ਤਾਲਿਬਾਨ ਤੇ ਅਮਰੀਕਾ ਦਰਮਿਆਨ ਅੱਜ ਹੋਵੇਗੀ ਇਤਿਹਾਸਕ ਸੰਧੀ

ਤਾਲਿਬਾਨ ਤੇ ਅਮਰੀਕਾ ਦਰਮਿਆਨ ਅੱਜ ਹੋਵੇਗੀ ਇਤਿਹਾਸਕ ਸੰਧੀ

ਦੋਹਾ: ਏਸ਼ੀਆ ਵਿਚ ਪੰਜਾਬ ਦੇ ਗੁਆਂਢੀ ਖਿੱਤੇ ਅਫਗਾਨਿਸਤਾਨ ਅੰਦਰ ਤਾਲਿਬਾਨੀ ਰਾਜ ਸੱਤਾ ਖਿਲਾਫ 18 ਸਾਲ ਪਹਿਲਾਂ ਚੜ੍ਹ ਕੇ ਆਇਆ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਮੰਨਿਆ ਜਾਂਦਾ ਅਮਰੀਕਾ ਜੰਗ ਖਤਮ ਕਰਨ ਲਈ ਤਾਲਿਬਾਨ ਨਾਲ ਅੱਜ ਵੱਡੀ ਸੰਧੀ ਕਰਨ ਜਾ ਰਿਹਾ ਹੈ। ਦੋਵਾਂ ਧਿਰਾਂ ਦਰਮਿਆਨ ਇਹ ਸੰਧੀ ਕਤਰ ਦੇਸ਼ ਦੀ ਰਾਜਧਾਨੀ ਦੋਹਾ ਵਿਚ ਹੋਵੇਗੀ।

ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਤਾਲਿਬਾਨ ਨਾਲ ਕਿਸੇ ਆਖਰੀ ਸਮਝੌਤੇ ਤਕ ਪਹੁੰਚਣ ਲਈ ਗੱਲਬਾਤ ਕਰ ਰਿਹਾ ਸੀ। 18 ਸਾਲਾਂ ਦੀ ਲੰਬੀ ਲੜਾਈ ਮਗਰੋਂ ਵੀ ਅਮਰੀਕਾ ਤਾਲਿਬਾਨ ਦੇ ਗੋਡੇ ਨਹੀਂ ਲਵਾ ਸਕਿਆ। ਇਸ ਜੰਗ ਵਿਚ ਅਮਰੀਕਾ ਦਾ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋਇਆ ਹੈ। 

ਇਸ ਸਮਝੌਤੇ ਤਕ ਪਹੁੰਚਣ ਤੋਂ ਪਹਿਲਾਂ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਪਿਛਲੇ ਹਫਤੇ 'ਹਿੰਸਾ ਘਟਾਉਣ ਦਾ ਸਮਝੋਤਾ' ਹੋਇਆ ਸੀ। ਇਹ ਸਮਝੋਤਾ ਆਖਰੀ ਵੱਡੀ ਸੰਧੀ ਤੋਂ ਪਹਿਲਾਂ ਦੋਹਾਂ ਪਾਸਿਆਂ 'ਚ ਇਹ ਭਰੋਸਾ ਬਣਾਉਣ ਲਈ ਕੀਤਾ ਗਿਆ ਸੀ। ਇਸ ਹਫਤੇ ਦੌਰਾਨ ਆਮ ਨਾਲੋਂ ਘੱਟ ਹਿੰਸਾ ਦਰਜ ਕੀਤੀ ਗਈ। 

ਸੰਧੀ ਬਾਰੇ ਹੁਣ ਤੱਕ ਬਾਹਰ ਆਈ ਜਾਣਕਾਰੀ ਮੁਤਾਬਕ ਅਮਰੀਕਾ ਤਾਲਿਬਾਨ ਤੋਂ ਇਹ ਭਰੋਸਾ ਲੈ ਰਿਹਾ ਹੈ ਕਿ ਅਮਰੀਕਾ ਦੇ ਫੌਜੀਆਂ ਦੇ ਵਾਪਸ ਜਾਣ ਮਗਰੋਂ ਅਫਗਾਨਿਸਤਾਨ ਦੀ ਧਰਤੀ 'ਤੇ ਅਲ ਕਾਇਦਾ ਜਾਂ ਆਈਐਸਆਈਐਸ ਵਰਗੇ ਕਿਸੇ ਸਮੂਹ ਨੂੰ ਪੈਰ ਨਹੀਂ ਲਾਉਣ ਦਿੱਤੇ ਜਾਣਗੇ ਤੇ ਅਫਗਾਨਿਸਤਾਨ ਦੀ ਧਰਤੀ ਤੋਂ ਅਮਰੀਕਾ 'ਤੇ ਕੋਈ ਹਮਲਾ ਨਾ ਹੋਵੇ, ਇਹ ਯਕੀਨੀ ਬਣਾਇਆ ਜਾਵੇਗਾ। 

ਇਹ ਵੀ ਜਾਣਕਾਰੀ ਹੈ ਕਿ ਇਸ ਸੰਧੀ ਤੋਂ ਬਾਅਦ ਅਮਰੀਕਨ ਫੌਜੀਆਂ ਦੀ ਗਿਣਤੀ ਬਹੁਤ ਵੱਡੇ ਪੱਧਰ ਤਕ ਘਟਾ ਜ਼ਰੂਰ ਦਿੱਤੀ ਜਾਵੇਗੀ ਪਰ ਪੂਰੀ ਤਰ੍ਹਾਂ ਖਤਮ ਨਹੀਂ ਕੀਤੀ ਜਾਵੇਗੀ। ਇਸ ਸੰਧੀ ਨੂੰ ਇਕ ਸ਼ੁਰੂਆਤੀ ਸੰਧੀ ਮੰਨਿਆ ਜਾ ਰਿਹਾ ਹੈ, ਜਿਸ ਮਗਰੋਂ ਤਾਲਿਬਾਨ ਅਤੇ ਅਮਰੀਕਾ ਦੀ ਮਦਦ ਨਾਲ ਸਥਾਪਤ ਹੋਈਆਂ ਅਫਗਾਨਸਤਾਨ ਦੀਆਂ ਸਰਕਾਰਾਂ ਦੇ ਨੁਮਾਂਇੰਦਿਆਂ ਦਰਮਿਆਨ ਵੀ ਗੱਲਬਾਤ ਹੋਵੇਗੀ। ਇਸ ਨਾਲ ਅਫਗਾਨਿਸਤਾਨ ਦੇ ਰਾਜਨੀਤਕ ਭਵਿੱਖ ਸਬੰਧੀ ਫੈਂਸਲਾ ਹੋਵੇਗਾ। 

ਅੱਜ ਹੋਣ ਵਾਲੀ ਇਸ ਸੰਧੀ ਵਿਚ ਅਮਰੀਕਾ, ਤਾਲਿਬਾਨ ਅਤੇ ਅਫਗਾਨਿਸਤਾਨ ਸਰਕਾਰ ਤੋਂ ਇਲਾਵਾ 24 ਮੁਲਖਾਂ ਦੇ ਨੁਮਾਂਇੰਦਿਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।