ਪਾਕਿਸਤਾਨ ਦੇ ਸਿੰਧ ਵਿਚ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ

ਪਾਕਿਸਤਾਨ ਦੇ ਸਿੰਧ ਵਿਚ ਹਿੰਦੂ ਕੁੜੀਆਂ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ

ਲਾਹੌਰ: ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬੀਤੇ ਦਿਨੀਂ ਹਿੰਦੂ ਪਰਿਵਾਰਾਂ ਦੀਆਂ ਦੋ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਤਬਦੀਲ ਕਰਾਉਣ ਮਗਰੋਂ ਨਿਕਾਹ ਪੜ੍ਹਾਉਣ ਦੇ ਮਾਮਲੇ ਵਿਚ ਪੁਲਿਸ ਨੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 

ਇਸ ਦੇ ਨਾਲ ਹੀ ਪੀੜਤ ਕੁੜੀਆਂ ਨੇ ਅਦਾਲਤ ਵਿਚ ਪਹੁੰਚ ਕਰਕੇ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਹਨਾਂ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾ ਕੇ ਨਿਕਾਹ ਕਰਵਾਇਆ ਹੈ। 

ਰਵੀਨਾ (13) ਅਤੇ ਰੀਨਾ (15) ਨੂੰ ਹੋਲੀ ਤੋਂ ਇਕ ਦਿਨ ਪਹਿਲਾਂ ਸਿੰਧ ਦੇ ਘੋਟਕੀ ਜ਼ਿਲ੍ਹੇ ’ਚ ਉਨ੍ਹਾਂ ਦੇ ਘਰ ਤੋਂ ਅਗਵਾ ਕੀਤਾ ਗਿਆ ਸੀ। ਮੌਲਵੀ ਵੱਲੋਂ ਉਨ੍ਹਾਂ ਦਾ ਨਿਕਾਹ ਪੜ੍ਹੇ ਜਾਣ ਦਾ ਵੀਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਸੁਰਖੀਆਂ ਵਿਚ ਆਇਆ ਸੀ। ਇਸ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਘਟਨਾ ਦੀ ਜਾਂਚ ਕਰਕੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। 

‘ਡਾਅਨ’ ਅਖਬਾਰ ਨੇ ਪੁਲੀਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਐਤਵਾਰ ਰਾਤ ਨੂੰ ਪੰਜਾਬ ਦੇ ਰਹੀਮ ਯਾਰ ਖ਼ਾਨ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਅਤੇ ਨਿਕਾਹ ਪੜ੍ਹਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜੋ ਪਾਕਿਸਤਾਨ ਸੁੰਨੀ ਤਹਿਰੀਕ ਦਾ ਆਗੂ ਹੈ। ਕੁੜੀਆਂ ਨਾਲ ਵਿਆਹ ਕਰਨ ਵਾਲੇ ਦੋਵੇਂ ਵਿਅਕਤੀਆਂ ਦੇ ਕੁਝ ਰਿਸ਼ਤੇਦਾਰਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਸ਼ੱਕੀਆਂ ਨੂੰ ਸਿੰਧ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। 

ਐਸਪੀ ਫਾਰੂਖ ਲਾਂਝਰ ਨੇ ਕੁੜੀਆਂ ਦੇ ਪਿਤਾ ਨੂੰ ਭਰੋਸਾ ਦਿਵਾਇਆ ਹੈ ਕਿ ਕੁੜੀਆਂ ਨੂੰ ਛੇਤੀ ਬਰਾਮਦ ਕਰ ਲਿਆ ਜਾਵੇਗਾ। ਉਧਰ ਜੀਓ ਟੀਵੀ ਦੀ ਰਿਪੋਰਟ ਮੁਤਾਬਕ ਕੁੜੀਆਂ ਨੇ ਪੰਜਾਬ ਸੂਬੇ ਦੀ ਬਹਾਵਲਪੁਰ ਅਦਾਲਤ ’ਚ ਆਪਣੀ ਸੁਰੱਖਿਆ ਲਈ ਪਹੁੰਚ ਕੀਤੀ ਹੈ। ਪਾਕਿਸਤਾਨ ’ਚ ਹਿੰਦੂ ਭਾਈਚਾਰੇ ਨੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਭਾਰੀ ਰੋਸ ਮੁਜ਼ਾਹਰੇ ਕੀਤੇ ਸਨ। 

ਪਾਕਿਸਤਾਨ ਹਿੰਦੂ ਪ੍ਰੀਸ਼ਦ ਦੇ ਮੁਖੀ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਰਮੇਸ਼ ਕੁਮਾਰ ਵਾਂਕਵਾਨੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਜਬਰੀ ਧਰਮ ਤਬਦੀਲੀ ਖ਼ਿਲਾਫ਼ ਬਿੱਲ ਪਹਿਲ ਦੇ ਆਧਾਰ ’ਤੇ ਪਾਸ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਅਗਲੇ ਇਜਲਾਸ ਦੌਰਾਨ ਉਹ ਇਸ ਸਬੰਧੀ ਮਤਾ ਵੀ ਪੇਸ਼ ਕਰਨਗੇ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ