ਅਮਰੀਕਾ ਭਾਰਤ ਨੂੰ ਵੈਕਸੀਨ ਭੇਜਣ ਲਈ ਤਿਆਰ

ਅਮਰੀਕਾ ਭਾਰਤ ਨੂੰ ਵੈਕਸੀਨ ਭੇਜਣ ਲਈ ਤਿਆਰ

 * ਹੋਰ ਕਈ ਦੇਸ਼ਾਂ ਨੇ ਵੀ ਕੀਤੀ ਮੱਦਦ ਦੀ ਪੇਸ਼ਕਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਭਾਰਤ ਵਿਚ ਹੈਰਾਨੀਜਨਕ ਢੰਗ ਨਾਲ ਵਧੇ ਕੋਰੋਨਾ ਮਾਮਲਿਆਂ ਕਾਰਨ ਵੈਕਸੀਨ, ਆਕਸੀਜਨ, ਵੈਂਟੀਲੇਟਰਾਂ ਤੇ ਦਵਾਈਆਂ ਦੀ ਪੂਰਤੀ ਲਈ ਅਮਰੀਕਾ ਸਮੇਤ ਹੋਰ ਕਈ ਦੇਸ਼ਾਂ ਨੇ ਮੱਦਦ ਲਈ ਹੱਥ ਵਧਾਇਆ ਹੈ। ਅਮਰੀਕਾ ਦੇ ਕੌਮੀ ਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਆਪਣੇ ਭਾਰਤੀ ਹਮ ਰੁਤਬਾ ਅਜੀਤ ਡੋਵਾਲ ਨੂੰ ਦਸਿਆ ਕਿ ਉਨਾਂ ਦਾ ਦੇਸ਼ ਭਾਰਤ ਨੂੰ ਵੈਕਸੀਨ ਦੇਣ ਵਾਸਤੇ ਤਿਆਰ ਹੈ। ਸੁਲੀਵਨ ਨੇ ਡੋਵਾਲ ਨੂੰ ਕਿਹਾ ਕਿ ਅਮਰੀਕਾ ਕੋਵੀਸ਼ੀਲਡ ਵੈਕਸੀਨ ਤੇ ਆਕਸਫੋਰਡ ਦੀ ਐਸਟਰਾਜੈਨਿਕ ਵੈਕਸੀਨ ਤਿਆਰ ਕਰਨ ਲਈ ਭਾਰਤ ਨੂੰ ਕੱਚਾ ਮਾਲ ਦੇਵੇਗਾ। ਇਸ ਤੋਂ ਇਲਾਵਾ ਟੈਸਟ ਕਿੱਟਾਂ, ਵੈਂਟੀਲੇਟਰ ਤੇ ਨਿੱਜੀ ਰਖਿਆ ਸਾਜ ਸਮਾਨ ਦੀ ਸਪਲਾਈ ਕਰੇਗਾ। ਅਮਰੀਕਾ ਦੇ ਨੈਸ਼ਨਲ ਸਕਿਉਰਿਟੀ ਕੌਂਸਲ ਦੇ ਬੁਲਾਰੇ ਏਮਿਲੀ ਹੌਰਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜਿਸ ਤਰਾਂ ਮਹਾਮਾਰੀ ਦੇ ਸ਼ੁਰੂ ਵਿਚ ਭਾਰਤ ਨੇ ਅਮਰੀਕਾ ਨੂੰ ਮੱਦਦ ਭੇਜੀ ਸੀ ਬਿਲਕੁਲ ਉਸੇ ਤਰਾਂ ਅਮਰੀਕਾ ਇਸ ਮੁਸ਼ਕਿਲ ਸਮੇ ਵਿਚ ਭਾਰਤ ਦੀ ਮੱਦਦ ਕਰਨ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਮੈਡੀਕਲ ਮਾਹਿਰ ਡਾ ਐਨਥਨੀ ਫੌਕੀ ਨੇ ਕਿਹਾ ਸੀ ਕਿ ਅਮਰੀਕਾ ਭਾਰਤ ਨੂੰ ਵਾਧੂ ਪਏ ਐਸਟਰਾਜ਼ੈਨਿਕ ਵੈਕਸੀਨ ਦੇਣ ਬਾਰੇ ਵੀ ਵਿਚਾਰ ਕਰ ਸਕਦਾ ਹੈ। ਇਹ ਪੇਸ਼ਕਸ਼ ਉਨਾਂ ਰਿਪੋਰਟਾਂ ਦਰਮਿਆਨ ਹੋਈ ਹੈ ਜਿਨਾਂ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਸਮੇਤ ਹੋਰ ਵਿਕਸਤ ਦੇਸ਼ਾਂ ਵਿਚ ਵੈਕਸੀਨ ਦੇ ਅੰਬਾਰ ਲੱਗੇ ਹੋਏ ਹਨ ਜਦ ਕਿ ਗਰੀਬ ਮੁਲਕ ਵੈਕਸੀਨ ਲੈਣ ਲਈ ਹੱਥ ਪੈਰ ਮਾਰ ਰਹੇ ਹਨ। ਬਰਤਾਨੀਆ ਨੇ ਭਾਰਤ ਨੂੰ ਵੈਂਟੀਲੇਟਰ ਦੇਣ ਲਈ ਸਹਿਮਤੀ ਪ੍ਰਗਟਾਈ ਹੈ ਜਦ ਕਿ ਯੂਰਪੀ ਯੁਨੀਅਨ ਦੇ ਦੇਸ਼ ਆਕਸੀਜਨ ਤੇ ਹੋਰ ਸਪਲਾਈ ਲਈ ਰਾਜੀ ਹੋਏ ਹਨ।

50 ਲੱਖ ਤੋਂ ਵਧ ਲੋਕਾਂ ਨੇ ਨਹੀਂ ਲਵਾਇਆ ਦੂਜਾ ਟੀਕਾ-

ਹਾਲਾਂ ਕਿ ਸੈਂਟਰ ਫਾਰ ਡਸੀਜ ਕੰਟਰਲ (ਸੀ ਡੀ ਸੀ) ਲੋਕਾਂ ਨੂੰ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਲਵਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ ਜੋ ਕਿ ਇਕ ਵਾਰ  ਹੀ ਲਾਇਆ ਜਾਣਾ ਹੈ ਪਰੰਤੂ ਦੂਜੇ ਪਾਸੇ ਇਹ ਤੱਥ ਸਾਹਮਣੇ ਆਇਆ ਹੈ ਕਿ  ਬਹੁਤ ਸਾਰੇ ਅਮਰੀਕੀਆਂ ਨੇ ਦੂਸਰੀ ਖੁਰਾਕ ਲੈਣ ਤੋਂ ਨਾਂਹ ਕਰ ਦਿੱਤੀ ਹੈ। 50 ਲੱਖ ਤੋਂ ਵਧ ਅਮਰੀਕੀ ਜਿਨਾਂ ਨੇ ਫਾਈਜ਼ਰ ਜਾਂ ਮੋਡੇਰਨਾ ਵੈਕਸੀਨ ਲਵਾਈ ਸੀ, ਨੇ ਨਿਸ਼ਚਤ ਸਮੇ ਅੰਦਰ ਦੂਸਰੀ ਖੁਰਾਕ ਨਹੀਂ ਲਈ ਹੈ। ਇਹ ਗਿਣਤੀ ਪਹਿਲੀ ਖੁਰਾਕ (ਡੋਜ਼) ਲੈਣ ਵਾਲਿਆਂ ਦਾ 8% ਬਣਦੀ ਹੈ। ਕੁਝ ਲੋਕਾਂ ਨੇ ਬੁਰੇ ਪ੍ਰਭਾਵ ਦੇ ਡਾਰ ਕਾਰਨ ਦੂਸਰੀ ਖੁਰਾਕ ਨਹੀਂ ਲਈ ਤੇ ਕੁਝ ਸਮਝਦੇ ਹਨ ਕਿ ਉਨਾਂ ਦੀ ਸੁਰੱਖਿਆ ਲਈ ਇਕ ਹੀ ਟੀਕਾ ਕਾਫੀ ਹੈ। ਕਈ  ਮਾਮਲਿਆਂ ਵਿਚ ਸਪਲਾਈ ਦੀ ਘਾਟ ਵੀ ਦੂਸਰਾ ਟੀਕਾ ਨਾ ਲਵਾਉਣ ਦਾ ਕਾਰਨ ਬਣੀ ਹੈ। ਇਥੇ ਜਿਕਰਯੋਗ ਹੈ ਕਿ ਅਮਰੀਕਾ ਦੀ 42% ਆਬਾਦੀ ਦੇ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ ਜਦ ਕਿ 28.5% ਆਬਾਦੀ ਦੇ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ।