ਸ਼ਿਕਾਗੋ ਵਿਚ ਪੁਲਿਸ ਗੋਲੀ ਨਾਲ 13 ਸਾਲਾਂ ਦੇ ਮੁੰਡੇ ਦੀ ਹੋਈ ਮੌਤ ਨੂੰ ਲੈ ਕੇ ਹਜਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ।

ਸ਼ਿਕਾਗੋ ਵਿਚ ਪੁਲਿਸ ਗੋਲੀ ਨਾਲ 13 ਸਾਲਾਂ ਦੇ ਮੁੰਡੇ ਦੀ ਹੋਈ ਮੌਤ ਨੂੰ ਲੈ ਕੇ ਹਜਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ।
ਸ਼ਿਕਾਗੋ ਵਿਚ ਪੁਲਿਸ ਗੋਲੀ ਨਾਲ ਮਾਰਿਆ ਗਿਆ 13 ਸਾਲਾ ਐਡਮ ਟੋਲੇਡੋ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਐਡਮ ਟੋਲੇਡੋ ਨਾਮੀ 13 ਸਾਲਾ ਮੁੰਡੇ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਦੇ ਮਾਮਲੇ ਵਿਚ ਨਿਆਂ ਦੀ ਮੰਗ ਨੂੰ ਲੈ ਕੇ ਸ਼ਿਕਾਗੋ ਵਿਚ ਹਜਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ 'ਜਸਟਿਸ ਫਾਰ ਐਡਮ ਟੋਲੇਡੋ' ਬੈਨਰ ਫੜਕੇ ਨਾਅਰੇਬਾਜੀ ਕੀਤੀ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਲੰਘੇ ਵੀਰਵਾਰ ਇਕ ਵਾਚਡੌਗ ਏਜੰਸੀ ਵੱਲੋਂ ਘਟਨਾ ਦੀ ਜਾਰੀ ਕੀਤੀ ਗਈ ਵੀਡੀਓ ਤੋਂ ਬਾਅਦ ਲੋਕਾਂ ਵਿਚ ਗੁੱਸਾ ਤੇ ਰੋਹ ਵਧ ਗਿਆ ਹੈ। ਇਸ ਵੀਡੀਓ ਵਿਚ ਜਦੋਂ ਪੁਲਿਸ ਅਧਿਕਾਰੀ ਵੱਲੋਂ ਗੋਲੀ ਮਾਰੀ ਜਾਂਦੀ ਹੈ ਤਾਂ ਮੁੰਡੇ ਨੇ ਹੱਥ ਖੜੇ ਕੀਤੇ ਹੋਏ ਹਨ ਜਦ ਕਿ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਦੋਨਾਂ ਪਾਸਿਆਂ ਤੋਂ ਹਥਿਆਰਾਂ ਨਾਲ ਮੁਕਾਬਲਾ ਹੋਇਆ ਹੈ ਜਿਸ ਦੌਰਾਨ ਐਡਮ ਮਾਰਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਘਟਨਾ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।