ਵਿਵਾਦਾਂ ‘ਚ ਘਿਰੇ ਸਰਦਾਰ ਸਰਵੋਰ ਡੈਮ ਦਾ ਮੋਦੀ ਨੇ ਕੀਤਾ ਉਦਘਾਟਨ

ਵਿਵਾਦਾਂ ‘ਚ ਘਿਰੇ ਸਰਦਾਰ ਸਰਵੋਰ ਡੈਮ ਦਾ ਮੋਦੀ ਨੇ ਕੀਤਾ ਉਦਘਾਟਨ

ਕੇਵਾੜੀਆ ਵਿੱਚ ਸਰਦਾਰ ਸਰੋਵਰ ਡੈਮ ਦੇ ਉਦਘਾਟਨ ਦੌਰਾਨ ਨਰਮਦਾ ਨਦੀ ਦੀ ਪੂਜਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। 

ਦਭੋਈ (ਗੁਜਰਾਤ)/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਰਮਦਾ ਨਦੀ ਉੱਤੇ ਸਥਿਤ ਕਈ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੇ ਸਰਦਾਰ ਸਰੋਵਰ ਡੈਮ ਦਾ ਇੱਥੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਵਿੱਚ ਅਜਿਹਾ ਕੋਈ ਹੋਰ ਪ੍ਰਾਜੈਕਟ ਨਹੀਂ ਜਿਸ ਨੇ ਇੰਜਨੀਅਰਿੰਗ ਦੇ ਇਸ ਚਮਤਕਾਰ ਜਿੰਨੇ ਅੜਿੱਕਿਆਂ ਦਾ ਸਾਹਮਣਾ ਕੀਤਾ ਹੋਵੇ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਰੋਕਣ ਲਈ ਸਾਜ਼ਿਸ਼ਾਂ ਰਚੀਆਂ। ਉਨ੍ਹਾਂ ਕਿਹਾ ਕਿ ਡੈਮ ਬਣਾਉਣ ਦਾ ਵਿਚਾਰ ਕਰੀਬ ਛੇ ਦਹਾਕੇ ਪਹਿਲਾਂ ਉਪਜਿਆ। ਇਹ ਸਰਦਾਰ ਪਟੇਲ ਦਾ ਸੁਫ਼ਨਾ ਸੀ। ਇਹ ਡੈਮ ਦੇਸ਼ ਦੇ ਉਭਰਦੇ ਹੁਨਰ ਦਾ ਪ੍ਰਤੀਕ ਬਣੇਗਾ ਅਤੇ ਖੇਤਰ ਦੇ ਵਿਕਾਸ ਵਿੱਚ ਤੇਜ਼ੀ ਲਈ ਸਹਾਇਕ ਹੋਵੇਗਾ। ਡੈਮ ਵਾਲੀ ਥਾਂ ਤੋਂ 55 ਕਿਲੋਮੀਟਰ ਦੂਰ ਵੜੋਦਰਾ ਜ਼ਿਲ੍ਹੇ ਦੇਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਵਿੱਚ ਅਜਿਹਾ ਕੋਈ ਹੋਰ ਪ੍ਰਾਜੈਕਟ ਨਹੀ ਜਿਸ ਨੂੰ ਸਰਦਾਰ ਸਰੋਵਰ ਡੈਮ ਪ੍ਰਾਜੈਕਟ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਅਸੀਂ ਡੈਮ ਨੂੰ ਸਿਰੇ ਚਾੜ੍ਹਨ ਲਈ ਦ੍ਰਿੜ ਨਿਸਚਾ ਕਰ ਲਿਆ ਸੀ। ਆਪਣੇ 67ਵੇਂ ਜਨਮ ਦਿਨ ਮੌਕੇ ਰਾਸ਼ਟਰ ਨੂੰ ਡੈਮ ਸਮਰਪਿਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਸਰਦਾਰ ਸਰੋਵਰ ਭਾਰਤ ਦੀ ਨਵੀਂ ਅਤੇ ਉਭਰਦੀ ਸ਼ਕਤੀ ਦਾ ਪ੍ਰਤੀਕ ਸਿੱਧ ਹੋਵੇਗਾ। ਇਸ ਦੇ ਨਾਲ ਇਸ ਖਿੱਤੇ ਵਿੱਚ ਵੱਡੇ ਪੱਧਰ ਉੱਤੇ ਖੁਸ਼ਹਾਲੀ ਆਵੇਗੀ। ਪ੍ਰਧਾਨ ਮੰਤਰੀ ਨੇ ਡੈਮ ਵਿੱਚ ਅੜਿੱਕੇ ਪਾਉਣ ਵਾਲੇ ਲੋਕਾਂ ਨੂੰ ਅਸਿੱਧੇ ਤੌਰ ਉੱਤੇ ਰਗੜੇ ਲਾਏ ਅਤੇ ਕਿਹਾ ਕਿ ਉਹ ਸਭ ਦੇ ਕੱਚੇ ਚਿੱਠੇ ਜਾਣਦੇ ਹਨ ਪਰ ਉਨ੍ਹਾਂ ਦੇ ਨਾਂ ਨਹੀ ਲੈਣਗੇ ਕਿਉਂਕ ਉਹ ਉਨ੍ਹਾਂ ਵਾਲੇ ਰਸਤੇ ਉੱਤੇ ਨਹੀਂ ਚੱਲਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਜਦੋਂ ਵਿਸ਼ਵ ਬੈਂਕ ਨੇ ਸਰਦਾਰ ਸਰੋਵਰ ਯੋਜਨਾ ਲਈ ਰਾਸ਼ੀ ਨਾ ਦਿੱਤੀ ਤਾਂ ਗੁਜਰਾਤ ਦੇ ਮੰਦਰਾਂ ਨੇ ਦਾਨ ਦਿੱਤਾ।
ਡੈਮ ਕਾਰਨ ਉਜੜੇ ਕਬਾਇਲੀ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਦਿੱਤੀ ਕੁਰਬਾਨੀ ਨੂੰ ਦੇਸ਼ ਯਾਦ ਰੱਖੇਗਾ। ਮੋਦੀ ਨੇ ਕਿਹਾ ਕਿ ਇਸ ਪ੍ਰਾਜੈਕਟ ਵਿਰੁੱਧ ਵੱਡੇ ਪੱਧਰ ਉੱਤੇ ਗੁਮਰਾਹਕੁਨ ਮੁਹਿੰਮ ਚਲਾਈ ਗਈ। ਵਿਸ਼ਵ ਬੈਂਕ ਜੋ ਪਹਿਲਾਂ ਫੰਡ ਦੇਣ ਲਈ ਰਾਜ਼ੀ ਹੋ ਗਿਆ ਸੀ, ਨੇ ਡੈਮ ਦੀ ਉਸਾਰੀ ਨਾਲ ਵਾਤਾਵਰਣ ਫਿਕਰਮੰਦੀਆਂ ਨੂੰ ਸਾਹਮਣੇ ਰੱਖਦਿਆਂ ਕਰਜ਼ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਅਸੀਂ ਆਪਣੇ ਬਲਬੂਤੇ ਜਿਵੇਂ ਕਿਵੇਂ ਇਸ ਪ੍ਰਾਜੈਕਟ ਨੂੰ ਸਿਰੇ ਲਾ ਦਿੱਤਾ। ਸਰਦਾਰ ਵੱਲਭ ਭਾਈ ਪਟੇਲ ਅਤੇ ਡਾਕਟਰ ਬੀਆਰ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜਦੋਂ ਸਰਦਾਰ ਸਰੋਵਰ ਦਾ ਉਦਘਾਟਨ ਹੋ ਗਿਆ ਹੈ ਤਾਂ ਸਰਦਾਰ ਪਟੇਲ ਦੀ ਆਤਮਾ ਵੀ ਖੁਸ਼ ਹੋਵੇਗੀ। ਉਨ੍ਹਾਂ ਨੇ 75 ਸਾਲ ਪਹਿਲਾਂ ਇਸ ਡੈਮ ਦੀ ਉਸਾਰੀ ਦਾ ਸੁਪਨਾ ਲਿਆ ਸੀ। ਉਨ੍ਹਾਂ ਕਿਸਾਨਾਂ ਦੀ ਬਿਹਤਰੀ ਬਾਰੇ ਸੋਚਿਆ ਸੀ।
ਉਨ੍ਹਾਂ ਕਿਹਾ ਕਿ ਇਸ ਡੈਮ ਦੇ ਨਾਲ 700 ਕਿਲੋਮੀਟਰ ਦੂਰ ਪਾਕਿਸਤਾਨ ਦੀ ਸਰਹੱਦ ਤੱਕ ਪਾਣੀ ਜਾਵੇਗਾ। ਡੈਮ ਨਾਲ ਨਾ ਸਿਰਫ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਿਸਾਨਾਂ ਨੂੰ ਪਾਣੀ ਮਿਲੇਗਾ ਸਗੋਂ ਇਹ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਵੀ ਪਿਆਸ ਬੁਝਾਏਗਾ। ਉਨ੍ਹਾਂ ਕਿਹਾ ਕਿ ਪੱਛਮੀ ਭਾਰਤ ਵਿੱਚ ਪਾਣੀ ਦੀ ਘਾਟ ਹੈ, ਪੂਰਬ ਵਿੱਚ ਬਿਜਲੀ ਅਤੇ ਗੈਸ ਸਪਲਾਈ ਦੀ ਕਿਲਤ ਹੈ ਅਤੇ ਉਹ ਇਨ੍ਹਾਂ ਥੁੜ੍ਹਾਂ ਦੀ ਪੂਰਤੀ ਲਈ ਸਰਗਰਮ ਹਨ। ਸਰਦਾਰ ਸਰੋਵਰ 9633 ਪਿੰਡਾਂ ਦੀ ਪਿਆਸ ਬੁਝਾਏਗਾ।
‘ਮੈਂ ਛੋਟਾ ਸੁਪਨਾ ਨਹੀਂ ਲੈਂਦਾ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਾ ਛੋਟੋ ਸੁਪਨੇ ਲੈਂਦੇ ਹਨ, ਨਾ ਛੋਟਾ ਸੋਚਦੇ ਹਨ। ਉਨ੍ਹਾਂ ਦੇ ਨਾਲ ਦੇਸ਼ ਦੇ ਸਵਾ ਅਰਬ ਲੋਕ ਹਨ। ਉਹ ਛੋਟੀ ਸੋਚ ਨਹੀਂ ਰੱਖ ਸਕਦੇ।
ਮੇਧਾ ਦਾ ਸਤਿਆਗ੍ਰਹਿ ਜਾਰੀ
ਬਰਵਾਨੀ (ਮੱਧ ਪ੍ਰਦੇਸ਼) : ਨਰਮਦਾ ਬਚਾਓ ਅੰਦੋਲਨ ਦੀ ਬਾਨੀ ਮੇਧਾ ਪਾਟੇਕਰ ਵੱਲੋਂ ਡੈਮ ਦੀ ਉਸਾਰੀ ਕਾਰਨ ਉਜੜਨ ਵਾਲੇ 40, 000 ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤਾ ਅੰਦੋਲਨ ਜਾਰੀ ਹੈ। ਡੈਮ ਦੇ ਵਿਰੋਧ ਵਿੱਚ ਕਈ ਥਾਵਾਂ ਉੱਤੇ ਮੱਧ ਪ੍ਰਦੇਸ਼ ਵਿੱਚ ਮੁਜ਼ਾਹਰੇ ਹੋਏ। ਇਹ ਅੰਦਾਜ਼ਾ ਹੈ ਕਿ ਸਰਦਾਰ ਸਰੋਵਰ ਵਿੱਚ ਪਾਣੀ ਵਧਣ ਦੇ ਨਾਲ ਡੈਮ ਵਾਲੇ ਇਲਾਕੇ ਵਿੱਚ ਇੱਕ ਕਸਬਾ ਅਤੇ 192 ਪਿੰਡ ਡੈਮ ਵਿੱਚ ਸਮਾ ਜਾਣਗੇ। ਇਨ੍ਹਾਂ ਪਿੰਡਾਂ ਦੇ 40 ਹਜ਼ਾਰ ਲੋਕਾਂ ਨੂੰ ਉਜੜਨਾ ਪਵੇਗਾ। ਪਾਟੇਕਰ ਨੇ ਦੋਸ਼ ਲਾਇਆ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਡੈਮ ਕਾਰਨ ਉਜੜਨ ਵਾਲਿਆਂ ਦੇ ਮੁੜ ਵਸੇਬੇ ਲਈ ਕੋਈ ਯਤਨ ਨਹੀਂ ਕੀਤੇ ਗਏ ਅਤੇ ਨਾ ਹੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਵਿਕਾਸ ਨੂੰ ਬਦਕਿਸਮਤ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਦੇ ਮੁੜ ਵਸੇਬੇ ਤਕ ਡੈਮ ਵਿੱਚ ਪਾਣੀ ਰੋਕ ਦੇਣਾ ਚਾਹੀਦਾ ਹੈ। ਉਨਾਂ ਦੋਸ਼ ਲਾਇਆ ਕਿ ਗੁਜਰਾਤ ਚੋਣਾਂ ਲਈ ਮੱਧ ਪ੍ਰਦੇਸ਼ ਦੇ ਹਜ਼ਾਰਾਂ ਲੋਕਾਂ ਦਾ ਜੀਵਨ ਜ਼ੋਖਮ ਵਿੱਚ ਪਾ ਦਿੱਤਾ ਗਿਆ ਹੈ।