ਅਮਰੀਕਾ ਵਿਚ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਦਾ ਦੇਸ਼ ਨਿਕਾਲਾ ਅਗਲੇ ਹਫਤੇ ਤੋਂ

ਅਮਰੀਕਾ ਵਿਚ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਦਾ ਦੇਸ਼ ਨਿਕਾਲਾ ਅਗਲੇ ਹਫਤੇ ਤੋਂ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ

ਵਸ਼ਿੰਗਟਨ (ਹੁਸਨ ਲੜੋਆ ਬੰਗਾ): ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਵਿਦੇਸ਼ੀਆਂ ਨੂੰ ਅਮਰੀਕਾ ਵਿਚੋਂ ਕੱਢਣ ਦਾ ਕੰਮ ਅਗਲੇ ਹਫਤੇ ਸ਼ੁਰੂ ਕਰ ਦੇਣਗੇ। ਰਾਸ਼ਟਰਪਤੀ ਨੇ ਟਵੀਟ ਕੀਤਾ ਹੈ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਏਜੰਸੀ (ਆਈ ਸੀ ਈ) ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ, ਜਿਨਾਂ ਨੇ ਇਥੇ ਆਉਣ ਲਈ ਗਲਤ ਰਸਤਾ ਚੁਣਿਆ ਹੈ, ਨੂੰ ਦੇਸ਼ ਵਿਚੋਂ ਕੱਢਣ ਦੀ ਕਾਰਵਾਈ ਅਗਲੇ ਹਫਤੇ ਸ਼ੁਰੂ ਕਰ ਦੇਵੇਗੀ। 

ਉਨਾਂ ਨੇ ਆਈ ਸੀ ਈ ਦੇ ਹਵਾਲੇ ਨਾਲ ਲਿਖਿਆ ਹੈ ਕਿ ਵਿਦੇਸ਼ੀ ਜਿੰਨੀ ਤੇਜੀ ਨਾਲ ਇਥੇ ਆਏ ਸਨ, ਉਨ੍ਹਾਂ ਨੂੰ ਓਨੀ ਤੇਜੀ ਨਾਲ ਵਾਪਿਸ ਭੇਜ ਦਿੱਤਾ ਜਾਵੇਗਾ। ਇਕ ਅੰਦਾਜੇ ਅਨੁਸਾਰ ਅਮਰੀਕਾ ਵਿਚ 1 ਕਰੋੜ 20 ਲੱਖ ਗੈਰ ਕਾਨੂੰਨੀ ਪ੍ਰਵਾਸੀ ਹਨ।  ਇਹ ਮੁੱਖ ਤੌਰ ‘ਤੇ ਮੈਕਸੀਕੋ ਤੇ ਸੈਂਟਰਲ ਅਮਰੀਕੀ ਦੇਸ਼ਾਂ ਵਿਚੋਂ ਆਏ ਹਨ। 

ਇਥੇ ਵਰਣਨਯੋਗ ਹੈ ਕਿ ਇਸ ਮਹੀਨੇ ਹੋਏ ਇਕ ਸਮਝੌਤੇ ਤਹਿਤ ਮੈਕਸੀਕੋ ਉਨ੍ਹਾਂ ਸੈਂਟਰਲ ਅਮਰੀਕਨ ਪ੍ਰਵਾਸੀਆਂ ਨੂੰ ਵਾਪਿਸ ਲੈਣ ਲਈ ਸਹਿਮਤ ਹੋ ਗਿਆ ਸੀ ਜੋ ਅਮਰੀਕੀ ਸ਼ਰਨ ਦੀ ਉਡੀਕ ਵਿਚ ਹਨ। ਇਸ ਸਮਝੌਤੇ ਤਹਿਤ ਸੈਂਟਰਲ ਅਮਰੀਕਨ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਮੈਕਸੀਕੋ ਸਰਹੱਦ ਉਪਰ ਨੈਸ਼ਨਲ ਗਾਰਡ ਤਾਇਨਾਤ ਕਰੇਗਾ।  ਮੈਕਸੀਕੋ ਨੇ ਇਹ ਸਮਝੌਤਾ ਡੋਨਲਡ ਟਰੰਪ ਦੀ ਉਸ ਚਿਤਾਵਨੀ ਤੋਂ ਬਾਅਦ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਮੈਕਸੀਕੋ ਤੋਂ ਹੁੰਦੀ ਦਰਾਮਦ ਉਪਰ ਭਾਰੀ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਸੀ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ