ਢੀਂਡਸਾ ਗਰੁਪ ਅਕਾਲੀ ਦਲ ਦਾ ਸਿਆਸੀ ਨੁਕਸਾਨ ਕਰਨ ਲਈ ਉਤਾਰੂ

ਢੀਂਡਸਾ ਗਰੁਪ ਅਕਾਲੀ ਦਲ ਦਾ ਸਿਆਸੀ ਨੁਕਸਾਨ ਕਰਨ ਲਈ ਉਤਾਰੂ

*ਬਠਿੰਡਾ ਤੇ ਸੰਗਰੂਰ ਤੋਂ ਅਕਾਲੀ ਉਮੀਦਵਾਰ ਦਾ ਵਿਰੋਧ ਕਰਨ ਦੀ ਨੀਤੀ ਘੜਨ ਲਗੇ

*ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਬੰਨੇ ਕੰਢੇ ਨਾ ਲਗੀ

*ਮਜੀਠੀਆ ਵੀ ਅੰਦਰਖਾਤੇ ਢੀਂਡਸਾ ਗਰੁਪ ਦੇ ਹੱਕ ਵਿਚ ,ਧੜੇਬੰਦੀ ਤਿੱਖੀ ਹੋਣ ਲਗੀ!

* ਵਿਜੈ ਸਾਂਪਲਾ  ਨੇ ਭਾਜਪਾ ਦੇ ਦਬਾਅ ਕਾਰਣ ਅਕਾਲੀ ਦਲ ਵਿਚ ਜਾਣ ਤੋਂ ਚੁਪੀ ਧਾਰੀ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਪਿੜ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਦਲ ਬਦਲੀ ਦੀਆਂ ਕਨਸੋਆਂ ਹਰ ਪਾਰਟੀ ਤੋਂ ਆ ਰਹੀਆਂ ਹਨ। ਉੱਧਰ ਬੀਜੇਪੀ ਦੇ ਟਕਸਾਲੀ ਆਗੂ ਵਿਜੇ ਸਾਂਪਲਾ ਟਿਕਟ ਨਾ ਮਿਲਣ ਕਰਕੇ ਰਸਤਾ ਬਦਲਣ ਦੀ ਤਿਆਰੀ ਕਰ ਰਹੇ ਹਨ।ਸੂਤਰਾਂ ਤੋਂ ਪਤਾ ਲਗਾ ਹੈ ਕਿ ਭਾਜਪਾ ਦੇ ਦਬਾਅ ਕਾਰਣ ਉਨ੍ਹਾਂ ਚੁਪੀ ਧਾਰ ਲਈ ਹੈ । ਸਾਂਪਲਾ ਦੇ ਨੇੜਲਿਆਂ ਦਾ ਮੰਨਣਾ ਹੈ ਕਿ ਸਾਂਪਲਾ ਅਜੇ ਇਹ ਤੈਅ ਨਹੀਂ ਕਰ ਪਾ ਰਹੇ ਕਿ ਭਾਜਪਾ ਤੋਂ ਅਸਤੀਫ਼ਾ ਦੇਣ ਜਾਂ ਨਾ ਅਤੇ ਨਾ ਹੀ ਇਹ ਤੈਅ ਕਰ ਪਾ ਰਹੇ ਹਨ ਕਿ ਕਿਸ ਪਾਰਟੀ ਵਿਚ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ। ਇਹੀ ਕਾਰਨ ਹੈ ਕਿ ਅਕਾਲੀ ਲੀਡਰਸ਼ਿਪ ਕੋਲ ਹਾਮੀ ਭਰਨ ਦੇ ਬਾਅਦ ਉਹ ਫਿਰ ਲੜਖੜਾ ਗਏ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਨਜ਼ਦੀਕੀਆਂ ਨੇ ਇਕ ਪੈਲਸ ਵੀ ਬੁੱਕ ਕਰਵਾ ਲਿਆ ਸੀ, ਜਿੱਥੇ ਸਾਂਪਲਾ ਦੀ ਨਵੀਂ ਪਾਰੀ ਦਾ ਐਲਾਨ ਹੋਣਾ ਸੀ ਪਰ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਕਹਿਣ ’ਤੇ ਕਾਹਲੀ ਵਿਚ ਕੋਈ ਫ਼ੈਸਲਾ ਨਾ ਲੈਣਾ ਮੰਨ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਨਾਲ ਵੀ ਉਹ ਸੰਪਰਕ ਵਿਚ ਹਨ।ਅਕਾਲੀ ਦਲ ਜੋ ਵਿਜੈ ਸਾਂਪਲਾ ਨੂੰ ਅਕਾਲੀ ਦਲ ਵਿਚ ਲਿਆਉਣ ਲਈ ਪਬਾਂ ਭਾਰ ਸੀ,ਪਰ ਉਸਨੂੰ ਨਿਰਾਸ਼ਤਾ ਹੋਈ ਹੈ।

ਜਲੰਧਰ ਤੋਂ ਸਾਬਕਾ ਵਿਧਾਇਕ ਤੇ ਦਲਿਤ ਆਗੂ ਪਵਨ ਟੀਨੂੰ  ਵਲੋਂ ਆਪ ਪਾਰਟੀਆਂ ਵਿਚ ਛਾਲ ਮਾਰਨ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਆਪ ਵਲੋਂ  ਉਮੀਦਵਾਰ ਬਣਨ ਤੋਂ ਬਾਅਦ ਅਕਾਲੀ ਦਲ ਨੂੰ ਜਲੰਧਰ ਤੋਂ ਧਾਕੜ ਉਮੀਦਵਾਰ ਨਹੀਂ ਮਿਲ ਰਿਹਾ।ਸੁਖਬੀਰ ਸਿੰਘ ਬਾਦਲ ਲਈ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ,ਆਪ ਦੇ ਪਵਨ ਟੀਨੂੰ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਸ਼ੁਸ਼ੀਲ ਰਿੰਕੂ ਦੇ ਮੁਕਾਬਲੇ ਵੱਡੇ ਸਿਆਸੀ ਕੱਦ ਦਾ ਉਮੀਦਵਾਰ ਲੱਭਣਾ ਵੀ ਕੋਈ ਸੌਖਾ ਕੰਮ ਨਹੀਂ ਹੈ।

ਮਲੂਕਾ ਪਰਿਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਸੀਟ ਤੋਂ ਚੁਣੌਤੀ ਬਣ ਗਿਆ।ਮਲੂਕਾ ਪਰਿਵਾਰ ਦੇ ਨੂੰਹ-ਪੁੱਤਰ ਦੀ ਬੀਤੇ ਦਿਨੀਂ ਭਾਜਪਾ ਵਿੱਚ ਸ਼ਮੂਲੀਅਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ।ਭਾਜਪਾ ਵੱਲੋਂ ਪਰਮਪਾਲ ਕੌਰ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਉਤਾਰ ਦਿਤਾ ਹੈ।ਇਹ ਵੀ ਸੱਚ ਹੈ ਕਿ ਮਲੂਕਾ ਪਰਿਵਾਰ ਦਾ ਬਠਿੰਡਾ ਹਲਕੇ ਵਿਚ ਚੋਖਾ ਆਧਾਰ ਹੈ। ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਵਿਚਲੇ ਵਿਧਾਨ ਸਭਾ ਹਲਕਾ ਰਾਮਪੁਰਾ ਅਧੀਨ ਆਉਂਦਾ ਹੈ। ਰੌਚਿਕ ਪਹਿਲੂ ਇਹ ਕਿ ਰਾਮਪੁਰਾ ਹਲਕਾ ਲੋਕ ਸਭਾ ਹਲਕੇ ਫ਼ਰੀਦਕੋਟ ਵਿੱਚ ਹੋਣ ਕਰਕੇ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਵੀ ਵੱਡਾ ਫਾਇਦਾ ਮਿਲਣ ਦੇ ਆਸਾਰ ਬਣ ਸਕਦੇ ਹਨ। 

ਇਥੇ ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਗ਼ੈਰ ਹਾਜ਼ਰੀ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ। ਅਕਾਲੀ ਦਲ ਦਾ ਭਾਜਪਾ ਨਾਲੋਂ ਟੁੱਟ ਕੇ ਚੋਣ ਲੜਨ ਤੋਂ ਪਹਿਲਾਂ ਹੀ ਬਹੁਤ ਸਾਰੇ ਸੀਨੀਅਰ ਅਕਾਲੀ ਆਗੂ ਭਾਜਪਾ ਵਿਚ ਸ਼ਾਮਲ ਹੋ ਚੁਕੇ ਹਨ। ਦਿੱਲੀ ਅਤੇ ਹਰਿਆਣੇ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਅਕਾਲੀ ਦਲ ਦੇ ਵਿਰੋਧ ਵਿਚ ਭਾਜਪਾ ਦਾ ਸਮਰਥਨ ਕਰਨ ਦਾ ਐਲਾਨ ਕਰ ਦਿਤਾ ਹੈ।ਕਿਸਾਨ ਜਥੇਬੰਦੀਆਂ ਨਾਰਾਜ਼ ਹਨ, ਭਾਜਪਾ ਅਤੇ ਬਸਪਾ ਨਾਲ ਗਠਜੋੜ ਟੁੱਟ ਗਿਆ ਹੈ, ਸਿੱਖ ਚਿੰਤਕ ਅਤੇ ਪੰਥਦਰਦੀ ਵੀ ਬਾਦਲ ਪਰਿਵਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ

ਉਧਰ ਅਕਾਲੀ ਦਲ ਬਾਦਲ ਵਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਐਲਾਨੀ ਗਈ ਸੀਟ ਪਾਰਟੀ ਲਈ ਮੁਸੀਬਤ ਦਾ ਸਬੱਬ ਬਣਦੀ ਪ੍ਰਤੀਤ ਹੋ ਰਹੀ ਹੈ। ਰਾਜਨੀਤਕ ਅਤੇ ਪੰਥਕ ਹਲਕੇ ਮਹਿਸੂਸ ਕਰਦੇ ਹਨ ਕਿ ਸੁਖਬੀਰ ਸਿੰਘ ਬਾਦਲ ਵਲੋਂ ਖ਼ੁਦ ਸੁਖਦੇਵ ਸਿੰਘ ਢੀਂਡਸਾ ਦੇ ਘਰ ਪਹੁੰਚ ਕਰ ਕੇ ਮਸਲਾ ਹੱਲ ਕਰਨ ਵਿਚ ਅਸਫ਼ਲ ਰਹਿਣ ਦਾ ਕਾਰਨ ਕਿਤੇ ਪੰਜਾਬ ਵਿਧਾਨ ਸਭਾ ਦੀਆਂ 2002 ਦੀਆਂ ਚੋਣਾ ਦੀ ਤਰ੍ਹਾਂ ਨਵਾਂ ਸੰਕਟ ਖੜਾ ਨਾ ਕਰ ਦੇਵੇ, ਕਿਉਂਕਿ ਮਾਮੂਲੀ ਜਿਹੀ ਨਰਾਜ਼ਗੀ ਦੇ ਚਲਦਿਆਂ 30 ਜਨਵਰੀ 2002 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਗੁਰਚਰਨ ਸਿੰਘ ਟੋਹੜਾ ਨੇ ਆਪਣਾ ਸਰਬਹਿੰਦ ਅਕਾਲੀ ਦਲ ਬਣਾ ਕੇ ਬਾਦਲ ਦਲ ਦੇ ਸਮਰੱਥ ਉਮੀਦਵਾਰਾਂ ਵਿਰੁਧ ਆਪਣੀ ਪਾਰਟੀ ਦੇ ਉਮੀਦਵਾਰ ਖੜੇ ਕੀਤੇ ਸਨ।ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਬਣੀ ਤੇ ਪ੍ਰਕਾਸ਼ ਸਿੰਘ ਬਾਦਲ ਅਕਸਰ ਕਹਿੰਦੇ ਰਹੇ ਕਿ ਜੇਕਰ ਗੁਰਚਰਨ ਸਿੰਘ ਟੋਹੜਾ ਦੀ ਪਾਰਟੀ ਅੜਿੱਕਾ ਨਾ ਬਣਦੀ ਅਰਥਾਤ ਵੋਟ ਗਣਿਤ ਨਾ ਵਿਗਾੜਦੀ ਤਾਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਦੁਬਾਰਾ ਬਣਨੀ ਤਹਿ ਸੀ। ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰਾਂ ਲਈ ਢੀਂਡਸਾ ਧੜੇ ਦੇ ਆਗੂ ਮੁਸੀਬਤ ਪੈਦਾ ਕਰ ਸਕਦੇ ਹਨ। ਬਿਨਾਂ ਸ਼ੱਕ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ਤੋਂ ਢੀਂਡਸਾ ਪਰਿਵਾਰ ਲਾਂਭੇ ਕਰ ਕੇ ਖ਼ੁਦ ਲਈ ਸੰਕਟ ਸਹੇੜ ਲਿਆ ਹੈ, ਕਿਉਂਕਿ ਦੁਬਾਰਾ ਫਿਰ ਸੁਖਬੀਰ ਬਾਦਲ ਨਾਲ ਨਾਰਾਜ਼ ਹੋਏ ਅਕਾਲੀ ਆਗੂ ਢੀਂਡਸਿਆਂ ਦੇ ਹੱਕ ਵਿਚ ਜੁੜਨੇ ਸ਼ੁਰੂ ਹੋ ਗਏ ਹਨ।ਮੀਟਿੰਗ ਰਾਹੀਂ ਫੈਸਲਾ ਕੀਤਾ ਗਿਆ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ’ਤੇ ਢੀਂਡਸਾ ਪਰਿਵਾਰ  ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨਾਲ ਨਹੀਂ ਤੁਰੇਗਾ।ਕਿਹਾ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਜ਼ਿਆਦਾਤਰ ਸਮਰਥਕ ਅਕਾਲੀ ਦਲ ਨਾਲ ਨਾ ਜਾਣ ‘ਤੇ ਅੜੇ ਰਹੇ ਤਾਂ ਕਰਕੇ ਫਿਰ ਇਹ ਫੈਸਲਾ ਲਿਆ ਗਿਆ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਢੀਂਡਸਾ ਪਰਿਵਾਰ ਹਾਲੇ ਅਕਾਲੀ ਦਲ ਦਾ ਸਿਧਾ ਵਿਰੋਧ ਨਹੀਂ ਕਰੇਗਾ। ਪਤਾ ਇਹ ਵੀ ਲੱਗਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿਚ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਦੇਣੀ ਚਾਹੀਦੀ ਸੀ। ਇਸਤਰ੍ਹਾਂ ਅਕਾਲੀ ਦਲ ਵਿਚ ਧੜੇਬੰਦੀ ਬਾਦਲ ਪਰਿਵਾਰ ਵਿਰੁਧ ਮਜਬੂਤ ਹੋਣ ਲਗੀ ਹੈ।

ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਵਰਤਮਾਨ ਲੋਕ ਸਭਾ ਚੋਣਾਂ ਵਿਚ ਬਾਦਲ ਦਲ ਲਈ ਦਿੱਲੀ ਦੂਰ ਹੀ ਮੰਨੀ ਜਾ ਰਹੀ ਹੈ। ਪੰਥਕ ਹਲਕਿਆਂ ਮੁਤਾਬਿਕ ਢੀਂਡਸਾ ਧੜੇ ਦਾ ਬਾਦਲ ਦਲ ਨਾਲ ਗਠਜੋੜ ਸਿਰਫ਼ ਅਪਣੇ ਨਿੱਜ ਜਾਂ ਕੁਰਸੀ ਹਥਿਆਉਣ ਦੇ ਲਾਲਚ ਤਕ ਸੀਮਤ ਹੈ, ਇਸ ਵਿਚ ਪੰਥ ਜਾਂ ਪੰਜਾਬ ਦੇ ਭਲੇ ਜਾਂ ਤਰੱਕੀ ਲਈ ਕੋਈ ਯੋਜਨਾ ਜਾਂ ਏਜੰਡਾ ਵਿਖਾਈ ਨਹੀਂ ਦੇ ਰਿਹਾ, ਜਿਸ ਕਰਕੇ ਢੀਂਡਸਾ ਧੜੇ ਨਾਲ ਰਲੇਵਾਂ ਅਤੇ ਮਹਿਜ਼ ਇਕ ਸੀਟ ਪਿੱਛੇ ਤੋੜ ਵਿਛੋੜਾ ਵਾਲੀਆਂ ਘਟਨਾਵਾਂ ਨੇ ਪੰਜਾਬ ਅਤੇ ਪੰਥਦਰਦੀਆਂ ਨੂੰ ਨਿਰਾਸ਼ ਹੀ ਕੀਤਾ ਹੈ।

ਆਖਰ ਪਿਛਲੇ ਸਮੇਂ ਦੌਰਾਨ ਅਜਿਹਾ ਕੀ ਵਾਪਰਿਆ ਕਿ ਪਾਰਟੀ ਦੇ ਕੱਦਾਵਰ ਆਗੂ ਇਕ-ਇਕ ਕਰਕੇ ਪਾਰਟੀ ਤੋਂ ਦੂਰ ਹੁੰਦੇ ਗਏ, ਇਹ ਇਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਪਾਰਟੀ ਹਾਈਕਮਾਨ ਨੂੰ ਇਕ ਨਾ ਇਕ ਦਿਨ ਜ਼ਰੂਰ ਦੇਣਾ ਪਵੇਗਾ ।ਸਿਆਸੀ ਮਾਹਿਰਾਂ ਵਲੋਂ ਇਹ ਸਮਾਂ ਪਾਰਟੀ ਹਾਈਕਮਾਨ ਲਈ ਜਿੱਥੇ ਸਵੈ ਮੰਥਨ ਕਰਨ ਵਾਲਾ ਦੱਸਿਆ ਜਾ ਰਿਹਾ ਹੈ ਉੱਥੇ ਪਾਰਟੀ ਲਈ ਬਣੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਕਾਰਨਾਂ ਦਾ ਵੀ ਪਤਾ ਲਗਾ ਕੇ ਉਨ੍ਹਾਂ ਦੇ ਹੱਲ ਲਈ ਵੀ ਯਤਨ ਕਰਨ ਦੀ ਲੋੜ ਹੈ । ਅਜਿਹੇ ਵਿਚ ਆਉਣ ਵਾਲਾ ਸਮਾਂ ਪਾਰਟੀ ਲਈ ਕੋਈ ਬਹੁਤਾ ਵਧੀਆ ਨਹੀਂ ਦੱਸਿਆ ਜਾ ਰਿਹਾ ਤੇ ਜੇਕਰ ਪਾਰਟੀ ਹਾਈਕਮਾਨ ਨੇ ਮੌਕਾ ਨਾ ਸੰਭਾਲਿਆ ਤਾਂ ਅਕਾਲੀ ਦਲ ਨੂੰ ਵਡਾ ਨੁਕਸਾਨ ਹੋ ਸਕਦਾ ਹੈ।