ਵਧ ਰਹੀਆਂ ਨੇ ਅਮਰੀਕਾ ਵਿਚ ਭਾਰਤੀਆਂ 'ਤੇ ਹਮਲਿਆਂ ਦੀਆਂ ਘਟਨਾਵਾਂ

ਵਧ ਰਹੀਆਂ ਨੇ ਅਮਰੀਕਾ ਵਿਚ ਭਾਰਤੀਆਂ 'ਤੇ ਹਮਲਿਆਂ ਦੀਆਂ ਘਟਨਾਵਾਂ

ਨਸਲ ਜਾਂ ਲਿੰਗ ਜਾਂ ਧਰਮ ਦੇ ਆਧਾਰ ਉਤੇ ਤਾਂ ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ -ਬਾਇਡਨ

ਅਮਰੀਕਾ 'ਚ ਪਿਛਲੇ 2 ਸਾਲਾਂ 'ਚ ਸਭ ਤੋਂ ਵੱਧ ਭਾਰਤੀਆਂ ਨੂੰ ਟਾਰਗੇਟ ਕੀਤਾ ਗਿਆ ਹੈ। ਭਾਰਤੀਆਂ ਖਿਲਾਫ਼ ਨਸਲੀ ਹਮਲੇ, ਨਫਰਤੀ ਅਪਰਾਧ ਅਤੇ ਹੋਰ ਹਮਲਿਆਂ 'ਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲਿਆ ਹੈ। ਭਾਰਤੀਆਂ ਦੀ ਔਸਤ ਆਮਦਨ ਇੱਕ ਲੱਖ ਡਾਲਰ ਪ੍ਰਤੀ ਸਾਲ ਹੈ ਜਦਕਿ ਅਮਰੀਕੀਆਂ ਦੀ ਆਮਦਨ ਸਿਰਫ਼ 75 ਹਜ਼ਾਰ ਡਾਲਰ ਹੈ। ਅਮਰੀਕਾ ਦੀ ਫਾਰਚੂਨ-500 ਵਿੱਚ ਸ਼ਾਮਲ 60 ਕੰਪਨੀਆਂ ਦੇ ਸੀਈਓ ਭਾਰਤੀ ਹਨ। ਸ਼ਾਇਦ ਇਹੀ ਕਾਰਨ ਹੈ ਕਿ ਅਮਰੀਕੀ ਭਾਰਤੀਆਂ ਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰਦੇ।ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਪੁੱਜ ਰਹੇ ਭਾਰਤੀਆਂ ਦੀ ਗਿਣਤੀ ਗੈਰ-ਸਾਧਾਰਨ ਦਰ ਨਾਲ ਵਧੀ ਹੈ। ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲਿਆਂ ਦੀ ਦਰ ਅਕਾਦਮਿਕ ਵਰ੍ਹੇ 2022-23 ਵਿਚ 35 ਪ੍ਰਤੀਸ਼ਤ ਵਧੀ ਹੈ ਤੇ ਅਗਲੇ ਸਾਲ ਤੱਕ ਇਹ ਗਿਣਤੀ ਇਸ ਮਾਮਲੇ ਵਿਚ ਚੀਨੀਆਂ ਨੂੰ ਪਿੱਛੇ ਛੱਡ ਦੇਵੇਗੀ। ਪ੍ਰਤੀਸ਼ਤ ਦੇ ਪੱਖ ਤੋਂ ਦੇਖਿਆ ਜਾਵੇ ਤਾਂ 2024 ਦੇ ਸ਼ੁਰੂ ਤੋਂ ਹੁਣ ਤੱਕ ਭਾਰਤੀ ਮੂਲ ਦੇ ਅੱਧੀ ਦਰਜਨ ਤੋਂ ਵਧ ਵਿਦਿਆਰਥੀਆਂ ਤੇ ਕਰਮਚਾਰੀਆਂ ਦੀਆਂ ਮੌਤਾਂ ਡਾਢੀ ਚਿੰਤਾ ਦਾ ਵਿਸ਼ਾ ਹਨ।

ਵ੍ਹਾਈਟ ਹਾਊਸ ਨੇ ਪਿਛਲੇ ਹਫ਼ਤੇ ਇਕ ਉਚੇਚੇ ਬਿਆਨ ਵਿਚ ਭਰੋਸਾ ਦਿਵਾਇਆ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਭਾਰਤੀਆਂ ਉਤੇ ਹਮਲਿਆਂ ਨੂੰ ਰੋਕਣ ਲਈ ‘ਬਹੁਤ ਸਖ਼ਤੀ’ ਨਾਲ ਕੰਮ ਕਰ ਰਿਹਾ ਹੈ। ਰਾਸ਼ਟਰਪਤੀ ਬਾਇਡਨ ਦਾ ਇਹ ਬਿਆਨ ਅਮਰੀਕਾ ’ਚ ਤੇਜ਼ੀ ਨਾਲ ਵਧ ਰਹੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀਆਂ ਗੈਰ-ਕੁਦਰਤੀ ਮੌਤਾਂ ਹੋਣ ਤੋਂ ਬਾਅਦ ਆਇਆ ਸੀ। ਵ੍ਹਾਈਟ ਹਾਊਸ ਦੇ ਤਰਜਮਾਨ ਨੇ ਕਿਹਾ, “ਹਿੰਸਾ ਲਈ ਕੋਈ ਬਹਾਨਾ ਨਹੀਂ ਬਣਾਇਆ ਜਾ ਸਕਦਾ, ਨਸਲ ਜਾਂ ਲਿੰਗ ਜਾਂ ਧਰਮ ਦੇ ਆਧਾਰ ਉਤੇ ਤਾਂ ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।”

 ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਅਲਬਾਮਾ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਬਿਜਨੌਰ ਦੇ ਰਹਿਣ ਵਾਲੇ 29 ਸਾਲਾ ਸਿੱਖ ਰਾਜ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਦੋਂ ਉਹ ਗੁਰਦੁਆਰੇ ਦੇ ਬਾਹਰ ਖੜ੍ਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ਦੇ ਨੇੜੇ ਆ ਕੇ ਉਸ ਦੇ ਪੇਟ ਵਿਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।ਰਾਜ ਸਿੰਘ, ਜਿਸਨੂੰ ਗੋਲਡੀ ਵੀ ਕਿਹਾ ਜਾਂਦਾ ਹੈ, ਇੱਕ ਸਿੱਖ ਸੰਗੀਤਕਾਰ ਸੀ ਅਤੇ ਇੱਕ ਕੀਰਤਨੀ ਜਥੇ ਦਾ ਮੈਂਬਰ ਸੀ। ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ 'ਤੇ ਨਸਲੀ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਅਮਰਨਾਥ ਘੋਸ਼

27 ਫਰਵਰੀ ਨੂੰ ਕੋਲਕਾਤਾ ਦੇ ਭਾਰਤੀ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦੀ ਅਮਰੀਕਾ ਦੇ ਮਿਸੌਰੀ ਦੇ ਸੇਂਟ ਲੁਈਸ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਸੇਂਟ ਲੁਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਡਾਂਸ ਵਿੱਚ ਮਾਸਟਰ ਆਫ਼ ਫਾਈਨ ਆਰਟਸ ਦੀ ਪੜ੍ਹਾਈ ਕਰ ਰਿਹਾ ਸੀ। ਘੋਸ਼ ਭਰਤਨਾਟਿਅਮ ਅਤੇ ਕੁਚੀਪੁੜੀ ਨ੍ਰਿਤ ਸ਼ੈਲੀਆਂ ਦਾ ਮਾਹਿਰ ਸੀ ਅਤੇ ਚੇਨਈ ਵਿੱਚ ਕਲਾ ਖੇਤਰ ਅਕੈਡਮੀ ਦਾ ਸਾਬਕਾ ਵਿਦਿਆਰਥੀ ਸੀ।

ਇਸ ਘਟਨਾ ਦਾ ਭਾਰਤ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਅਮਰੀਕੀ ਏਜੰਸੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ। ਭਾਰਤੀ ਸੀਰੀਅਲ ਅਭਿਨੇਤਰੀ ਦੇਵੋਲੀਨਾ ਭੱਟਾਚਾਰੀਆਜੀ ਨੇ ਐਕਸ ਦੇ ਜ਼ਰੀਏ ਇਸ ਘਟਨਾ ਦੀ ਜਾਣਕਾਰੀ ਦਿੱਤੀ, ਕਿਉਂਕਿ ਅਮਰਨਾਥ ਦੇਵੋਲੀਨਾ ਦਾ ਚੰਗਾ ਦੋਸਤ ਸੀ। ਦੇਵੋਲੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਵੀ ਮਦਦ ਮੰਗੀ ਹੈ।

ਪ੍ਰਵੀਨ ਰਾਓਜੀਭਾਈ ਪਟੇਲ

ਅਮਰੀਕਾ ਦੇ ਅਲਬਾਮਾ ਵਿੱਚ ਇੱਕ ਮੋਟਲ ਦੇ ਕਮਰੇ ਦੇ ਕਿਰਾਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਭਾਰਤੀ ਮੂਲ ਦੇ 76 ਸਾਲਾ ਮੋਟੇਲ ਮਾਲਕ ਪ੍ਰਵੀਨ ਰਾਓਜੀਭਾਈ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ 8 ਫਰਵਰੀ ਨੂੰ ਸ਼ੈਫੀਲਡ ਦੇ ਹਿਲਕ੍ਰੈਸਟ ਮੋਟਲ ਵਿੱਚ ਵਾਪਰੀ, ਜਦੋਂ ਵਿਲੀਅਮ ਮੂਰ ਨਾਮ ਦੇ ਇੱਕ ਗਾਹਕ ਨੇ ਪਟੇਲ ਦੀ ਛਾਤੀ ਵਿੱਚ ਦੋ ਵਾਰ ਗੋਲੀ ਮਾਰੀ, ਜਿਸ ਨਾਲ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਮੂਰ ਨੂੰ ਇੱਕ ਬੰਦ ਘਰ ਵਿੱਚ ਲੁਕਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਅਤੇ ਉਸ ਕੋਲੋਂ ਇੱਕ ਹਥਿਆਰ ਬਰਾਮਦ ਕੀਤਾ। ਏਸ਼ੀਅਨ ਅਮਰੀਕਨ ਹੋਟਲ ਓਨਰਜ਼ ਐਸੋਸੀਏਸ਼ਨ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਦਸਿਆ ਕਿ ਪਟੇਲ 40 ਸਾਲਾਂ ਤੋਂ ਵੱਧ ਸਮੇਂ ਤੋਂ ਆਪਣੇ ਪਰਿਵਾਰ ਨਾਲ ਸ਼ਹਿਰ ਵਿੱਚ ਰਹਿ ਰਿਹਾ ਸੀ।

ਸਈਅਦ ਮਜ਼ਹਿਰ ਅਲੀ

ਅਮਰੀਕਾ ਦੀ ਇੰਡੀਆਨਾ ਵੇਸਲੀਅਨ ਯੂਨੀਵਰਸਿਟੀ ਵਿਚ ਮਾਸਟਰ ਡਿਗਰੀ ਕਰ ਰਹੇ ਭਾਰਤੀ ਮੂਲ ਦੇ ਸਈਅਦ ਮਜ਼ੀਰ ਅਲੀ 'ਤੇ 4 ਫਰਵਰੀ ਨੂੰ ਸ਼ਿਕਾਗੋ ਵਿਚ ਹਮਲਾ ਕਰਕੇ ਲੁੱਟ ਲਿਆ ਗਿਆ ਸੀ। ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਅਲੀ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਹਮਲਾਵਰਾਂ ਵੱਲੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ।ਘਟਨਾ ਤੋਂ ਬਾਅਦ ਅਲੀ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ, ਜਿਸ ਵਿੱਚ ਅਲੀ ਨੂੰ ਮਦਦ ਮੰਗਦਿਆਂ ਅਤੇ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਚਾਰ ਵਿਅਕਤੀਆਂ ਨੇ ਉਸਦਾ ਪਿੱਛਾ ਕੀਤਾ, ਹਮਲਾ ਕੀਤਾ ਅਤੇ ਉਸਨੂੰ ਲੁੱਟ ਲਿਆ। ਅਲੀ ਨੂੰ ਹਮਲਾਵਰਾਂ ਨੇ 'ਲੱਤਾਂਆ ਅਤੇ ਮੁੱਕਿਆਂ' ਨਾਲ ਮਾਰਿਆ ਸੀ। ਹਮਲੇ ਤੋਂ ਬਾਅਦ ਹੈਦਰਾਬਾਦ ਦੀ ਰਹਿਣ ਵਾਲੀ ਅਲੀ ਦੀ ਪਤਨੀ ਰਕੁਲੀਆ ਰਿਜ਼ਵੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ਵਿਵੇਕ ਤਨੇਜਾ

41 ਸਾਲਾ ਭਾਰਤੀ ਮੂਲ ਦੇ ਵਿਵੇਕ ਤਨੇਜਾ ਦੀ ਵਾਸ਼ਿੰਗਟਨ, ਅਮਰੀਕਾ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਹੋਈ ਲੜਾਈ ਦੌਰਾਨ ਹੋਏ ਹਮਲੇ ਤੋਂ ਬਾਅਦ ਦਰਦਨਾਕ ਮੌਤ ਹੋ ਗਈ। ਇਹ ਘਟਨਾ 2 ਫਰਵਰੀ ਨੂੰ ਵਾਪਰੀ, ਜਦੋਂ ਵਿਵੇਕ ਦੀ ਕਿਸੇ ਅਣਪਛਾਤੇ ਵਿਅਕਤੀ ਨਾਲ ਹੋਈ ਤਕਰਾਰ ਲੜਾਈ ਵਿਚ ਬਦਲ ਗਈ। ਜਿਸ ਤੋਂ ਬਾਅਦ ਉਸ ਅਣਪਛਾਤੇ ਵਿਅਕਤੀ ਨੇ ਵਿਵੇਕ ਦੇ ਸਿਰ 'ਤੇ ਵਾਰ ਕਰ ਦਿੱਤਾ, ਜਿਸ ਕਾਰਨ ਵਿਵੇਕ ਸੜਕ 'ਤੇ ਡਿੱਗ ਗਿਆ।

ਵਿਵੇਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਹਾਲਤ ਵਿਗੜ ਗਈ ਅਤੇ 5 ਦਿਨ ਬਾਅਦ 7 ਫਰਵਰੀ ਨੂੰ ਉਸ ਦੀ ਮੌਤ ਹੋ ਗਈ। ਪੁਲਿਸ ਵਿਵੇਕ ਦੀ ਮੌਤ ਨੂੰ ਕਤਲ ਮੰਨ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਡਾਇਨਾਮੋ ਟੈਕਨਾਲੋਜੀ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਸਨ, ਜੋ ਸਰਕਾਰੀ ਕੰਟਰੈਕਟਿੰਗ ਵਿੱਚ ਰਣਨੀਤਕ ਪਹਿਲਕਦਮੀਆਂ ਦੀ ਅਗਵਾਈ ਕਰ ਰਹੇ ਸਨ।

ਸ਼੍ਰੇਅਸ ਰੈਡੀ ਬੇਨੀਗੇਰੀ

ਅਮਰੀਕਾ ਦੇ ਓਹੀਓ ਵਿਚ ਭਾਰਤੀ ਮੂਲ ਦਾ 19 ਸਾਲਾ ਵਿਦਿਆਰਥੀ ਸ਼੍ਰੇਅਸ ਰੈਡੀ ਬੇਨੀਗੇਰੀ ਮ੍ਰਿਤਕ ਪਾਇਆ ਗਿਆ। ਉਹ ਸਿਨਸਿਨਾਟੀ ਯੂਨੀਵਰਸਿਟੀ ਦੇ ਲਿੰਡਨਰ ਸਕੂਲ ਆਫ਼ ਬਿਜ਼ਨਸ ਦਾ ਵਿਦਿਆਰਥੀ ਸੀ। ਅਮਰੀਕਾ ਜਾਣ ਤੋਂ ਪਹਿਲਾਂ, ਉਸਨੇ ਪਿਲਾਨੀ ਦੇ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ, ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਪੂਰੀ ਕੀਤੀ ਸੀ।

ਪੁਲਿਸ ਅਧਿਕਾਰੀਆਂ ਨੇ ਉਸ ਦੀ ਮੌਤ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਹੋਣ ਤੋਂ ਇਨਕਾਰ ਕੀਤਾ ਹੈ। ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਸ਼੍ਰੇਅਸ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ ਅਤੇ ਸ਼੍ਰੇਅਸ ਦੇ ਪਰਿਵਾਰ ਨੂੰ ਪੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਨੀਲ ਆਚਾਰੀਆ

ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਵਿੱਚ ਪੜ੍ਹਦਾ 19 ਸਾਲਾ ਭਾਰਤੀ ਵਿਦਿਆਰਥੀ ਨੀਲ ਆਚਾਰੀਆ ਇਸ ਸਾਲ ਜਨਵਰੀ ਦੇ ਅਖੀਰ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਮ੍ਰਿਤਕ ਪਾਇਆ ਗਿਆ ਸੀ। ਉਸ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਸਰੀਰ ਦੀ ਜਾਂਚ ਕੀਤੀ ਗਈ ਅਤੇ ਫੋਰੈਂਸਿਕ ਜਾਂਚ ਵਿਚ ਉਸ ਦੇ ਸਰੀਰ 'ਤੇ ਹਮਲੇ ਦੇ ਕੋਈ ਨਿਸ਼ਾਨ ਨਹੀਂ ਮਿਲੇ।

ਨੀਲ ਕੰਪਿਊਟਰ ਸਾਇੰਸ ਅਤੇ ਡੇਟਾ ਸਾਇੰਸ ਵਿੱਚ ਮਾਹਿਰ ਸੀ ਅਤੇ ਆਪਣੀ ਅਕਾਦਮਿਕ ਪ੍ਰਤਿਭਾ ਅਤੇ ਖੋਜ ਹੁਨਰ ਲਈ ਜਾਣਿਆ ਜਾਂਦਾ ਸੀ। ਨੀਲ ਦੇ ਲਾਪਤਾ ਹੋਣ ਤੋਂ ਬਾਅਦ, ਉਸਦੀ ਮਾਂ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਟਵੀਟ ਕਰਕੇ ਵਿਦੇਸ਼ ਮੰਤਰਾਲੇ ਅਤੇ ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਤੋਂ ਸਹਾਇਤਾ ਮੰਗੀ ਸੀ।

ਵਿਵੇਕ ਸੈਣੀ

25 ਸਾਲਾ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੀ ਲਿਥੋਨੀਆ, ਜਾਰਜੀਆ ਵਿੱਚ ਇੱਕ ਭਿਆਨਕ ਘਟਨਾ ਵਿੱਚ ਦਰਦਨਾਕ ਮੌਤ ਹੋ ਗਈ। ਹਰਿਆਣਾ ਦੇ ਭਗਵਾਨਪੁਰ ਪਿੰਡ ਦਾ ਰਹਿਣ ਵਾਲਾ ਸੈਣੀ ਅਮਰੀਕਾ ਦੀ ਅਲਾਬਾਮਾ ਯੂਨੀਵਰਸਿਟੀ ਤੋਂ ਐਮਬੀਏ ਕਰ ਰਿਹਾ ਸੀ ਅਤੇ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ।

ਇਹ ਘਟਨਾ 16 ਜਨਵਰੀ ਦੀ ਹੈ, ਜਦੋਂ ਸੈਣੀ ਨੇ ਇੱਕ ਬੇਘਰ ਵਿਅਕਤੀ ਜੂਲੀਅਨ ਫਾਕਨਰ ਨੂੰ ਸਟੋਰ ਵਿੱਚ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਜਦੋਂ ਉਹ ਸਟੋਰ ਬੰਦ ਕਰ ਰਿਹਾ ਸੀ। ਸੈਣੀ ਨੇ ਫਾਕਨਰ ਨੂੰ ਖਾਣਾ ਦਿੱਤਾ ਅਤੇ ਉਸ ਨੂੰ ਚਲੇ ਜਾਣ ਲਈ ਕਿਹਾ, ਪਰ ਉਹ ਸਟੋਰ ਦੇ ਬਾਹਰ ਬੈਠ ਗਿਆ।

ਜਦੋਂ ਉਸਨੇ ਸਟੋਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸੈਣੀ ਨੇ ਉਸਨੂੰ ਅੰਦਰ ਨਾ ਦਿੱਤਾ । ਜਿਸ ਨਾਲ ਉਹ ਗੁੱਸੇ ਵਿੱਚ ਆ ਗਿਆ। ਸੀਸੀਟੀਵੀ ਵਿਚ ਰਿਕਾਰਡ ਹੋਏ ਹਮਲੇ ਵਿਚ ਫਾਕਨਰ ਨੇ ਸੈਣੀ 'ਤੇ ਹਥੌੜੇ ਨਾਲ ਕਰੀਬ 50 ਵਾਰ ਹਮਲਾ ਕੀਤਾ, ਜਿਸ ਕਾਰਨ ਸੈਣੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।