ਟੈਨੇਸੀ ਟਾਸਕ ਫੋਰਸ ਨੇ 150 ਲਾਪਤਾ ਬੱਚੇ ਕੀਤੇ ਬਰਾਮਦ

ਟੈਨੇਸੀ ਟਾਸਕ ਫੋਰਸ ਨੇ 150 ਲਾਪਤਾ ਬੱਚੇ ਕੀਤੇ ਬਰਾਮਦ
ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਅਸਿਸਟੈਂਟ ਸਪੈਸ਼ਲ ਏਜੰਟ ਇੰਚਾਰਜ ਸ਼ੈਲੀ ਸਮਿਥਰਮੈਨ ਬਰਾਮਦ ਬੱਚਿਆਂ ਬਾਰੇ ਜਾਣਕਾਰੀ ਦਿੰਦੀ ਹੋਈ।

ਟੈਨੇਸੀ ਵਿਚ ਜਨਵਰੀ ਤੇ ਫਰਵਰੀ ਦੌਰਾਨ ਲਾਪਤਾ ਹੋਏ 150 ਬੱਚਿਆਂ ਨੂੰ ਬਰਾਮਦ ਕੀਤਾ

ਸੈਕਰਾਮੈਂਟੋ- (ਹੁਸਨ ਲੜੋਆ ਬੰਗਾ), ਟੈਨੇਸੀ ਵਿਚ ਜਨਵਰੀ ਤੇ ਫਰਵਰੀ ਦੌਰਾਨ ਲਾਪਤਾ ਹੋਏ 150 ਬੱਚਿਆਂ ਨੂੰ ਬਰਾਮਦ ਕੀਤਾ ਹੈ ਜਿਨਾਂ ਦੀ ਉਮਰ 3 ਸਾਲ ਤੋਂ ਲੈ ਕੇ 17 ਸਾਲਾਂ ਤੱਕ ਹੈ। ਇਹ ਬੱਚੇ ਜੋਆਇੰਟ ਲਾਅ ਇਨਫੋਰਸਮੈਂਟ ਆਪਰੇਸ਼ਨ ਦੌਰਾਨ ਬਰਾਮਦ ਹੋਏ ਹਨ। ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਅਸਿਸਟੈਂਟ ਸਪੈਸ਼ਲ ਏਜੰਟ ਇੰਚਾਰਜ ਸ਼ੈਲੀ ਸਮਿਥਰਮੈਨ ਨੇ ਦੱਸਿਆ ਕਿ ਕੁਝ ਬੱਚੇੇ ਮੁਸ਼ਕਿਲਾਂ ਭਰੇ ਹਾਲਾਤ ਵਿਚ ਘਰ ਛੱਡਣ ਲਈ ਮਜ਼ਬੂਰ ਹੋਏ ਸਨ ਤੇ ਕਈ ਆਪਣੀ ਮਰਜੀ ਨਾਲ ਘਰੋਂ ਭੱਜ ਗਏ ਸਨ। ਕਈ ਬੱਚੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਹਨ। ਇਨਾਂ ਵਿਚੋਂ  33 ਬੱਚੇ ਦੱਖਣੀ ਕੈਲੀਫੋਰਨੀਆ ਵਿਚ ਮਨੁੱਖੀ ਤਸਕਰੀ ਵਿਰੁੱਧ ਕੀਤੀ ਕਾਰਵਾਈ ਦੌਰਾਨ ਬਰਾਮਦ ਕੀਤੇ ਗਏ ਹਨ। ਟੈਨੇਸੀ ਪੱਛਮੀ ਜਿਲੇ ਦੇ ਯੂ.ਐਸ ਮਾਰਸ਼ਲ ਟਾਇਰੀਸ ਮਿਲਰ ਨੇ ਕਿਹਾ ਹੈ ਕਿ ਕਾਰਵਾਈ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ ਪਰੰਤੂ ਉਨਾਂ ਨੇ ਗ੍ਰਿਫਤਾਰ ਲੋਕਾਂ ਬਾਰੇ ਹੋਰ ਵੇਰਵਾ ਨਹੀਂ ਦਿੱਤਾ। ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਗ੍ਰਿਫਤਾਰ ਲੋਕਾਂ ਵਿਚ ਦੋ ਲੋਕਾਂ ਦੀ ਪਹਿਲਾਂ ਹੀ ਭਾਲ ਕੀਤੀ ਜਾ ਰਹੀ ਸੀ ਤੇ ਉਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਸਨ ਜਦ ਕਿ ਇਕ ਵਿਅਕਤੀ ਨੂੰ ਅਗਵਾਕਾਰ ਹੋਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ।