ਕਤਲ ਦੇ ਦੋਸ਼ੀ ਭਗੌੜੇ ਸੁਮੇਧ ਸੈਣੀ ਨੂੰ ਲੱਭ ਰਹੀ ਹੈ ਜਾਂ ਲੁਕੋ ਰਹੀ ਹੈ ਪੰਜਾਬ ਪੁਲਸ

ਕਤਲ ਦੇ ਦੋਸ਼ੀ ਭਗੌੜੇ ਸੁਮੇਧ ਸੈਣੀ ਨੂੰ ਲੱਭ ਰਹੀ ਹੈ ਜਾਂ ਲੁਕੋ ਰਹੀ ਹੈ ਪੰਜਾਬ ਪੁਲਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਗਵਾ ਅਤੇ ਕਤਲ ਦਾ ਦੋਸ਼ੀ ਪੰਜਾਬ ਪੁਲਸ ਦਾ ਸਾਬਕਾ ਪੁਲਸ ਮੁਖੀ ਗ੍ਰਿਫਤਾਰੀ ਦੇ ਡਰੋਂ ਭਗੌੜਾ ਹੋਇਆ ਹੈ ਅਤੇ ਪੰਜਾਬ ਵਿਚ ਥਾਂ-ਥਾਂ ਉਸਦੀ ਸੂਹ ਦੇਣ ਵਾਲਿਆਂ ਨੂੰ ਇਨਾਮ ਦੇਣ ਦੇ ਪੋਸਟਰ ਲਾਏ ਜਾ ਰਹੇ ਹਨ। ਜਿੱਥੇ ਦਲ ਖਾਲਸਾ ਨੇ ਸੈਣੀ ਦੀ ਜਾਣਕਾਰੀ ਦੇਣ ਜਾਂ ਉਸਨੂੰ ਗ੍ਰਿਫਤਾਰ ਕਰਾਉਣ ਵਾਲੇ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੂਥ ਇਕਾਈ ਨੇ ਸੈਣੀ ਦਾ ਥਹੁ-ਪਤਾ ਦੱਸਣ ਵਾਲੇ ਨੂੰ ਇਕ ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। 

ਪੰਜਾਬ ਪੁਲਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਮੇਧ ਸੈਣੀ ਦੀ ਭਾਲ ਲਈ ਵੱਡੇ ਪੱਧਰ 'ਤੇ ਛਾਪੇ ਮਾਰੇ ਜਾ ਰਹੇ ਹਨ। ਪਰ ਪੰਜਾਬ ਪੁਲਸ ਸੈਣੀ ਦੇ ਭਗੌੜੇ ਹੋਣ ਸਬੰਧੀ ਜਥੇਬੰਦੀਆਂ ਵੱਲੋਂ ਲਾਏ ਪੋਸਟਰਾਂ ਨੂੰ ਲਾਹੁਣ ਦੇ ਕੰਮ ਲੱਗੀ ਹੋਈ ਹੈ। ਕਈ ਥਾਵਾਂ 'ਤੇ ਜਿੱਥੇ ਪੁਲਸ ਨੇ ਇਹਨਾਂ ਪੋਸਟਰਾਂ 'ਤੇ ਆਪਣੇ ਹੋਰ ਪੋਸਟਰ ਲਵਾ ਦਿੱਤੇ ਉੱਥੇ ਕਈ ਥਾਵਾਂ 'ਤੇ ਮਜ਼ਦੂਰਾਂ ਤੋਂ ਇਹ ਪੋਸਟਰ ਪੜਵਾਏ ਗਏ। 

 ਦਲ ਖਾਲਸਾ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕਰਦਿਆਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਪੋਸਟਰ ਲਾਏ ਸਨ ਪਰ ਪੰਜਾਬ ਪੁਲੀਸ ਨੇ ਕਈ ਥਾਵਾਂ ’ਤੇ ਕੋਵਿਡ-19 ਤੋਂ ਬਚਾਅ ਸਬੰਧੀ ਪੋਸਟਰ ਲਾ ਕੇ ਇਨ੍ਹਾਂ ਨੂੰ ਲੁਕਾਉਣ ਦਾ ਯਤਨ ਕੀਤਾ ਹੈ।

ਜਨਰਲ ਸਕੱਤਰ ਪਰਮਜੀਤ ਸਿੰਘ ਨੇ ਆਖਿਆ ਕਿ ਪਾਰਟੀ ਵਲੋਂ ਇਸ ਸਬੰਧ ਵਿਚ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਅੱਡਾ, ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਗਲਿਆਰਾ, ਹਾਲ ਬਾਜ਼ਾਰ, ਭੰਡਾਰੀ ਪੁਲ ਸਮੇਤ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਪੋਸਟਰ ਲਾਏ ਗਏ ਹਨ। ਇਹ ਪੋਸਟਰ ਲਾਉਣ ਸਬੰਧੀ ਸ਼ਬਦੀ ਪ੍ਰਵਾਨਗੀ ਵੀ ਲਈ ਗਈ ਸੀ ਪਰ ਇਸ ਤੋਂ ਤੁਰੰਤ ਬਾਅਦ ਪੁਲੀਸ ਵਲੋਂ ਇਨ੍ਹਾਂ ਪੋਸਟਰਾਂ ਨੂੰ ਢਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਗਲਿਆਰਾ ਵਿਚ ਸਾਬਕਾ ਡੀਜੀਪੀ ਸਬੰਧੀ ਲਾਏ ਗਏ ਪੋਸਟਰਾਂ ਉਪਰ ਪੁਲੀਸ ਨੇ ਪੋਸਟਰ ਲਾ ਦਿੱਤੇ ਹਨ। 

ਗੁਰਦਾਸਪੁਰ ਦੇ ਕਾਹਨੂੰਵਾਨ ਵਿਚ ਸੈਣੀ ਦੇ ਭਗੌੜੇ ਹੋਣ ਸਬੰਧੀ ਲਾਏ ਪੋਸਟਰਾਂ ਦੀ ਖਬਰ ਜਦੋਂ ਪੰਜਾਬ ਪੁਲਸ ਨੂੰ ਮਿਲੀ ਤਾਂ ਉਹਨਾਂ ਮਜ਼ਦੂਰ ਤੋਂ ਕਸਬੇ ਦੇ ਬਜ਼ਾਰਾਂ ਦੀਆਂ ਕੰਧਾਂ ਤੋਂ ਇਹ ਪੋਸਟਰ ਉਤਰਵਾ ਦਿੱਤੇ। ਮਜ਼ਦੂਰ ਤੋਂ ਇਹ ਸਾਰਾ ਕੰਮ ਪੁਲਸ ਨੇ ਆਪਣੀ ਦੇਖ-ਰੇਖ ਵਿਚ ਕਰਾਇਆ ਜੋ ਮੌਕੇ 'ਤੇ ਮੋਜੂਦ ਸੀ। ਇਸ ਸਬੰਧੀ ਜਦੋਂ ਮੌਕੇ ਦੇ ਪੁਲਸ ਅਫਸਰ ਨੂੰ ਪੱਤਰਕਾਰਾਂ ਨੇ ਸਵਾਲ ਕੀਤੇ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕਿਆ ਅਤੇ ਵੱਡੇ ਅਫਸਰਾਂ ਤੋਂ ਪੁੱਛਣ ਦਾ ਕਹਿ ਕੇ ਪੱਲਾ ਝਾੜ ਦਿੱਤਾ। 

ਜਿੱਥੇ ਇਕ ਪਾਸੇ ਕਤਲ ਦੇ ਦੋਸ਼ੀ ਕਾਨੂੰਨ ਤੋਂ ਭਗੌੜੇ ਸੁਮੇਧ ਸੈਣੀ ਨੂੰ ਪੁਲਸ ਲਕੋ ਰਹੀ ਹੈ ਉੱਥੇ ਇਸ ਦੋਸ਼ੀ ਸਬੰਧੀ ਲੋਕਾਂ ਨੂੰ ਸੁਚੇਤ ਕਰਨ ਵਾਲੇ ਦਲ ਖਾਲਸਾ ਆਗੂ ਜਸਵਿੰਦਰ ਸਿੰਘ ਖਾਲਸਾ ਨੂੰ ਪੁਲਸ ਡਰਾ ਰਹੀ ਹੈ। ਪੁਲਸ ਨੇ ਜਸਵਿੰਦਰ ਸਿੰਘ ਖਾਲਸਾ ਦੇ ਘਰ ਛਾਪਾ ਮਾਰਿਆ ਅਤੇ ਉਹ ਘਰ ਨਾ ਹੋਣ ਕਰਕੇ ਸ਼ਾਮ 5 ਵਜੇ ਥਾਣੇ ਆਉਣ ਦਾ ਕਹਿ ਕੇ ਚਲੇ ਗਏ। ਜਦੋਂ ਇਸ ਬਾਰੇ ਕਾਹਨੂੰਵਾਨ ਦੇ ਐਸਐਚਓ ਪ੍ਰਭਜੋਤ ਸਿੰਘ ਨੂੰ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਕੁੱਝ ਨਹੀਂ ਪਤਾ। 

ਸੈਣੀ ਨੂੰ ਲੱਭਣ ਲਈ ਬਣਾਈ ਗਈ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਡੀਜੀਪੀ ਦੀ ਪਤਨੀ ਸ਼ੋਭਾ ਸੈਣੀ ਅਤੇ ਧੀ ਗਾਇਤਰੀ ਸੈਣੀ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਸਿੱਟ ਦੇ ਮੈਂਬਰ ਨੇ ਦੱਸਿਆ ਕਿ ਮੁਹਾਲੀ ਪੁਲੀਸ ਦੀ ਟੀਮ ਸੈਣੀ ਦੀ ਭਾਲ ਵਿੱਚ ਦਿੱਲੀ ਗਈ ਸੀ। ਇਸ ਦੌਰਾਨ ਪੁਲੀਸ ਨੇ ਸੈਣੀ ਦੇ ਪਰਿਵਾਰ ਤੋਂ ਪੁੱਛ-ਪੜਤਾਲ ਕੀਤੀ। ਪਰਿਵਾਰ ਦਾ ਕਹਿਣਾ ਹੈ ਕਿ ਉਹ (ਸੈਣੀ) ਕਾਫੀ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਸੈਣੀ ਨੇ ਅਗਾਊਂ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਸੈਣੀ ਨੇ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ।