ਯੂਨਾਈਟਿਡ ਅਕਾਲੀ ਦਲ ਨੇ ਕਾਂਗਰਸ ਦੀ ਸੰਭਾਵੀ ਉਮੀਦਵਾਰ ਨਵਜੋਤ ਕੌਰ ਸਿੱਧੂ ਦੇ ਸਮਰਥਨ ਦਾ ਐਲਾਨ ਕੀਤਾ

ਯੂਨਾਈਟਿਡ ਅਕਾਲੀ ਦਲ ਨੇ ਕਾਂਗਰਸ ਦੀ ਸੰਭਾਵੀ ਉਮੀਦਵਾਰ ਨਵਜੋਤ ਕੌਰ ਸਿੱਧੂ ਦੇ ਸਮਰਥਨ ਦਾ ਐਲਾਨ ਕੀਤਾ

ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦੀ ਦਾਅਵੇਦਾਰ ਨਵਜੋਤ ਕੌਰ ਸਿੱਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇੱਥੇ ਸੁਖਨਾ ਝੀਲ ਨਜ਼ਦੀਕ ਯੂਨਾਈਟਿਡ ਅਕਾਲੀ ਦਲ ਪਾਰਟੀ ਦੇ ਆਗੂ ਗੁਰਨਾਮ ਸਿੰਘ ਸਿੱਧੂ ਦੀ ਰਹਾਇਸ਼ ਵਿਖੇ ਹੋਏ ਇੱਕ ਇਕੱਠ ਵਿਚ ਇਹ ਐਲਾਨ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਪ੍ਰੋਫੈਸਰ ਮਨਜੀਤ ਸਿੰਘ ਸਮੇਤ ਕਈ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।
 
ਸੂਤਰਾਂ ਮੁਤਾਬਿਕ 2014 ਦੀਆਂ ਲੋਕ ਸਭਾ ਚੋਣਾਂ ਵਿਚ ਗੁਰਨਾਮ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੀ ਮਦਦ ਕੀਤੀ ਸੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸਿੱਧੂ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਚੰਡੀਗੜ੍ਹ ਦੀ ਨੁਮਾਇੰਦਗੀ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਦੀ ਮੁੱਖ ਤਰਜੀਹ ਰੁਜ਼ਗਾਰ ਦੀ ਸਮੱਸਿਆ ਨਾਲ ਨਜਿੱਠਣਾ ਹੋਵੇਗੀ। ਉਹ ਸ਼ਹਿਰ ਨੂੰ ਆਈਟੀ, ਪ੍ਰਾਹੁਣਚਾਰੀ, ਵਿਜ਼ੁਅਲ ਆਰਟਸ, ਮੈਡੀਕਲ ਟੂਰਿਜ਼ਮ ਆਦਿ ਦਾ ਵਿਸ਼ਵ ਪੱਧਰੀ ਹੱਬ ਬਣਾਉਣ ਦਾ ਯਤਨ ਕਰਨਗੇ। 

ਇਸ ਮੌਕੇ ਗੁਰਨਾਮ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਚੋਂ ਪੰਜਾਬੀਆਂ ਨੂੰ ਹੀ ਬੇਗਾਨੇ ਕਰ ਦਿੱਤਾ ਗਿਆ ਹੈ। ਇਥੋਂ ਉਜਾੜੇ ਪੰਜਾਬੀ ਪਿੰਡਾਂ ਦੇ ਵਸਨੀਕਾਂ ਦਾ ਮੁੜ ਵਸੇਬਾ ਨਹੀਂ ਕੀਤਾ ਗਿਆ ਅਤੇ ਪੰਜਾਬੀ ਬੋਲੀ ਦਾ ਵੀ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਸਦ ਮੈਂਬਰ ਕਿਰਨ ਖੇਰ ਸਮੇਤ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਅਤੇ ਆਪ ਉਮੀਦਵਾਰ ਹਰਮੋਹਨ ਧਵਨ ਨੇ ਪੰਜਾਬੀਆਂ ਨਾਲ ਹੋ ਰਹੇ ਧੱਕਿਆ ਵਿਰੁੱਧ ਆਵਾਜ਼ ਨਹੀਂ ਚੁੱਕੀ।

ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਤਿੰਨੇ ਆਗੂਆਂ ਨੇ ਵੋਟ ਰਾਜਨੀਤੀ ਤਹਿਤ ਹਮੇਸ਼ਾ ਪਰਵਾਸੀਆਂ ਦੇ ਮੁੜ ਵਸੇਬੇ ਦੀ ਰਾਜਨੀਤੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਦੇ ਪਤੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਲਈ ਕੀਤੇ ਉਪਰਾਲੇ ਕਾਰਨ ਉਹ ਡਾ. ਸਿੱਧੂ ਦੀ ਹਮਾਇਤ ’ਤੇ ਆਏ ਹਨ। 

ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਸਿੱਧੂ ਜੋੜੀ ਤੋਂ ਪੰਜਾਬੀਆਂ ਨੂੰ ਅਥਾਹ ਆਸਾਂ ਹਨ। ਪੰਜਾਬ ਦੇ ਲੋਕ ਮਹਿਸੂਸ ਕਰਦੇ ਹਨ ਕਿ ਸਿੱਧੂ ਜੋੜੀ ਲੁੱਟ ਤੇ ਕੁੱਟ ਦੀ ਰਾਜਨੀਤੀ ਨੂੰ ਠੱਲ੍ਹ ਪਾਉਣ ਦੇ ਸਮਰੱਥ ਹੈ। ਇਸ ਮੌਕੇ ਪੰਜਾਬੀ ਲੋਕ ਗਾਇਕਾ ਸੁਖੀ ਬਰਾੜ, ਡਾ. ਗੁਰਪ੍ਰੀਤ ਸੰਧੂ, ਮਨਜੀਤ ਜੌਹਲ, ਕੁਲਜੀਤ ਗਿੱਲ, ਰਿਮੀ ਗਿੱਲ ਵੀ ਮੌਜੂਦ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ