ਗਾਂ ਦੇ ਗੋਹੇ ਖਿਲਾਫ ਤੀਕਸ਼ਣ ਸੂਦ ਹਾਈ ਕੋਰਟ ਪਹੁੰਚਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਤੀਕਸ਼ਣ ਸੂਦ ਨੇ ਹਾਈ ਕੋਰਟ ਵਿਚ ਅਪੀਲ ਦਰਜ ਕੀਤੀ ਹੈ ਕਿ ਉਸਦੇ ਦਰਵਾਜੇ ਵਿਚ ਗਾਂ ਦਾ ਗੋਹਾ ਸੁੱਟਿਆ ਗਿਆ ਸੀ ਅਤੇ ਉਸਦੇ ਪਰਿਵਾਰ ਨੂੰ ਜਾਨ ਦਾ ਖਤਰਾ ਹੈ। ਤੀਕਸ਼ਣ ਸੂਦ ਨੇ ਗਾਂ ਦੇ ਗੋਹੇ ਦਾ ਹਵਾਲਾ ਦਿੰਦਿਆਂ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਤੀਕਸ਼ਣ ਸੂਦ ਨੇ ਦਿੱਲੀ ਵਿਚ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਕਿਹਾ ਸੀ ਕਿ ਉਹ ਉੱਥੇ ਪਿਕਨਿਕ ਮਨਾ ਰਹੇ ਹਨ। ਇਸ ਦੇ ਰੋਸ ਵਜੋਂ ਕਿਸਾਨ ਨੌਜਵਾਨਾਂ ਨੇ ਗੋਹੇ ਦੀ ਟਰਾਲੀ ਸੂਦ ਦੇ ਦਰਵਾਜੇ ਵਿਚ ਢੇਰੀ ਕਰ ਦਿੱਤੀ ਸੀ ਅਤੇ ਉਸਦਾ ਵਿਰੋਧ ਕੀਤਾ ਸੀ। ਟਰਾਲੀ ਢੇਰੀ ਕਰਨ ਵਾਲੇ ਨੌਜਵਾਨਾਂ ਖਿਲਾਫ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਸੀ ਪਰ ਲੋਕਾਂ ਵੱਲੋਂ ਦੋ ਦਿਨਾਂ ਦੇ ਵਿਰੋਧ ਮਗਰੋਂ ਪੁਲਸ ਨੇ ਮਾਮਲਾ ਰੱਦ ਕਰਨ ਦਾ ਐਲਾਨ ਕੀਤਾ ਸੀ।
ਤੀਕਸ਼ਣ ਸੂਦ ਨੇ ਹਾਈ ਕੋਰਟ ਵਿਚ ਅਪੀਲ ਕਰਕੇ ਕਿਹਾ ਹੈ ਕਿ ਪੰਜਾਬ ਪੁਲਸ ਵੱਲੋਂ ਉਸਦੇ ਪਰਿਵਾਰ ਨੂੰ ਸਹੀ ਸੁਰੱਖਿਆ ਨਹੀਂ ਦਿੱਤੀ ਜਾ ਰਹੀ। ਤੀਕਸ਼ਣ ਸੂਦ ਨੇ ਅਦਾਲਤ ਨੂੰ ਕਿਹਾ ਕਿ 10 ਤੋਂ 15 ਲੋਕ 1 ਜਨਵਰੀ ਨੂੰ ਉਸਦੇ ਦਰਵਾਜੇ ਵਿਚ ਗਾਂ ਦੇ ਗੋਹੇ ਦੀ ਟਰਾਲੀ ਸੁੱਟ ਗਏ ਸਨ।
ਅਦਾਲਤ ਨੇ ਪੰਜਾਬ ਸਰਕਾਰ ਨੂੰ 29 ਜਨਵਰੀ ਤਕ ਜਵਾਬ ਦਾਖਲ ਕਰਨ ਲਈ ਕਿਹਾ ਹੈ।
Comments (0)