ਸਿੱਖ ਪੰਥ ਦੀ ਮਾਣਮੱਤੀ ਸ਼ਖ਼ਸੀਅਤ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣਿ

 ਸਿੱਖ ਪੰਥ ਦੀ ਮਾਣਮੱਤੀ ਸ਼ਖ਼ਸੀਅਤ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣਿ

 ਕੈਥਲ ਸਥਿਤ ਹਵੇਲੀ ਵਿਚ ਹੋਇਆ 200 ਸਾਲ ਬਾਅਦ ਹੋਇਆ ਗੁਰਮਤਿ ਸਮਾਗਮ 

 ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣਿ ਸਿੱਖ ਪੰਥ ਦੀ ਉਹ ਮਾਣਮੱਤੀ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਸਮੁੱਚੇ ਗੁਰ ਇਤਿਹਾਸ ਨੂੰ ਕਾਵਿ ਰੂਪ ਵਿੱਚ ਲਿਖਿਆ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤਿਆਰ ਕੀਤਾ ।ਇਹ ਉਹ ਗ੍ਰੰਥ ਹੈ ਜੋ  ਗੁਰ ਇਤਿਹਾਸ ਦਾ ਸੋਮਾ ਹੈ ਅਤੇ ਜਿਸ ਨੂੰ ਭਾਈ ਸਾਹਿਬ ਨੇ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਤੇ ਸ਼ਹਿਰ ਕੈਥਲ ਵਿੱਚ 'ਸ਼ੇਰਾਂ ਵਾਲੀ ਹਵੇਲੀ' ਵਿੱਚ ਰਹਿ ਕੇ ਲਿਖਿਆ ਅਤੇ ਸੰਪੂਰਨ ਕੀਤਾ ।ਇਸ ਪਾਵਨ ਗੁਰੂ ਇਤਿਹਾਸ ਦੀ ਕਥਾ ਗੁਰਦੁਆਰਾ ਸਾਹਿਬ  ਵਿੱਚ ਹਰ ਰੋਜ਼ ਕੀਤੀ ਜਾਂਦੀ ਹੈ ।ਮਹਾਂਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣਿ ਜੀ ਦੀ ਹਵੇਲੀ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਉਨ੍ਹਾਂ ਦੇ ਪਿਛੋਕੜ ਬਾਰੇ ਵੀ ਗੱਲ ਕਰਦੇ ਹਾਂ। ਭਾਈ ਸਾਹਿਬ ਦਾ ਜਨਮ ਸਰਾਏ ਨੂਰਦੀ (ਅਜੋਕਾ ਨਾਮ ਕਿਲ੍ਹਾ ਕਵੀ ਸੰਤੋਖ ਸਿੰਘ) ਵਿਖੇ  ਪਿਤਾ ਬਾਬਾ ਦੇਵਾ ਸਿੰਘ ਜੀ ਅਤੇ ਮਾਤਾ ਰਾਮਦੇਈ ਕੌਰ ਦੇ ਘਰ 1788 ਵਿੱਚ ਹੋਇਆ । ਕਵੀ ਜੀ ਨੇ ਅੰਮ੍ਰਿਤਸਰ ਵਿੱਚ ਰਹਿ ਕੇ ਭਾਈ ਸੰਤ ਸਿੰਘ ਜੀ ਪਾਸੋਂ ਦੁਨਿਆਵੀ ਵਿੱਦਿਆ ਪ੍ਰਾਪਤ ਕੀਤੀ। ਕਵੀ ਜੀ ਨੇ ਹਿੰਦੀ, ਬ੍ਰਜ ਭਾਸ਼ਾ, ਕਾਵਯ ਤੇ ਗੁਰੂ ਘਰ ਦੀ ਵਿੱਦਿਆ ਪ੍ਰਾਪਤ ਕੀਤੀ ।ਫਿਰ ਆਪ ਬੂੜੀਏ  (ਨੇੜੇ ਜਗਾਧਰੀ ਹਰਿਆਣਾ) ਵਿਖੇ ਬੂੜੀਏ ਦੇ ਵੱਡੇ ਸਰਦਾਰ ਪਾਸ ਆਣ ਟਿਕੇ ਅਤੇ ਇੱਥੇ ਹੀ ਇਨ੍ਹਾਂ ਦਾ ਆਨੰਦ ਕਾਰਜ ਬੀਬੀ ਰਾਮ ਕੌਰ ਜੀ ਨਾਲ ਹੋਇਆ। ਬੁੜ੍ਹੀਏ ਰਹਿ ਕੇ ਆਪ ਜੀ ਨੇ 'ਨਾਮ ਕੋਸ਼' ਅਤੇ 'ਸ੍ਰੀ ਗੁਰੂ ਨਾਨਕ ਪ੍ਰਕਾਸ਼ਗ੍ਰੰਥਾਂ  ਦੀ ਰਚਨਾ ਕੀਤੀ ਸੀ ।ਕੁਝ  ਸਮਾਂ ਆਪ ਜੀ ਪਟਿਆਲਾ ਰਹੇ ਕਿਉਂਕਿ ਪਟਿਆਲਾ ਪਤੀ ਨੇ ਆਪ ਜੀ ਨੂੰ ਪਟਿਆਲੇ ਬੁਲਾਇਆ ਅਤੇ ਆਪਣੇ ਰਾਜ ਕਵੀਆਂ  ਵਿੱਚ ਸ਼ਾਮਲ ਕਰ ਲਿਆ ਸੀ। ਫੇਰ ਕੈਥਲਪਤੀ ਭਾਈ ਉਦੈ ਸਿੰਘ ਜੀ ਨੇ ਆਪ ਜੀ ਦੀ ਪ੍ਰਸਿੱਧੀ ਸੁਣ ਕੇ ਪਟਿਆਲਾਪਤੀ ਮਹਾਰਾਜਾ ਕਰਮ ਸਿੰਘ ਤੋਂ ਆਪ ਨੂੰ ਮੰਗ ਲਿਆ ਅਤੇ ਆਪ ਕੈਥਲ ਚਲੇ ਗਏ। ਇੱਥੇ ਹੀ ਆਪ ਜੀ ਦੀ ਰਿਹਾਇਸ਼ ਲਈ ਇੱਕ ਹਵੇਲੀ ਕੈਥਲਪਤੀ ਨੇ ਆਪ ਜੀ ਨੂੰ ਦਿੱਤੀ ।ਇਸ ਤਰ੍ਹਾਂ ਭਾਈ ਸਾਹਬ ਸੰਮਤ 1882( ਮਹਾਨ ਕੋਸ਼ ਅਨੁਸਾਰ) ਵਿੱਚ ਕੈਥਲ ਆਏ ਅਤੇ ਸੰਮਤ 1900 ਤਕ ਇੱਥੇ ਨਿਵਾਸ ਕੀਤਾ ਅਤੇ ਜਿਵੇਂ ਉਨ੍ਹਾਂ ਨੇ ਬੁੜ੍ਹੀਏ ਨਿਵਾਸ ਦੌਰਾਨ ਨਾਮ ਕੋਸ਼ ਅਤੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਰਚਨਾ ਕੀਤੀ ਸੀ  ਉਸੇ ਤਰ੍ਹਾਂ ਕੈਥਲ ਨਿਵਾਸ ਦੌਰਾਨ ਕੈਥਲਪਤੀ ਭਾਈ ਸਾਹਿਬ ਉਦੈ ਸਿੰਘ ਜੀ ਦੀ ਬੇਨਤੀ ਤੇ ਗਰਬ ਗੰਜਨੀ( ਜਪੁ ਬਾਣੀ ਦਾ ਟੀਕਾ), ਬਾਲਮੀਕੀ ਰਮਾਇਣ (ਦਾ ਅਨੁਵਾਦ), ਆਤਮ ਪੁਰਾਣ (ਦੀ ਟੀਕਾ) ਅਤੇ ਗੁਰ ਇਤਿਹਾਸ ਦੇ ਵੱਡੇ ਸਰੋਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ। ਭਾਈ ਉਦੈ ਸਿੰਘ ਵਿਦਵਾਨਾਂ ਦੇ ਬੜੇ ਕਦਰਦਾਨ ਸਨ ।ਕਵੀ ਜੀ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ, ਜੋ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਵੇਖਣ ਨੂੰ ਮਿਲਦਾ ਹੈ।

 ਜਦੋਂ ਅਸੀਂ ਭਾਈ ਸਾਹਿਬ ਜੀ ਦੀ ਰਿਹਾਇਸ਼ੀ ਹਵੇਲੀ  ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਭਾਈ ਸਾਹਿਬ ਨੂੰ ਇਹ ਹਵੇਲੀ ਕੈਥਲਪਤੀ ਨੇ ਉਨ੍ਹਾਂ ਦੀ ਰਿਹਾਇਸ਼ ਲਈ ਦਿੱਤੀ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਇੱਕ ਪਿੰਡ ਮੋਰਥਲੀ ਦੀ ਜ਼ੰਗੀਰ ਵੀ ਦਿੱਤੀ ਸੀ ਤਾਂ ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ  ਖਾਣ-ਪੀਣ, ਰਹਿਣ-ਸਹਿਣ ਆਦਿ ਸਬੰਧੀ ਸਮੱਸਿਆ ਨਾ ਆਵੇ ।ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥਾਵਲੀ ਦੀ ਪਹਿਲੀ ਪੋਥੀ ਵਿੱਚ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਦਾ  ਜੀਵਨ ਲਿਖਦਿਆਂ ਲਿਖਿਆ ਹੈ ਕਿ ਇਹ ਹਵੇਲੀ ਬ੍ਰਾਹਮਣਾਂ ਦੇ ਮੁਹੱਲੇ ਵਿਚ ਹੈ। ਕਵੀ ਜੀ ਦੇ ਚਾਰ ਲੜਕੇ ਮਿਲ ਕੇ ਇਹ ਹਜ਼ਾਰ ਕੁ ਨੂੰ ਵੇਚ ਚੁੱਕੇ ਸੁਣੀਂਦੇ ਹਨ ਤੇ ਹੁਣ ਇਹ ਕਿਸੇ ਮਹਾਜਨ ਸ਼ਾਹੂਕਾਰ ਪਾਸ ਹੈ ।ਉਂਜ ਹਵੇਲੀ ਬੜੀ ਹੈ ਤੇ ਸ਼ਹਿਰ ਦੇ ਵਿਚਕਾਰ ਹੈ। ਇਸ ਵੇਲੇ ਜਦ ਕੈਥਲ ਮਾਮੂਲੀ ਕਸਬਾ ਰਹਿ ਗਿਆ ਹੈ ਇਸ ਦੀ ਕੀਮਤ ਦੱਸ ਪੰਦਰਾਂ ਹਜ਼ਾਰ ਕਿਆਸੀ ਜਾਂਦੀ ਹੈਭਾਈ ਵੀਰ ਸਿੰਘ ਜੀ ਨੇ ਇਹ ਕੀਮਤ ਸਨ 1934  ਤੋਂ ਪਹਿਲਾਂ ਦੀ ਖਿਆਲੀ ਹੈ ।ਅੱਜ ਇਸ ਹਵੇਲੀ ਦੀ ਕੀਮਤ ਕਰੋੜ ਰੁਪਏ ਦੇ ਆਸ-ਪਾਸ ਹੈ। ਜੋ ਪਰਿਵਾਰ ਇਸ ਹਵੇਲੀ ਵਿਚ ਰਹਿੰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਵੇਲੀ 1857 ਈਸਵੀ  ਤੋਂ ਉਨ੍ਹਾਂ ਦੇ ਪਾਸ ਹੈ ਜੋ ਕਵੀਰਾਜ ਸੰਤੋਖ ਸਿੰਘ ਜੀ ਦੀ ਰਿਹਾਇਸ਼ੀ ਹਵੇਲੀ ਸੀ। ਉਨ੍ਹਾਂ ਦੇ ਪਰਿਵਾਰ ਵੱਲੋਂ ਵੇਚੀ ਗਈ ਸੀ। ਇਸ ਹਵੇਲੀ ਦਾ ਕੁਝ ਹਿੱਸਾ ਹੁਣ ਢਹਿ ਚੁੱਕਾ ਹੈ ਅਤੇ ਇਹ ਖੰਡਰ ਹੁੰਦੀ ਜਾ ਰਹੀ ਹੈ। ਇਕ ਪਰਿਵਾਰ ਨੇ ਤਾਂ ਆਪਣੇ ਹਿੱਸੇ ਦਾ ਮਲਬਾ ਵੀ ਵੇਚ ਦਿੱਤਾ ਹੈ। ਇਸ ਹਵੇਲੀ ਦੀਆਂ ਦੋਵੇਂ ਛੱਤਾਂ ਦਾ ਕੁਝ ਹਿੱਸਾ ਅਜੇ ਵੀ  ਮੌਜੂਦ ਹੈ।

ਸਿੱਖ ਕੌਮ ਦੇ ਮਹਾਨ ਵਿਦਵਾਨ ਦੀ ਵਿਰਾਸਤੀ ਹਵੇਲੀ ਦੀ ਇਹ ਤਰਸ ਦਾਇਕ ਦਸ਼ਾ ਵੇਖ ਕੇ ਕੌਮ ਵੱਲੋਂ ਕੀਤੀ ਅਣਗਹਿਲੀ ਦੇ ਭਲੀ ਭਾਂਤ ਦਰਸ਼ਨ ਹੋ ਜਾਂਦੇ ਹਨ। ਭਾਈ ਵੀਰ ਸਿੰਘ ਜੀ ਨੇ ਵੀ ਉਸ ਵੇਲੇ ਲਿਖਿਆ ਸੀ  ਕੀ ਉਸ ਭਲੇ ਪੁਰਖ ਦੀ ਯਾਦਗਾਰ ਉਸਦੀ ਆਪਣੀ ਰਚਨਾ ਹੀ ਹੈ ।ਉਸਦਾ ਜਨਮ ਦਾ ਸਥਾਨ ਵਿਕ ਗਿਆ, ਉਸ ਦੇ ਦੂਸਰੇ ਵਸੇਬੇ ਦਾ ਟਿਕਾਣਾ ਬੂੜੀਏ (ਦਿਆਲਗਡ਼) ਵਾਲਾ ਹੁਣ ਆਪਣਾ ਨਿਸ਼ਾਨ ਵੀ ਨਹੀਂ ਦੱਸਦਾ ,ਉਸਦੇ ਕੈਥਲ ਰਹਿਣ ;ਵੱਸਣ ਤੇ ਚੱਲਣੇ ਦਾ ਥਾਂ ਜਿੱਥੇ ਬੈਠ ਕੇ ਏਡਾ ਭਾਰਾ ਗ੍ਰੰਥ ਰਚਿਆ ਗਿਆ ਵਿਕ ਗਿਆ ਤੇ ਥੋੜ੍ਹੇ ਅਰਸੇ ਨੂੰ ਇਹ ਸੈਨਤ ਹੋ ਸਕਣੀ ਵੀ ਭੁੱਲ ਜਾਏਗੀ ਕਿ ਆਹ ਮਕਾਨ ਆਪ ਦੀ ਰਿਹਾਇਸ਼ ਦਾ ਸੀ । ਸ਼ੌਕ ਹੈ ਕਿ ਉਸ ਮਹਾਨ ਉਪਕਾਰੀ ਦਾ ਉਸ ਦੇ ਪਰਿਵਾਰ ਨੇ, ਉਸ ਦੇ ਪੰਥ ਨੇ, ਕੋਈ ਨਿਸ਼ਾਨ ਕਾਇਮ ਨਹੀਂ ਰੱਖਿਆ ਕਿ ਸਿੱਖਾਂ ਦੇ ਬੱਚੇ ਉਸ ਤੇ ਮਾਣ ਕਰਦੇ। ਨਾ ਸਿੱਖ ਰਾਜਿਆਂ ਨਾ ਸਿੱਖ ਸੰਤਾਂ ,ਮਹੰਤਾਂ, ਡੇਰੇਦਾਰਾਂ, ਨਾਂ ਸਿੰਘ ਸਭਾ ਸੁਸਾਇਟੀਆਂ, ਨਾਂ ਕਿਸੇ ਪ੍ਰੇਮੀ ਨੇ ਆਪ ਦੇ ਜਨਮ ਤੇ ਚਲਾਣੇ ਦੀਆਂ ਥਾਵਾਂ ਨੂੰ ਯਾਦਗਾਰ ਬਣਾ ਕੇ ਕਾਇਮ ਕੀਤਾ ਤੇ ਨਾਂ ਹੀ ਉਸ ਦੀ ਰਚਨਾ ਦੇ ਅਸਲੀ ਨੁਸਖੇ ਲੱਭ ਕੇ  ਉਨ੍ਹਾਂ ਥਾਈਂ ਸਥਾਪਤ ਕੀਤਾ। ਕਾਮਯਾਬ ਕੌਮਾਂ ਆਪਣੇ ਬਜ਼ੁਰਗਾਂ ਦੇ ਨਿਸ਼ਾਨ ਕਾਇਮ ਕਰਕੇ ਕੌਮਾਂ ਵਿੱਚ ਜਾਨ ਭਰਦੀਆਂ ਹਨ ।ਸਿੱਖ ਆਪਣੇ ਬਜ਼ੁਰਗਾਂ ਨੂੰ ਵਿਸਾਰਦੇ ਹਨ ਅਤੇ ਕੌਮ ਵਿੱਚੋਂ ਕਾਮਯਾਬੀ ਪਰ੍ਹੇ-ਪਰ੍ਹੇ ਹਟਣ ਦੇ ਨਿਸ਼ਾਨ ਦਿਖਾਲ ਦੀ ਰਹਿੰਦੀ ਹੈ  ਭਾਈ ਵੀਰ ਸਿੰਘ ਜੀ ਦੇ ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਕੁਝ ਪੰਥ ਦਰਦੀਆਂ ਨੇ ਇਸ ਮਹਾਨ ਸ਼ਖ਼ਸੀਅਤ ਦੀ ਯਾਦਗਾਰੀ ਹਵੇਲੀ ਨੂੰ ਸੰਭਾਲਣ ਦਾ ਉਪਰਾਲਾ ਆਰੰਭਿਆ ਹੈ ਜੋ ਅਤਿ ਸਲਾਹੁਣਯੋਗ ਹੈ ।

 

ਇਸ ਵੱਡੇ ਕਾਰਜ ਵਿੱਚ ਕੌਮ ਦੀ ਮਹਾਨ ਸ਼ਖ਼ਸੀਅਤ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਵਾਲਿਆਂ ਨੇ ਪਹਿਲ ਕੀਤੀ ਹੈ। ਉਨ੍ਹਾਂ ਨੇ ਇਸ ਵਿਰਾਸਤੀ ਹਵੇਲੀ ਨੂੰ ਖ਼ਰੀਦਣ ਅਤੇ  ਇਸ ਨੂੰ ਪੁਰਾਤਨ ਦਿੱਖ ਦੇਣ ਦਾ ਉਪਰਾਲਾ ਆਰੰਭ ਦਿੱਤਾ ਹੈ। ਉਨ੍ਹਾਂ ਨੇ ਕਵੀ ਰਾਜ ਭਾਈ ਸੰਤੋਖ ਸਿੰਘ ਚੂੜਾਮਣਿ ਟਰੱਸਟ (ਰਜਿ.) ਹਰਿਆਣਾ, ਦਾ ਗਠਨ ਕਰਕੇ  ਇਹ ਸੇਵਾ ਆਰੰਭ ਕੀਤੀ ਹੈ। ਇਸ ਟਰੱਸਟ ਵਿਚ ਉਹਨਾਂ ਦੇ ਨਾਲ ਗਿਆਨੀ ਟਿੱਕਾ ਸਿੰਘ ਯਮੁਨਾਨਗਰ ਜੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ, ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬੀਬੀ ਸੁਖਮੀਤ ਕੌਰ ਪਟਿਆਲਾ, ਗਿਆਨੀ ਪ੍ਰਿਤਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬਗਿਆਨੀ ਡਾ. ਭੁਪਿੰਦਰਪਾਲ ਸਿੰਘ ਜੀ ਪਟਿਆਲਾ, ਸੰਤ ਦਰਸ਼ਨ ਸਿੰਘ ਜੀ ਸ਼ਾਸਤਰੀ ਪਟਿਆਲਾ, ਗਿਆਨੀ ਹਰਸਿਮਰਨ ਸਿੰਘ ਅੰਬਾਲਾ, ਗਿਆਨੀ ਹੀਰਾ ਸਿੰਘ ਯਮੁਨਾਨਗਰ , ਗਿਆਨੀ ਗਿਆਨ ਸਿੰਘ ਯਮੁਨਾਨਗਰ,ਡਾ. ਪਵਨ ਥਰੇਜਾ ਕੈਥਲ, ਸੰਤ ਗੁਰਵਿੰਦਰ ਸਿੰਘ ਜੀ ਮਾਂਡੀ ਸਾਹਿਬ ਵਾਲੇ, ਅਤੇ ਲੇਖਕ ਆਦਿ ਹੋਰ ਵੀ ਸ਼ਖਸੀਅਤਾਂ ਸ਼ਾਮਿਲ ਹਨ। ਇਹ ਸਾਰੇ ਮੈਂਬਰ ਸਹਿਬਾਨ ਤਨ-ਮਨ -ਧਨ ਨਾਲ ਇਸ ਅਸਥਾਨ ਦੀ ਸੇਵਾ ਕਰ ਰਹੇ ਹਨ ਅਤੇ ਹੋਰ ਸੇਵਾਵਾਂ ਕਰਨ ਨੂੰ ਵੀ ਤਤਪਰ ਹਨ। ਹੁਣ ਟਰੱਸਟ ਨੇ  ਇਸ ਹਵੇਲੀ ਦਾ ਕੁਝ ਹਿੱਸਾ ਖਰੀਦ ਲਿਆ ਹੈ ਅਤੇ ਇਸੇ ਖੁਸ਼ੀ ਵਿੱਚ ਲਗਪਗ ਦੋ ਸੌ ਸਾਲ ਬਾਅਦ ਇਸ ਵਿਰਾਸਤੀ ਹਵੇਲੀ ਵਿਚ ਗੁਰਮਤਿ ਸਮਾਗਮ ਕਰਵਾਏ ਹਨ; ਜੋ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਨਿਰੰਤਰ ਕੀਤੇ ਜਾਇਆ ਕਰਨਗੇ।ਇਨ੍ਹਾਂ ਸਮਾਗਮਾਂ ਵਿਚ ਕੈਥਲ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਅਤੇ ਮੈਨੇਜਰ ਸਾਹਿਬ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਪੂਰਾ ਸਹਿਯੋਗ ਕੀਤਾ  ਜਾ ਰਿਹਾ ਹੈ। ਨਾਲ ਹੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਡੀ ਪੱਧਰ ਤੇ ਸੇਵਾ ਅਤੇ ਸਹਿਯੋਗ ਕਰ ਰਹੀਆਂ ਹਨ।ਸਹਿਜਧਾਰੀ ਸਿੱਖ ਅਤੇ ਹਿੰਦੂ ਪਰਿਵਾਰਾਂ ਵੱਲੋਂ ਵੀ ਹਵੇਲੀ ਦੀ ਸੇਵਾ ਵਿਚ ਹਿੱਸਾ ਪਾਇਆ ਜਾ ਰਿਹਾ ਹੈ ।   ਟਰੱਸਟ ਦਾ ਵਿਚਾਰ ਹੈ ਕਿ ਸੰਗਤ ਦੇ ਸਹਿਯੋਗ ਨਾਲ ਹਵੇਲੀ ਨੂੰ ਖ਼ਰੀਦ ਕੇ ਪੁਰਾਤਨ ਦਿੱਖ ਦੇ ਕੇ ਤਿਆਰ ਕੀਤਾ ਜਾਵੇ ਅਤੇ ਕਵੀ ਰਾਜ ਜੀ ਦੀਆਂ ਨਿਸ਼ਾਨੀਆਂ ਦੀ ਸੰਭਾਲ ਇਸ ਵਿੱਚ ਕੀਤੀ ਜਾਵੇ। ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਵਾਲਿਆਂ  ਵੱਲੋਂ ਨਾਲ ਹੀ ਗੁਰਮਤਿ ਵਿਦਿਆਲਿਆ ਵੀ ਆਰੰਭ ਕਰ ਦਿੱਤਾ ਗਿਆ ਹੈ, ਜਿਸ ਵਿੱਚ ਵਿਦਿਆਰਥੀ ਗੁਰਮਤਿ ਵਿੱਦਿਆ ਪੜ੍ਹ ਰਹੇ ਹਨ। ਆਸ ਹੈ ਕਿ ਹੁਣ ਇਹ ਵਿਰਾਸਤੀ ਹਵੇਲੀ ਟਰੱਸਟ ਵੱਲੋਂ ਸੰਭਾਲ ਲਈ ਜਾਵੇਗੀ ਅਤੇ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਭਾਈ ਸਾਹਿਬ ਜੀ ਦੀ ਘਾਲ-ਕਮਾਈ ਬਾਰੇ ਦੱਸਣ ਯੋਗ ਹੋ ਜਾਵਾਂਗੇ। ਇਹ ਕਾਰਜ ਬਹੁਤ ਵੱਡਾ ਹੈ ਜੋ ਗੁਰੂ ਦੀ ਮਿਹਰ ਅਤੇ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਨਾ ਹੈ।

 

   ਡਾ. ਦਿਲਵਰ ਸਿੰਘ 

  9417306371