨੇ ਡਰਾਈਵਰਾਂ ਨੂੰ ਕਿਹਾ ਹੈ ਕਿ ਉਹ ਸੇਂਟ ਚਾਰਲਸ ਤੇ ਸੇਂਟ ਕਾਊਂਟੀਆਂ ਦੀਆਂ ਅੰਤਰ ਰਾਜੀ ਸੜਕਾਂ 'ਤੇ ਨਾ ਆਉਣ। ਹਾਲਾਤ ਆਮ ਵਾਂਗ ਹੋਣ ਨੂੰ ਕੁਝ ਸਮਾਂ ਲੱਗ ਸਕਦਾ ਹੈ।