ਕੈਨੇਡਾ ਦੇ ਸਿਸਟਮ ਦੀ ਵਿਲੱਖਣਤਾ ਬਨਾਮ ਭਾਰਤ

ਕੈਨੇਡਾ ਦੇ ਸਿਸਟਮ ਦੀ  ਵਿਲੱਖਣਤਾ ਬਨਾਮ ਭਾਰਤ

ਕੈਨੇਡਾ ਦੁਨੀਆ ਦਾ ਇਕ ਅਜਿਹਾ ਹੀ ਮੁਲਕ ਹੈ ਜਿਸ ਦੀ ਆਪਣੀ ਵੱਖਰੀ ਪਛਾਣ ਹੈ। ਬਹੁਤ ਸਾਰੀਆਂ ਅਜਿਹੀਆਂ ਵਿਸ਼ੇਸ਼ ਗੱਲਾਂ ਹਨ ਜਿਨ੍ਹਾਂ ਤੋਂ ਪ੍ਰੇਰਿਤ ਹੋ ਕੇ ਦੂਜੇ ਦੇਸ਼ਾਂ ਦੇ ਲੋਕ ਆਪਣੇ ਮੁਲਕ ਨੂੰ ਛੱਡਕੇ ਇੱਥੇ ਵਸਣ ਨੂੰ ਪਹਿਲ ਦਿੰਦੇ ਹਨ।

ਇਸ ਮੁਲਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦਾ ਸੁਹੱਪਣ, ਸ਼ੁੱਧ ਹਵਾ, ਪਾਣੀ, ਚਾਰੇ ਪਾਸੇ ਸਾਫ਼-ਸਫ਼ਾਈ, ਬੂਟਿਆਂ ਅਤੇ ਫੁੱਲਾਂ ਦੀ ਭਰਮਾਰ, ਸਜੇ-ਫਬੇ ਪਾਰਕ, ਹਰਿਆ-ਭਰਿਆ ਵਾਤਾਵਰਨ ਤੇ ਕਿਸੇ ਪਾਸੇ ਕੋਈ ਗੰਦਗੀ ਨਹੀਂ, ਇਸ ਗੱਲ ਦਾ ਸਬੂਤ ਹਨ ਕਿ ਇੱਥੋਂ ਦੀਆਂ ਸਰਕਾਰਾਂ ਤੇ ਲੋਕ ਧਰਤੀ, ਕੁਦਰਤ ਨੂੰ ਪਿਆਰ ਕਰਦੇ ਹਨ ਤੇ ਵਾਤਾਵਰਨ ਪ੍ਰੇਮੀ ਹਨ।

ਇੱਕੋ ਜਿਹੇ ਸੋਹਣੇ-ਸੋਹਣੇ ਘਰ, ਉਨ੍ਹਾਂ ਅੱਗੇ ਲੱਗੇ ਫੁੱਲ-ਬੂਟੇ, ਇੱਕੋ ਜਿਹੀਆਂ ਖੁੱਲ੍ਹੀਆਂ ਸੜਕਾਂ ਤੇ ਸਰਕਾਰੀ ਜਗ੍ਹਾ ’ਤੇ ਕੋਈ ਕਬਜ਼ਾ ਨਹੀਂ। ਇਹ ਵੀ ਇਸ ਮੁਲਕ ਦੇ ਸੁਹੱਪਣ ਨੂੰ ਚਾਰ ਚੰਨ ਲਾਉਂਦੇ ਹਨ। ਸਰਕਾਰਾਂ ਅਤੇ ਲੋਕ ਸਮੇਂ ਦੀ ਕਦਰ ਕਰਨਾ ਜਾਣਦੇ ਹਨ। ਹਸਪਤਾਲਾਂ, ਬੈਕਾਂ, ਦਫ਼ਤਰਾਂ, ਸੈਲੂਨਾਂ ਅਤੇ ਹੋਰ ਥਾਵਾਂ ’ਤੇ ਜਾਣ ਤੋਂ ਪਹਿਲਾਂ ਸਮਾਂ ਲੈਣਾ ਪੈਂਦਾ ਹੈ। ਬਿਨਾਂ ਸਮਾਂ ਲਏ ਤੁਹਾਨੂੰ ਕੋਈ ਵੀ ਵਿਅਕਤੀ ਮਿਲੇਗਾ ਨਹੀਂ। ਇਸੇ ਕਾਰਨ ਨਾ ਲੋਕਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ ਤੇ ਨਾ ਹੀ ਭੀੜ ਹੁੰਦੀ ਹੈ। ਸਾਡੇ ਦੇਸ਼ ਵਾਂਗ ਲੋਕ ਸਮਾਂ ਬਰਬਾਦ ਨਹੀਂ ਕਰਦੇ। ਤੁਹਾਨੂੰ ਕੋਈ ਵਿਅਕਤੀ ਵਿਹਲਾ ਨਹੀਂ ਮਿਲੇਗਾ। ਇੱਥੇ ਬਿਨਾਂ ਪੁੱਛੇ ਤੇ ਸਮਾਂ ਲਏ ਕੋਈ ਕਿਸੇ ਦੇ ਘਰ ਨਹੀਂ ਜਾਂਦਾ। ਲੋਕ ਪੰਜ ਦਿਨ ਕੰਮ ਕਰਦੇ ਹਨ ਤੇ ਦੋ ਦਿਨ ਸ਼ਨਿਚਰਵਾਰ ਤੇ ਐਤਵਾਰ ਨੂੰ ਆਪਣੇ ਘਰ ਦੇ ਕੰਮ ਕਰਦੇ ਹਨ ਤੇ ਘੁੰਮਣ-ਫਿਰਨ ਜਾਂਦੇ ਹਨ। ਇਸ ਮੁਲਕ ਵਿਚ ਸਾਰੇ ਕੰਮ ਇਕ ਬਰਾਬਰ ਹਨ। ਸਾਰੇ ਕੰਮ ਆਪਣੇ ਹੱਥੀਂ ਕਰਨੇ ਪੈਂਦੇ ਹਨ। ਬੱਚਿਆਂ ਅਤੇ ਔਰਤਾਂ ਦਾ ਨੌਕਰਾਂ ਦੇ ਰੂਪ ਵਿਚ ਸ਼ੋਸ਼ਣ ਨਹੀਂ ਕੀਤਾ ਜਾ ਸਕਦਾ। ਘਰਾਂ ਅਤੇ ਦੁਕਾਨਾਂ ’ਤੇ ਨੌਕਰ ਨਹੀਂ ਰੱਖੇ ਜਾ ਸਕਦੇ। ਘਰਾਂ ਵਿਚ ਰੱਖੀ ਨੈਨੀ (ਨੌਕਰਾਣੀ) ਨੂੰ ਸਰਕਾਰੀ ਕਾਨੂੰਨ ਅਨੁਸਾਰ 16.75 ਡਾਲਰ ਪ੍ਰਤੀ ਘੰਟਾ ਦੇਣੇ ਪੈਂਦੇ ਹਨ ਜੋ ਕਿ ਆਮ ਬੰਦਾ ਨਹੀਂ ਦੇ ਸਕਦਾ। ਇਸ ਮੁਲਕ ਵਿਚ ਬੱਚਿਆਂ ਪ੍ਰਤੀ ਸਰਕਾਰ ਦੇ ਕਾਨੂੰਨ ਬਹੁਤ ਸਖ਼ਤ ਹਨ। ਇੱਥੇ ਬੱਚਿਆਂ ਦੀ ਪੜ੍ਹਾਈ, ਸਾਂਭ-ਸੰਭਾਲ, ਪਾਲਣ-ਪੋਸ਼ਣ ਤੇ ਸਿਹਤ ਪ੍ਰਤੀ ਸਰਕਾਰਾਂ ਬਹੁਤ ਸਖ਼ਤ ਤੇ ਸੰਜੀਦਾ ਹਨ। ਇੱਥੇ ਬੱਚੇ ਕੇਵਲ ਪੈਦਾ ਨਹੀਂ ਕੀਤੇ ਜਾਂਦੇ ਸਗੋਂ ਉਨ੍ਹਾਂ ਪ੍ਰਤੀ ਮਾਂ-ਬਾਪ ਨੂੰ ਬਣਦੇ ਫ਼ਰਜ਼ ਵੀ ਨਿਭਾਉਣੇ ਪੈਂਦੇ ਹਨ।

ਗੱਡੀ ’ਚ ਸਫ਼ਰ ਕਰਦਿਆਂ ਬੱਚਿਆਂ ਨੂੰ ਗੋਦੀ ਵਿਚ ਨਹੀਂ ਬਿਠਾਇਆ ਜਾ ਸਕਦਾ। ਉਨ੍ਹਾਂ ਦੇ ਬੈਠਣ ਲਈ ਅੱਡ ਸੀਟ ਬਣੀ ਹੁੰਦੀ ਹੈ। ਘਰਾਂ ’ਚ ਬੱਚਿਆਂ ਨੂੰ ਸੁਲਾਉਣ ਲਈ ਅੱਡ ਬੈੱਡ ਲਗਾਉਣਾ ਪੈਂਦਾ ਹੈ। ਬੱਚੇ ਦੇ ਪਾਲਣ-ਪੋਸ਼ਣ ’ਚ ਕੀਤੀ ਜਾਣ ਵਾਲੀ ਲਾਪਰਵਾਹੀ ਲਈ ਸਖ਼ਤ ਸਜ਼ਾ ਹੈ। ਬੱਚੇ ਨੂੰ ਸਰਕਾਰੀ ਨਿਗਰਾਨੀ ’ਚ ਰੱਖਣ ਲਈ ਲੈ ਜਾਂਦੇ ਹਨ। ਡਾਕਟਰ ਦੀ ਸਲਾਹ ਤੋਂ ਬਿਨਾਂ ਬੱਚਿਆਂ ਨੂੰ ਕੋਈ ਦਵਾਈ ਨਹੀਂ ਦਿੱਤੀ ਜਾ ਸਕਦੀ। ਘਰਾਂ ਅਤੇ ਸਕੂਲਾਂ ’ਚ ਬੱਚਿਆਂ ਨੂੰ ਮਾਰਨ, ਝਿੜਕਣ ’ਤੇ ਬੱਚਿਆਂ ਵੱਲੋਂ ਫੋਨ ਕੀਤੇ ਜਾਣ ’ਤੇ ਪੁਲਿਸ ਕਾਰਵਾਈ ਕਰਦੀ ਹੈ। ਬੱਚੇ ਦੇ ਪੈਦਾ ਹੁੰਦੇ ਹੀ ਮਾਪਿਆਂ ਦੀ ਆਮਦਨ ਅਨੁਸਾਰ ਉਸ ਨੂੰ ਸਰਕਾਰ ਵੱਲੋਂ ਖ਼ਰਚ ਮਿਲਣ ਲੱਗ ਪੈਂਦਾ ਹੈ। ਬੱਚਿਆਂ ਦੀ ਸਕੂਲੀ ਪੜ੍ਹਾਈ ਬਿਲਕੁਲ ਮੁਫ਼ਤ ਹੈ। ਸਕੂਲਾਂ ਵਿਚ ਬੱਚਿਆਂ ਦੇ ਦਿਮਾਗ ਉੱਤੇ ਕੋਈ ਬੋਝ ਨਹੀਂ ਪਾਇਆ ਜਾਂਦਾ। ਉਨ੍ਹਾਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਸਰਕਾਰ ਦੇਸ਼ ਦੇ ਨਾਗਰਿਕਾਂ ਤੋਂ ਜੇਕਰ 30% ਟੈਕਸ ਲੈਂਦੀ ਹੈ ਤਾਂ ਸਹੂਲਤਾਂ ਵੀ ਪੂਰੀਆਂ ਦਿੰਦੀ ਹੈ। ਪੁਲਿਸ, ਪ੍ਰਸ਼ਾਸਨ, ਅਦਾਲਤਾਂ ਸਖ਼ਤ ਹਨ। ਕਾਨੂੰਨ ਤੋੜਨ ’ਤੇ ਸਿਫ਼ਾਰਸ਼ਾਂ ਨਹੀਂ ਚੱਲਦੀਆਂ ਸਗੋਂ ਕਾਨੂੰਨ ਮੁਤਾਬਕ ਸਜ਼ਾ ਮਿਲਦੀ ਹੈ। ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਲਾਇਸੈਂਸ ਤੋਂ ਬਿਨਾਂ ਕੋਈ ਵੀ ਕੰਮ-ਧੰਦਾ ਕਰਨ ਦੀ ਇਜਾਜ਼ਤ ਨਹੀਂ। ਟਰੈਫਿਕ ਨਿਯਮ ਸਖ਼ਤ ਹਨ ਤੇ ਲੋਕਾਂ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ। ਦੁਰਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਬੱਚਿਆਂ, ਬਜ਼ੁਰਗਾਂ, ਪੈਦਲ ਚੱਲਣ ਵਾਲਿਆਂ ਨੂੰ ਸੜਕੀ ਨਿਯਮਾਂ ਵਿਚ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਸੜਕਾਂ ’ਤੇ ਥਾਂ-ਥਾਂ ਟੋਲ ਪਲਾਜ਼ੇ ਨਹੀਂ ਹਨ। ਟੋਲ ਪਲਾਜ਼ੇ ਬਿਲਕੁਲ ਨਾਮਾਤਰ ਹਨ ਜਿਨ੍ਹਾਂ ਦੀ ਫੀਸ ਚੱਲਦੀਆਂ ਗੱਡੀਆਂ ਵਿਚ ਅਦਾ ਹੋ ਜਾਂਦੀ ਹੈ। ਘਰ ਦੇ ਤੇ ਮੇਲ ਦੇ ਪਤੇ ’ਤੇ ਸੂਚਨਾ ਚਲੀ ਜਾਂਦੀ ਹੈ। ਵਪਾਰਕ ਅਦਾਰੇ ਵਿਸ਼ੇਸ਼ ਯੋਜਨਾ ਅਧੀਨ ਖੋਲ੍ਹੇ ਗਏ ਹਨ।

ਗਲੀ-ਮੁਹੱਲਿਆਂ, ਬੱਸ ਅੱਡਿਆਂ, ਸੜਕਾਂ ਨੁੱਕਰਾਂ ’ਤੇ ਕੋਈ ਦੁਕਾਨ ਨਹੀਂ ਮਿਲੇਗੀ ਅਤੇ ਨਾ ਰੇਹੜੀਆਂ-ਫੜ੍ਹੀਆਂ ਹੀ ਲੱਗੀਆਂ ਮਿਲਣਗੀਆਂ। ਗਲੀ-ਮੁਹੱਲਿਆਂ ’ਚ ਫੇਰੀ ਵਾਲੇ ਵੀ ਹਾਕਾਂ ਮਾਰਦੇ ਨਹੀਂ ਮਿਲਣਗੇ। ਮਾਲ ਤੇ ਪਲਾਜ਼ੇ ਜੋ ਇੱਕੋ ਥਾਂ ਵਿਸ਼ੇਸ਼ ਇਮਾਰਤਾਂ ’ਚ ਬਣੇ ਹੋਏ ਹਨ, ਉਨ੍ਹਾਂ ਪਲਾਜ਼ਿਆਂ ’ਤੇ ਗੱਡੀਆਂ ਦੀ ਪਾਰਕਿੰਗ ਲਈ ਵਿਸ਼ੇਸ਼ ਨਿਯਮ ਹਨ ਜਿਨ੍ਹਾਂ ਦੀ ਹਰ ਇਕ ਨੂੰ ਪਾਲਣਾ ਕਰਨੀ ਪੈਂਦੀ ਹੈ। ਬੈਂਕਾਂ ’ਵਿਚ ਜ਼ਰਾ ਵੀ ਭੀੜ ਨਹੀਂ ਵਿਖੇਗੀ ਕਿਉਂਕਿ ਜ਼ਿਆਦਾਤਰ ਕੰਮ ਆਨਲਾਈਨ ਹੀ ਹੋ ਜਾਂਦਾ ਹੈ। ਇੱਥੋਂ ਤਕ ਕਿ ਚੈੱਕ ਵੀ ਆਨਲਾਈਨ ਹੀ ਜਮ੍ਹਾ ਹੋ ਜਾਂਦੇ ਹਨ। ਜਾਇਦਾਦ ਖ਼ਰੀਦਣ ਅਤੇ ਵੇਚਣ ਦੀ ਪ੍ਰਕਿਰਿਆ ਸਾਡੇ ਦੇਸ਼ ਨਾਲੋਂ ਬਿਲਕੁਲ ਵੱਖਰੀ ਹੈ। ਜਾਇਦਾਦ ਖ਼ਰੀਦਣ ਤੇ ਵੇਚਣ ਵਿਚ ਪੂਰੀ ਪਾਰਦਰਸ਼ਿਤਾ ਹੁੰਦੀ ਹੈ। ਜਾਇਦਾਦ ਖ਼ਰੀਦਣ ਤੇ ਵੇਚਣ ਦਾ ਕੰਮ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਵਕੀਲਾਂ ਰੀਅਲ ਅਸਟੇਟ ਏਜੰਟਾਂ ਵੱਲੋਂ ਕੀਤਾ ਜਾਂਦਾ ਹੈ। ਜਾਇਦਾਦ ਖ਼ਰੀਦਣ ਤੇ ਵੇਚਣ ਵਾਲੇ ਦੋਵੇਂ ਇਕ-ਦੂਜੇ ਨੂੰ ਨਹੀਂ ਮਿਲਦੇ। ਸਾਰਾ ਕੰਮ ਆਨਲਾਈਨ ਹੀ ਹੁੰਦਾ ਹੈ। ਜਾਇਦਾਦ ਇਸ ਦੇਸ਼ ਦੇ ਪੱਕੇ ਨਾਗਰਿਕ ਖ਼ਰੀਦ ਸਕਦੇ ਹਨ। ਜਾਇਦਾਦ ਖ਼ਰੀਦਣ, ਵੇਚਣ ਅਤੇ ਕਿਸੇ ਤਰ੍ਹਾਂ ਦੀ ਘਾਟ-ਵਾਧ ਦੀ ਜ਼ਿੰਮੇਵਾਰੀ ਦੋਹਾਂ ਧਿਰਾਂ ਦੇ ਵਕੀਲਾਂ ਤੇ ਰੀਅਲ ਅਸਟੇਟ ਏਜੰਟਾਂ ਦੀ ਹੁੰਦੀ ਹੈ।

ਸਰਕਾਰ ਨੂੰ ਦੋਹਾਂ ਧਿਰਾਂ ਵੱਲੋਂ ਦਿੱਤੇ ਜਾਣ ਵਾਲੇ ਜਾਇਦਾਦ ਟੈਕਸ ਵਿਚ ਰਤਾ ਵੀ ਹੇਰਾਫੇਰੀ ਨਹੀਂ ਕੀਤੀ ਜਾ ਸਕਦੀ। ਕੁਦਰਤੀ ਆਫ਼ਤਾਂ ਇਸ ਮੁਲਕ ’ਚ ਵੀ ਆਉਂਦੀਆਂ ਹਨ ਪਰ ਸਾਡੇ ਮੁਲਕ ਵਾਂਗ ਇੱਥੋਂ ਦੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਾਲੀ ਮਦਦ ਲਈ ਸਰਕਾਰਾਂ ਦੇ ਲਾਰੇ ਨਹੀਂ ਸੁਣਨੇ ਪੈਂਦੇ ਸਗੋਂ ਮਾਲੀ ਸਹਾਇਤਾ ਆਪਣੇ-ਆਪ ਲੋਕਾਂ ਦੇ ਖਾਤਿਆਂ ਵਿਚ ਚਲੀ ਜਾਂਦੀ ਹੈ। ਵਰਖਾ ਤੋਂ ਬਾਅਦ ਸੜਕਾਂ ’ਤੇ, ਆਲੇ-ਦੁਆਲੇ ਇਕ ਬੂੰਦ ਪਾਣੀ ਦੀ ਨਹੀਂ ਵਿਖਾਈ ਦੇਵੇਗੀ।

ਸੀਵਰੇਜ ਸਿਸਟਮ ਵਧੀਆ ਹੈ। ਕੋਈ ਵੀ ਪਾਈਪ ਧਤਰੀ ’ਤੇ ਵਿਛੀ ਹੋਈ ਨਹੀਂ ਮਿਲੇਗੀ, ਨਾ ਹੀ ਉਸ ਵਿੱਚੋ ਪਾਣੀ ਰਿਸਦਾ ਨਜ਼ਰ ਆਵੇਗਾ। ਪਾਣੀ ਦੇ ਗੰਦੇ ਨਾਲੇ, ਥਾਂ-ਥਾਂ ਗੰਦਗੀ ਦੇ ਢੇਰ ਅਤੇ ਅਵਾਰਾ ਪਸ਼ੂ ਘੁੰਮਦੇ ਨਹੀਂ ਮਿਲਣਗੇ। ਕੋਈ ਵੀ ਭਿਖਾਰੀ ਘਰਾਂ ਦੇ ਦਰਵਾਜ਼ਿਆਂ ’ਤੇ ਭੀਖ ਮੰਗਣ ਲਈ ਨਹੀਂ ਆਉਂਦਾ। ਆਵਾਜਾਈ ਦੇ ਸਾਧਨ ਬੱਸਾਂ ਅਤੇ ਰੇਲਗੱਡੀਆਂ ਪੁਰਾਣੀਆਂ ਨਹੀਂ ਮਿਲਣਗੀਆਂ। ਬੱਸਾਂ ਤੇ ਰੇਲਗੱਡੀਆਂ ’ਚ ਟਿਕਟ ਲੈਣ ਲਈ ਕੰਡਕਟਰ ਦੀ ਕੋਈ ਵਿਵਸਥਾ ਨਹੀਂ। ਟਿਕਟ ਲੈਣ ਲਈ ਪੰਚ ਕਰਨਾ ਪਵੇਗਾ, ਪੈਸੇ ਆਪਣੇ-ਆਪ ਤੁਹਾਡੇ ਖਾਤੇ ’ਚੋਂ ਕੱਟੇ ਜਾਣਗੇ। ਸਿੱਕਾ ਪਾ ਕੇ ਵੀ ਟਿਕਟ ਲੈਣ ਦੀ ਵਿਵਸਥਾ ਕੀਤੀ ਗਈ ਹੈ।

ਗੱਡੀਆਂ ਦੇ ਬਿਨਾਂ ਕਾਰਨ ਹਾਰਨ ਵਜਾਉਣਾ ਸੜਕੀ ਨਿਯਮਾਂ ਦੀ ਉਲੰਘਣਾ ਹੈ। ਧਾਰਮਿਕ ਅਸਥਾਨਾਂ ਉੱਤੇ ਉੱਚੀ ਆਵਾਜ਼ ਵਿਚ ਲਾਊਡ ਸਪੀਕਰ ਵੱਜਦੇ ਨਹੀਂ ਮਿਲਣਗੇ। ਲੰਗਰਾਂ ਤੇ ਕੀਰਤਨਾਂ ਦੀ ਭਰਮਾਰ ਨਹੀਂ ਹੈ। ਕੈਨੇਡਾ ਦੇ ਸਰਕਾਰੀ ਸਕੂਲ ਸਾਡੇ ਦੇਸ਼ ਦੇ ਚੰਗੇ ਪ੍ਰਾਈਵੇਟ ਸਕੂਲਾਂ ਵਰਗੇ ਹਨ।

ਪ੍ਰਾਈਵੇਟ ਸਕੂਲ ਵੀ ਹਨ ਪਰ ਉਨ੍ਹਾਂ ’ਚ ਜ਼ਿਆਦਾਤਰ ਉੱਚ ਵਰਗ ਦੇ ਲੋਕ ਹੀ ਪੜ੍ਹਦੇ ਹਨ। ਸਕੂਲੀ ਪੜ੍ਹਾਈ ਬਿਲਕੁਲ ਮੁਫ਼ਤ ਹੈ। ਲਾਇਬ੍ਰੇਰੀਆਂ ’ਚ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਭਾਸ਼ਾਵਾਂ ਤੇ ਮੁਕਾਬਲਿਆਂ ਦੀ ਤਿਆਰੀ ਕਰਨ ਲਈ ਕਿਤਾਬਾਂ ਮੌਜੂਦ ਹਨ। ਪੈਂਹਟ ਸਾਲ ਦੀ ਉਮਰ ਪੂਰੀ ਕਰ ਚੁੱਕੇ ਪੱਕੇ ਦੇਸੀ-ਵਿਦੇਸ਼ੀ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲਦੀ ਹੈ। ਕੋਰੋਨਾ ਵਰਗੀ ਮਹਾਮਾਰੀ ਵਿਚ ਇਸ ਮੁਲਕ ਦੀ ਸਰਕਾਰ ਲੋਕਾਂ ਦੀ ਅੱਗੇ ਹੋ ਕੇ ਬਾਂਹ ਫੜਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲਾਂ ਤੇ ਡਾਕਟਰਾਂ ਦੀ ਘਾਟ ਹੈ। ਫਿਰ ਵੀ ਸਾਡੇ ਮੁਲਕ ਨਾਲੋਂ ਕਾਫ਼ੀ ਕੁਝ ਵੱਖਰਾ ਹੈ।

ਡਾਕਟਰ ਇਮਾਨਦਾਰ ਤੇ ਸਮਰਪਿਤ ਹਨ। ਇਲਾਜ ਮੁਫ਼ਤ ਹੈ। ਵਿਜ਼ਟਰ ਵੀਜ਼ੇ ’ਤੇ ਆਏ ਲੋਕਾਂ ਲਈ ਬਿਨਾਂ ਬੀਮੇ ਤੋਂ ਇਲਾਜ ਮਹਿੰਗਾ ਹੈ। ਹਸਪਤਾਲਾਂ ਤੇ ਉਨ੍ਹਾਂ ਦੇ ਪਖਾਨਿਆਂ ਦੀ ਸਫ਼ਾਈ ਵੇਖਣ ਵਾਲੀ ਹੁੰਦੀ ਹੈ। ਕੈਨੇਡਾ ’ਚ ਕੋਈ ਵੀ ਵਿਅਕਤੀ ਵਿਹਲਾ ਨਹੀਂ ਰਹਿ ਸਕਦਾ। ਵਿਆਹਾਂ ’ਤੇ ਨਾ ਤਾਂ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਤੇ ਨਾ ਹੀ ਲੋਕਾਂ ਦੀ ਭੀੜ ਇਕੱਠੀ ਕੀਤੀ ਜਾਂਦੀ ਹੈ। ਹਰ ਘਰ ਅੱਗੇ ਮਹਿੰਗੀ ਗੱਡੀ ਖੜ੍ਹੀ ਮਿਲਦੀ ਹੈ। ਸਾਡੇ ਦੇਸ਼ ਦੀ ਇਨ੍ਹਾਂ ਮੁਲਕਾਂ ਵਰਗੀ ਪਛਾਣ ਕਦੋਂ ਬਣੇਗੀ ਤੇ ਲੋਕ ਵਿਦੇਸ਼ਾਂ ’ਚ ਜਾ ਕੇ ਵਸਣ ਨਾਲੋਂ ਆਪਣੇ ਦੇਸ਼ ’ਚ ਵਸਣ ਨੂੰ ਕਦੋਂ ਪਹਿਲ ਦੇਣਗੇ।

 

ਪ੍ਰਿੰਸੀਪਲ ਵਿਜੈ ਕੁਮਾਰ