ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਈ ਜਗਰਾਜ ਸਿੰਘ ਡਾਕਟਰ ਆਫ਼ ਫਿਲਾਸਫ਼ੀ ਡਿਗਰੀ ਨਾਲ ਸਨਮਾਨਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਪਟਿਆਲਾ: 28 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੀ 40ਵੀਂ ਕਨਵੋਕੇਸ਼ਨ ਮੌਕੇ ਭਾਈ ਜਗਰਾਜ ਸਿੰਘ ਨੂੰ ਡਾਕਟਰ ਆਫ਼ ਫਿਲਾਸਫ਼ੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ। ਭਾਈ ਜਗਰਾਜ ਸਿੰਘ ਨੇ ਆਪਣਾ ਪੀਐਚ.ਡੀ. ਦਾ ਖੋਜ-ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਗੁੰਜਨਜੋਤ ਕੌਰ ਦੀ ਨਿਗਰਾਨੀ ਹੇਠ 'ਸ੍ਰੀ ਹਜੂਰ ਸਾਹਿਬ ਨਾਂਦੇੜ ਦਾ ਇਤਿਹਾਸਿਕ ਅਤੇ ਧਾਰਮਿਕ ਮਹੱਤਵ' ਵਿਸ਼ੇ ਉਤੇ ਕੀਤਾ ਹੈ। ਭਾਈ ਜਗਰਾਜ ਸਿੰਘ ਨੇ ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਭਾਰਤ ਦੇ ਦੱਖਣੀ ਖੇਤਰ ਵਿਚ ਮਹਾਰਾਸ਼ਟਰ ਦੇ ਨਾਂਦੇੜ ਨਗਰ ਵਿਖੇ ਖਾਲਸਾ ਪੰਥ ਦੇ ਪੰਜ ਤਖ਼ਤਾਂ ਵਿਚੋਂ ਇਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਥਿਤ ਹੈ। ਇਹ ਅਸਥਾਨ ਦੱਖਣੀ ਭਾਰਤ ਵਿਚ ਸਿੱਖ ਸੰਗਤਾਂ ਦਾ ਕੇਂਦਰ ਬਿੰਦੂ ਹੈ। ਸਮੇਂ ਦੇ ਫੇਰ ਬਦਲ ਨਾਲ ਨਾਂਦੇੜ ਦਾ ਇਲਾਕਾ ਵੱਖ-ਵੱਖ ਰਾਜਵੰਸ਼ਾਂ ਅਤੇ ਸਾਮਰਾਜਾਂ ਦੇ ਰਾਜ-ਪ੍ਰਬੰਧ ਅਧੀਨ ਆਉਂਦਾ ਰਿਹਾ ਸੀ। 1956 ਈ. ਤੱਕ ਨਾਂਦੇੜ ਦਾ ਇਲਾਕਾ ਹੈਦਰਾਬਾਦ ਰਾਜ ਦਾ ਹਿੱਸਾ ਰਿਹਾ। ਬਾਅਦ ਵਿਚ ਇਸ ਨੂੰ ਮਹਾਰਾਸ਼ਟਰ ਰਾਜ ਮਿਲਾ ਦਿੱਤਾ ਗਿਆ ਸੀ।
ਨਾਂਦੇੜ ਨਗਰ ਨੂੰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਰਨਾਂ ਨਾਲ ਨਿਵਾਜਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1708 ਈ. ਵਿਚ ਇੱਥੇ ਆ ਕੇ ਮਹਾਨ ਪੰਥਕ ਕਾਰਜ ਪੁਰੇ ਕੀਤੇ ਸਨ। ਗੁਰੂ ਸਾਹਿਬ ਨੇ ਇਸ ਪਾਵਨ ਧਰਤੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਤਾਗੱਦੀ ਪ੍ਰਦਾਨ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਖ਼ਾਲਸਾ ਪੰਥ ਦਾ ਸੈਨਿਕ ਜਰਨੈਲ ਥਾਪ ਕੇ ਪੰਜਾਬ ਵਿਚ ਭੇਜਿਆ ਸੀ। ਗੁਰੂ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ 20ਵੀਂ ਸਦੀ ਦੇ ਅੱਧ ਤੱਕ ਵੱਖ-ਵੱਖ ਸਮੇਂ ਦੌਰਾਨ ਇਸ ਅਸਥਾਨ ਦਾ ਪ੍ਰਬੰਧ ਹਜ਼ੂਰੀ ਸਿੰਘਾਂ, ਨਿਹੰਗ ਸਿੰਘਾਂ, ਉਦਾਸੀ ਸਾਧੂਆਂ ਅਤੇ ਨਿਜ਼ਾਮ ਹੈਦਰਾਬਾਦ ਸਰਕਾਰ ਨੇ ਸੰਭਾਲਿਆ ਅਤੇ ਚਲਾਇਆ ਸੀ। 1829-39 ਈ. ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਵਾਰ ਤਖ਼ਤ ਸਾਹਿਬ ਦੀ ਬਹੁਤ ਸੁੰਦਰ ਇਮਾਰਤ ਬਣਵਾਈ। ਸਮੇਂ-ਸਮੇਂ ’ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵੱਖ ਵੱਖ ਮਾਮਲਿਆਂ ਉੱਤੇ ਹੁਕਮਨਾਮੇ ਜਾਰੀ ਕਰਕੇ ਪੰਥ ਦੀ ਅਗਵਾਈ ਕਰਦਾ ਰਿਹਾ ਹੈ।
ਹੈਦਰਾਬਾਦ ਗਜਟ ਅਨੁਸਾਰ 20 ਸਤੰਬਰ 1956 ਈ. ਵਿੱਚ ਨਿਜ਼ਾਮ ਸਰਕਾਰ ਨੇ ਇਸ ਅਸਥਾਨ ਦਾ ਪ੍ਰਬੰਧ ਸਿੱਖਾਂ ਨੂੰ ਸੌਂਪ ਦਿੱਤਾ ਸੀ। ਵਰਤਮਾਨ ਸਮੇਂ ਵਿਚ ਨਾਂਦੇੜ ਵਿਖੇ ਗੁਰੂ ਸਾਹਿਬਾਨ ਦੀ ਯਾਦ ਵਿਚ ਕਈ ਗੁਰਦੁਆਰੇ ਸੁਭਾਇਮਾਨ ਹਨ। ਅੱਜ ਇਥੇ ਸਥਿਤ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਵਿਦਿਅਕ ਸੰਸਥਾਵਾਂ ਵੱਡੇ ਪੱਧਰ ’ਤੇ ਸਮੁੱਚੇ ਭਾਰਤ ਵਿਚ ਆਧੁਨਿਕ ਅਤੇ ਗੁਰਮਤਿ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਸਮਾਜਿਕ-ਧਾਰਮਿਕ ਕਾਰਜਾਂ ਵਿਚ ਵੱਡੇ ਪੱਧਰ ’ਤੇ ਯੋਗਦਾਨ ਪਾ ਰਿਹਾ ਹੈ। ਭਾਈ ਜਗਰਾਜ ਸਿੰਘ ਨੇ ਦੱਸਿਆ ਕਿ ਇਸ ਅਸਥਾਨ ਦੇ ਇਤਿਹਾਸਕ ਪਿਛੋਕੜ ਅਤੇ ਵਰਤਮਾਨ ਪ੍ਰਸੰਗਿਕਤਾ ਨੂੰ ਦੇਖਦੇ ਹੋਏ ਇਕ ਅਕਾਦਮਿਕ ਪੱਧਰ ਦੇ ਖੋਜ ਕਾਰਜ ਦੀ ਮੁਢਲੀ ਲੋੜ ਸੀ। ਉਮੀਦ ਕੀਤੀ ਜਾਂਦੀ ਹੈ ਕਿ ਇਹ ਖੋਜ-ਕਾਰਜ ਭਵਿੱਖ ਵਿਚ ਧਰਮ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਰਾਹ ਦਿਸੇਰਾ ਬਣੇਗਾ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਜੀ ਵੱਲੋਂ ਡਾ. ਜਗਰਾਜ ਸਿੰਘ ਨੂੰ ਪੀਐਚ. ਡੀ. ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਗੁੰਜਨਜੋਤ ਕੌਰ, ਪ੍ਰੋਫੈਸਰ ਮਲਕਿੰਦਰ ਕੌਰ, ਡਾ. ਬਲਰਾਜ ਸਿੰਘ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਡਾ. ਜਗਰਾਜ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਉੱਜਲੇ ਭਵਿੱਖ ਲਈ ਅਸ਼ੀਰਵਾਦ ਦਿੱਤਾ।
Comments (0)