ਮਾਤਾ ਦੇ ਸਸਕਾਰ ਸਮੇਂ ਸੰਤ ਢਡਰੀਆਂ ਵਾਲੇ ਨੇ ਹਿੰਦੂ ਰੀਤਾਂ ਅਪਨਾਈਆਂ

ਮਾਤਾ ਦੇ ਸਸਕਾਰ ਸਮੇਂ ਸੰਤ ਢਡਰੀਆਂ ਵਾਲੇ ਨੇ ਹਿੰਦੂ ਰੀਤਾਂ ਅਪਨਾਈਆਂ

ਬੀਤੇ ਦਿਨੀ ਸੰਤ ਰਣਜੀਤ ਸਿੰਘ ਢਡਰੀਆਂ ਵਾਲੇ ਦੀ ਮਾਤਾ ਦਾ ਸੁਰਗਵਾਸ ਹੋ ਗਿਆ ਸੀ।

ਪਰ ਸੰਤ ਢਡਰੀਆਂ ਵਾਲਿਆਂ ਨੇ ਇਸ ਦੌਰਾਨ ਅਕਾਲ ਤਖਤ ਸਾਹਿਬ ਦੀ ਮਰਿਆਦਾ ਤਿਆਗ ਕੇ ਸੁਆਹ ਵਿੱਚੋ ਆਪਣੀ ਮਾਤਾ ਦੇ ਹੱਡ ਚੁੱਗ ਕੇ ਕੱਚੀ ਲੱਸੀ ਨਾਲ ਧੋਣ ਵਾਲੀ ਸਨਾਤਨੀ ਮਰਿਯਾਦਾ ਅਪਨਾ ਲਈ।ਉਹਨਾਂ ਨੇ ਇਹ ਰੀਤਾਂ ਪੰਡਤਾਊ ਸਭਿਆਚਾਰ ਅਨੁਸਾਰ ਨਿਭਾਈਆਂ।ਇਸ ਦੀ ਸੰਗਤ ਵਲੋਂ ਸ਼ੋਸ਼ਲ ਮੀਡੀਆ ਉਪਰ ਨਿੰਦਾ ਕੀਤੀ ਜਾ ਰਹੀ ਹੈ।ਹੈਰਾਨੀ ਦੀ ਗਲ ਇਹ ਹੈ ਕਿ ਇਕ ਪਾਸੇ ਸੰਤ ਜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਉਪਰ ਪਹਿਰਾ ਦੇਣ ਦਾ ਦਾਅਵਾ ਕਰਦੇ ਹਨ,ਦੂਜੇ ਪਾਸੇ ਉਹ ਆਪਣੀ ਮਾਤਾ ਦੇ ਸਸਕਾਰ ਸਮੇਂ ਸਿਖ ਰੀਤਾਂ ਦੀ ਥਾਂ ਪੰਡਤਾਊ ਰੀਤਾਂ ਅਪਨਾ ਰਹੇ ਹਨ। ਇਸ ਬਾਰੇ ਸੰਤ ਢਡਰੀਆਂ ਵਾਲੇ ਨੇ ਕੋਈ ਸਪਸ਼ਟੀਕਰਨ ਨਹੀਂ ਦਿਤਾ।

​​ਮਿਰਤਕ ਸੰਸਕਾਰ ਦੀ ਰੀਤ ਸਿੱਖ ਰਹਿਤ ਮਰਯਾਦਾ ਵਿਚ ਇਸ ਤਰ੍ਹਾਂ ਦਰਜ ਹੈ: ਪ੍ਰਾਣੀ ਨੂੰ ਮਰਨ ਵੇਲੇ- ਜੇ ਮੰਜੇ ਤੇ ਹੋਵੇ ਤਾਂ ਮੰਜੇ ਤੋਂ ਹੇਠਾਂ ਨਹੀਂ ਉਤਾਰਨਾ। ਦੀਵਾ-ਵੱਟੀ, ਗਉ ਮਣਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਪ੍ਰਾਣੀ ਦੇ ਦੇਹ ਤਿਆਗਣ ‘ਤੇ ਧਾਹ ਨਹੀਂ ਮਾਰਨੀ, ਰੋਣਾ-ਪਿੱਟਣਾ, ਜਾਂ ਸਿਆਪਾ ਨਹੀਂ ਕਰਨਾ, ਮਨ ਨੂੰ ਵਾਹਿਗੁਰੂ ਦੀ ਰਜ਼ਾ ਵਿਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ਵਾਹਿਗੁਰੂ ਦਾ ਜਾਪ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਉਨ੍ਹਾਂ ਦੇ ਪੋਤਰੇ ਬਾਬਾ ਸੁੰਦਰ ਜੀ ਨੇ ਮਿਰਤਕ ਸੰਸਕਾਰ ਗੁਰ-ਮਰਯਾਦਾ ਅਨੁਸਾਰ ਕਰਨ ਬਾਰੇ ਗੁਰੂ ਜੀ ਦੇ ਹੁਕਮ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ:

ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥

ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥

ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥

ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ (ਪੰਨਾ 923)

ਮਿਰਤਕ ਦੇ ਸਰੀਰ ਨੂੰ ਇਸ਼ਨਾਨ ਕਰਾ ਕੇ ਸਾਫ਼ ਬਸਤਰ ਪਾਏ ਜਾਣ ਤੇ ਕਕਾਰ ਅੱਡ ਨਾ ਕੀਤੇ ਜਾਣ। ਫਿਰ ਤਖ਼ਤੇ ਉੱਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਵੱਲ ਲਿਜਾਇਆ ਜਾਵੇ ਤੇ ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸਸਕਾਰ ਦੀ ਥਾਂ ‘ਤੇ ਪਹੁੰਚ ਕੇ ਚਿਖਾ ਰਚੀ ਜਾਵੇ ਤੇ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ- ‘ਹੇ ਅਕਾਲ ਪੁਰਖ, ਆਪ ਦੇ ਭਾਣੇ ਵਿਚ…….. ਨੇ ਚਲਾਣਾ ਕੀਤਾ ਹੈ, ਪਿੱਛੇ ਪਰਿਵਾਰ ਨੂੰ ਸ਼ਾਂਤੀ ਤੇ ਭਾਣਾ ਮੰਨਣ ਦਾ ਬਲ ਬਖਸ਼ਣਾ।’ ਫਿਰ ਸਰੀਰ ਨੂੰ ਅੰਗੀਠੇ ਉੱਤੇ ਰੱਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿੱਥ ’ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉਠੇ ਤਾਂ (ਕਪਾਲਿ ਕਿਰਿਆ ਆਦਿ ਕਰਨਾ ਮਨਮੱਤ ਹੈ), ਕੀਰਤਨ ਸੋਹਿਲੇ ਦਾ ਪਾਠ ਕਰ ਕੇ ਅਰਦਾਸਾ ਸੋਧਿਆ ਜਾਵੇ ਤੇ ਸੰਗਤ ਮੁੜ ਆਵੇ। ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ ਤਾਂ ਵੀ ਸਸਕਾਰ ਕਰਨਾ ਚਾਹੀਦਾ ਹੈ। ਪਰ ਜੇ ਕਿਸੇ ਕਾਰਨ ਸਸਕਾਰ ਦਾ ਪ੍ਰਬੰਧ ਨਾ ਹੋ ਸਕੇ ਤਾਂ ਜਲ ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ। ਸਸਕਾਰ ਕਰਨ ਲਈ ਦਿਨ ਜਾਂ ਰਾਤ ਦਾ ਵਹਿਮ ਨਹੀਂ ਕਰਨਾ ਚਾਹੀਦਾ। ਸਸਕਾਰ ਸਥਾਨ ਤੋਂ ਮੁੜ ਕੇ ਨੇੜੇ ਦੇ ਗੁਰਦੁਆਰੇ ਸੋਹਿਲੇ ਤੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਤੇ ਅਰਦਾਸ ਕਰਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈਣ ਉਪਰੰਤ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ।

ਸਿੱਖ ਰਹਿਤ ਮਰਿਯਾਦਾ ਵਿਚ ਲਿਖਿਆ ਹੈ ਕਿ ਮਿਰਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਸਾਰੇ ਸਰੀਰ ਦੀ ਭਸਮ ਅਸਥੀਆਂ ਸਮੇਤ ਚੁੱਕ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉਥੇ ਹੀ ਦੱਬ ਕੇ ਜਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਦੇ ਸਥਾਨ ਤੇ ਮਿਰਤਕ ਪ੍ਰਾਣੀ ਦੀ ਯਾਦਗਾਰ ਬਣਾਉਂਣੀ ਮਨ੍ਹਾਂ ਹੈ। ਅੱਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ ਆਦਿ ਕਰਨਾ ਮਨਮੱਤ ਹੈ। ਸਸਕਾਰ ਵਾਲੇ ਦਿਨ ਹੀ ਘਰ ਵਿਚ ਪ੍ਰਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਅਰੰਭ ਕੀਤਾ ਜਾਵੇ। ਜਿਸ ਨੂੰ ਘਰ ਵਾਲੇ ਸੰਬੰਧੀ ਪ੍ਰੇਮ ਭਾਵ ਨਾਲ ਆਪ ਕਰਨ ਜਾਂ ਇਕ ਮਨ ਹੋ ਕੇ ਸੁਣਨ। ਪਰ ਸੰਤ ਜੀ ਨੇ ਸੰਸਾਰ ਦਾ ਬੇੜਾ ਤਾਰਨਾ ਸੀ ,ਪਰ ਉਹ ਆਪ ਭਵਸਾਗਰ ਵਿਚ ਜਾ ਡੁਬੇ।ਅਜਿਹਾ ਕਿਉਂ ਹੋਇਆ ਇਹ ਸੰਤ ਜੀ ਦਸ ਸਕਦੇ ਹਨ।