ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਲਾਲ ਕਿਲ੍ਹੇ 'ਤੇ ਹੋਵੇਗਾ 10 ਅਗਸਤ ਨੂੰ ਸਮਾਗਮ

ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ ਲਾਲ ਕਿਲ੍ਹੇ 'ਤੇ ਹੋਵੇਗਾ 10 ਅਗਸਤ ਨੂੰ  ਸਮਾਗਮ

ਕੇਂਦਰ ਸਰਕਾਰ ਤੇ ਨਾਲ ਮਿਲ ਕੇ ਦਿੱਲੀ ਕਮੇਟੀ ਕਰਵਾਏਗੀ ਭਾਈ ਲੱਖੀ ਸ਼ਾਹ ਵਣਜਾਰਾ ਦੇ ਸਮਾਗਮ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 28 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਸਿੱਖ ਨੇਤਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਵਿਚ 10 ਅਗਸਤ ਨੁੰ ਲਾਲ ਕਿਲ੍ਹੇ 'ਤੇ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ।

ਅੱਜ ਇਥੇ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਤੇ ਵਣਜਾਰਾ ਸਮਾਜ ਦੇ ਆਗੂਆਂ ਦੀ ਮੀਟਿੰਗ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਲੰਘੇ ਦਿਨ ਕੇਂਦਰੀ ਗ੍ਰਹਿ ਮੰਤਰੀ ਦੇ ਹੁਕਮਾਂ 'ਤੇ ਸਭਿਆਚਾਰ ਮੰਤਰੀ ਸ੍ਰੀ ਕਿਸ਼ਨ ਰੈਡੀ ਦੇ ਦਫਤਰ ਵਿਚ ਵਿਸ਼ੇਸ਼ ਮੀਟਿੰਗ ਵਿਚ ਇਸ ਪ੍ਰੋਗਰਾਮ ਦਾ ਖਾਕਾ ਤਿਆਰ ਕੀਤਾ ਗਿਆ ਹੈ ਤਾਂ ਜੋ ਦੇਸ਼ ਤੇ ਦੁਨੀਆਂ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਬਾਰੇ ਸੰਦੇਸ਼ ਜਾਵੇ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇਹ ਸਾਰਾ ਪ੍ਰੋਗਰਾਮ ਪ੍ਰਵਾਨ ਚੜ੍ਹਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ ਤੇ ਸਮਾਗਮ ਯਾਦਗਾਰੀ ਹੋਣਗੇ।

ਇਸ ਮੌਕੇ ਉਮੇਸ਼ ਯਾਦਵ ਐਮ ਪੀ, ਦਵਿੰਦਰ ਅੱਪਾ ਐਮ ਪੀ ਕਰਨਾਟਕਾ, ਦਵਿੰਦਰ ਨਾਇਕ ਸਾਬਕਾ ਐਮ ਪੀ, ਸ਼ੰਕਰ ਲਾਲ ਪੁਆਰ ਪ੍ਰਧਾਨ ਆਲ ਇੰਡੀਆ ਵਣਜਾਰਾ ਸਮਾਜ, ਮੁਕੇਸ਼ ਅਬਾਨਾ, ਕਵਿਤਾ ਰਾਥੌੜ, ਮਮਤਾ ਰਥੌੜ, ਸ਼ੰਕਰ ਲਾਲ ਐਮ ਪੀ ਇੰਦੌਰ ਤੇ ਵਣਜਾਰਾ ਸਮਾਗਮ ਦੇ ਹੋਰ ਆਗੂ ਵੀ ਮੀਟਿੰਗ ਵਿਚ ਸ਼ਾਮਲ ਸਨ।

ਇਸ ਮੌਕੇ ਸਰਦਾਰ ਸਿਰਸਾ ਨੇ ਇਹ ਵੀ ਮੰਗ ਕੀਤੀ ਕਿ ਨਵੀਂ ਬਣ ਰਹੀ ਸੰਸਦ ਦੀ ਇਮਾਰਤ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਦੀ ਪੇਂਟਿੰਗ ਬਣਾ ਕੇ ਲਗਾਈ ਜਾਵੇ ਤਾਂ ਜੋ ਸਾਰੇ ਸੰਸਦ ਮੈਂਬਰਾਂ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਵੱਲੋਂ ਕੀਤੀ ਮਹਾਨ ਸੇਵਾ ਦੀ ਜਾਣਕਾਰੀ ਮਿਲ ਸਕੇ।

ਇਥੇ ਦੱਸਣਯੋਗ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਲੱਖੀ ਸ਼ਾਹ ਵਣਜਾਰਾ ਨੇ ਉਹਨਾਂ ਦਾ ਅੰਤਿਮ ਸਸਕਾਰ ਕਰਨ ਲਈ ਆਪਣੇ ਘਰ ਨੁੰ ਹੀ ਅੱਗ ਲਗਾ ਕੇ ਗੁਰੂ ਸਾਹਿਬ ਜੀ ਦਾ ਅੰਤਿਮ ਸਸਕਾਰ ਕੀਤਾ ਸੀ।