ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਤਿਆਰ

ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ   ਦੀ ਰਾਖੀ ਲਈ ਹਮੇਸ਼ਾ ਤਿਆਰ

ਧਾਰਮਿਕ ਅਸਥਾਨਾਂ ਦੀ ਸੁਰਖਿਆ ਵਧਾਉਣ ਦਾ ਕੀਤਾ ਐਲਾਨ

*ਟਰੂਡੋ ਦੇ ਭਾਸ਼ਣ ਦੌਰਾਨ ਲੱਗੇ ਖਾਲਿਸਤਾਨ ਪੱਖੀ ਨਾਅਰੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਓਟਵਾ: ਟੋਰਾਂਟੋ ਵਿੱਚ ਬੀਤੇ ਦਿਨੀਂ ਸਾਲਾਨਾ ਖਾਲਸਾ ਦਿਵਸ ਸਮਾਗਮਾਂ ਲਈ ਹਜ਼ਾਰਾਂ ਸਿੱਖ ਇਕੱਠੇ ਹੋਏ। ਓਨਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਅਨੁਸਾਰ ਇਹ ਖਾਲਸਾ ਸਾਜਨਾ ਦਿਵਸ ਅਤੇ ਸਿੱਖਾਂ ਦੇ ਨਵੇਂ ਸਾਲ ਦੇ ਮੌਕੇ 'ਤੇ ਮਨਾਇਆ ਗਿਆ। ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ। ਜਸਟਿਨ ਟਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਨਾਲ ਕੀਤੀ। ਇਸ ਦੌਰਾਨ ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਦੇ ਭਾਸ਼ਣ ਦੌਰਾਨ ਖਾਲਿਸਤਾਨ ਸਮਰਥਕਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ।

ਪਿਛਲੇ ਸਾਲ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਜਸਟਿਨ ਟਰੂਡੋ ਨੇ ਭਾਰਤ 'ਤੇ ਕੈਨੇਡਾ ਵਿਚ ਵੱਖਵਾਦੀ ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਇਆ ਸੀ। ਟਰੂਡੋ ਨੇ ਕਿਹਾ, "ਅਸੀਂ ਅੱਜ ਇੱਥੇ ਇਹ ਯਾਦ ਰੱਖਣ ਲਈ ਇਕੱਠੇ ਹੋਏ ਹਾਂ ਕਿ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਇਸਦੀ ਵਿਭਿੰਨਤਾ ਹੈ।" ਅਸੀਂ ਆਪਣੇ ਮਤਭੇਦਾਂ ਦੇ ਬਾਵਜੂਦ ਨਹੀਂ, ਸਗੋਂ ਆਪਣੇ ਮਤਭੇਦਾਂ ਕਾਰਨ ਮਜ਼ਬੂਤ ਹਾਂ।

ਟਰੂਡੋ ਨੇ ਕਿਹਾ ਕਿ ਸਾਨੂੰ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਸਿੱਖ ਕਦਰਾਂ-ਕੀਮਤਾਂ ਕੈਨੇਡੀਅਨ ਕਦਰਾਂ-ਕੀਮਤਾਂ ਹਨ। ਸੱਚ, ਨਿਆਂ, ਖੁੱਲਾਪਣ, ਦਇਆ, ਸੇਵਾ, ਮਨੁੱਖੀ ਅਧਿਕਾਰ। ਇਹ ਸਿੱਖੀ ਦੀਆਂ ਕਦਰਾਂ-ਕੀਮਤਾਂ ਹਨ। ਇਹ ਸਿੱਖ ਕੈਨੇਡੀਅਨ ਭਾਈਚਾਰਿਆਂ ਦੇ ਦਿਲ ਦੀਆਂ ਕਦਰਾਂ ਕੀਮਤਾਂ ਹਨ। ਉਨ੍ਹਾਂ ਅੱਗੇ ਕਿਹਾ, 'ਸਿੱਖ ਵਿਰਾਸਤ ਦੇ ਲਗਭਗ 8 ਲੱਖ ਕੈਨੇਡੀਅਨ ਇੱਥੇ ਰਹਿੰਦੇ ਹਨ। ਅਸੀਂ ਤੁਹਾਡੇ ਅਧਿਕਾਰਾਂ ਅਤੇ ਤੁਹਾਡੀ ਆਜ਼ਾਦੀ ਦੀ ਰੱਖਿਆ ਲਈ ਹਮੇਸ਼ਾ ਮੌਜੂਦ ਰਹਾਂਗੇ। ਇਸ ਲਈ, ਅਸੀਂ ਸੁਰੱਖਿਆ ਬੁਨਿਆਦੀ ਢਾਂਚੇ ਦੇ ਪ੍ਰੋਗਰਾਮ ਮਜਬੂਤ ਕਰ ਰਹੇ ਹਾਂ।ਸਾਰੇ ਗੁਰਦੁਆਰਿਆਂ ਸਮੇਤ ਕਮਿਊਨਿਟੀ ਸੈਂਟਰਾਂ ਅਤੇ ਧਾਰਮਿਕ ਅਸਥਾਨਾਂ ਦੀ ਸੁਰਖਿਆ ਵਧਾ ਰਹੇ ਹਾਂ।

 ਟਰੂਡੋ ਨੇ ਅੰਮ੍ਰਿਤਸਰ ਸਮੇਤ ਭਾਰਤ ਲਈ ਹੋਰ ਉਡਾਣਾਂ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਡਰ ਦੇ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਬਿਲਕੁਲ ਮੌਲਿਕ ਅਧਿਕਾਰ ਦੇ ਬਰਾਬਰ ਹੈ, ਜਿਸ ਦੀ ਗਾਰੰਟੀ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਵਿੱਚ ਦਿੱਤੀ ਗਈ ਹੈ। ਅਸੀਂ ਤੁਹਾਡੇ ਨਾਲ ਖੜੇ ਹੋਵਾਂਗੇ। ਓਨਟਾਰੀਓ ਸਿੱਖ ਅਤੇ ਗੁਰਦੁਆਰਾ ਕੌਂਸਲ ਹਰ ਸਾਲ ਇੱਕ ਖਾਲਸਾ ਪਰੇਡ ਦਾ ਆਯੋਜਨ ਕਰਦੀ ਹੈ, ਜਿਸ ਵਿੱਚ ਦੂਰੋਂ-ਦੂਰੋਂ ਹਜ਼ਾਰਾਂ ਸੰਗਤਾਂ ਸ਼ਾਮਲ ਹੁੰਦੀਆਂ ਹਨ। ਇਸ ਦੌਰਾਨ ਲੰਗਰ ਕੀਤਾ ਜਾਂਦਾ ਹੈ। ਸਿੱਖ ਇਥੇ ਅਰਦਾਸ ਕਰਦੇ ਹਨ।