ਵਾਈਟ ਸੁਪਰਮਾਸਿਸਟ ਅਮਰੀਕਾ ਲਈ ਸਭ ਤੋਂ ਵੱਡਾ ਖਤਰਾ: ਹੋਮਲੈਂਡ ਸੁਰੱਖਿਆ ਵਿਭਾਗ

ਵਾਈਟ ਸੁਪਰਮਾਸਿਸਟ ਅਮਰੀਕਾ ਲਈ ਸਭ ਤੋਂ ਵੱਡਾ ਖਤਰਾ: ਹੋਮਲੈਂਡ ਸੁਰੱਖਿਆ ਵਿਭਾਗ

ਵਾਸ਼ਿੰਗਟਨ: ਗੋਰੇ ਅੱਤਵਾਦ (ਵਾਈਟ ਸੁਪਰਮਾਸਿਸਟ) ਨੂੰ ਅਮਰੀਕਾ ਲਈ ਸਭ ਤੋਂ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਰਿਪੋਰਟ ਮੁਤਾਬਕ ਸਾਲ 2021 ਵਿਚ ਵੀ ਗੋਰਾ ਅੱਤਵਾਦ ਅਮਰੀਕਾ ਲਈ 'ਨਿਰੰਤਰ ਅਤੇ ਘਾਤਕ ਖ਼ਤਰਾ' ਬਣਿਆ ਰਹੇਗਾ।

ਰਿਪੋਰਟ ਵਿਚ ਕਿਹਾ ਗਿੳਾ ਹੈ ਕਿ ਅਗਲੇ ਸਾਲ ਖਾਸ ਕਰਕੇ ਸ਼ੁਰੂਆਤੀ ਸਮੇਂ ਦੌਰਾਨ ਇਹ ਗਰੁੱਪ 2020 ਦੇ ਸਮਾਜਿਕ ਅਤੇ ਰਾਜਸੀ ਗੜਬੜ ਵਾਲੇ ਮਾਹੌਲ ਨੂੰ ਵਰਤ ਸਕਦੇ ਹਨ।

ਰਿਪੋਰਟ ਵਿਚ ਗੋਰੇ ਅੱਤਵਾਦ ਦੇ ਨਾਲ-ਨਾਲ ਰੂਸ ਦੇ ਗਲਤ ਜਾਣਕਾਰੀਆਂ ਦੇ ਪ੍ਰਵਾਹ ਵਾਲੇ ਹਮਲੇ ਨੂੰ ਵੀ ਵੱਡੀ ਚੁਣੌਤੀ ਦੱਸਿਆ ਗਿਆ ਹੈ।

ਰਿਪੋਰਟ ਦੇ ਨਸ਼ਰ ਹੋਏ ਵੇਰਬਿਆਂ ਮੁਤਾਬਕ ਮੰਨੇ ਜਾ ਰਹੇ ਸਭ ਖਤਰਿਆਂ ਵਿਚ ਸਭ ਤੋਂ ਵੱਡਾ ਖਤਰਾ ਗੋਰੇ ਅੱਤਵਾਦ ਦੀਆਂ ਹਿੰਸਕ ਕਾਰਵਾਈ ਤੋਂ ਹੈ।

ਜ਼ਿਕਰਯੋਗ ਹੈ ਕਿ ਪੂਰੇ ਯੂਰਪ ਅਤੇ ਪੱਛਮੀ ਸੱਭਿਆਚਾਰ ਵਾਲੇ ਮੁਲਕਾਂ ਵਿਚ ਗੋਰੇ ਅੱਤਵਾਦ ਦੀਆਂ ਕਾਰਵਾਈਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਵਿਚਾਰਧਾਰ ਤੋਂ ਪ੍ਰਭਾਵਤ ਲੋਕ ਕਈ ਵੱਡੇ ਅੱਤਵਾਦੀ ਹਮਲੇ ਕਰ ਚੁੱਕੇ ਹਨ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਗੋਰੇ ਅੱਤਵਾਦ ਦੇ ਖਤਰੇ ਨੂੰ ਰੱਦ ਕਰਦੇ ਰਹੇ ਹਨ।

ਅਮਰੀਕਾ ਵਿਚ ਬਲੈਕ ਲਾਈਵਸ ਮੈਟਰ ਮੁਹਿੰਮ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ ਅਤੇ ਕਾਲਿਆਂ ਖਿਲਾਫ ਹੁੰਦੀ ਨਸਲੀ ਹਿੰਸਾ ਖਿਲਾਫ ਲੋਕ ਪ੍ਰਦਰਸ਼ਨ ਜਾਰੀ ਹਨ। ਉੱਤੋਂ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਚਲਦਿਆਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਕੋਰੋਨਾਵਾਇਰਸ ਮਹਾਂਮਾਰੀ ਨੇ ਸਮਾਜ ਵਿਚ ਕਈ ਵਿਰਲਾਂ ਬਣਾ ਦਿੱਤੀਆਂ ਹਨ। ਅਜਿਹੇ ਵਿਚ ਹੋਮਲੈਂਡ ਸੁਰੱਖਿਆ ਵਿਭਾਗ ਦੀ ਇਹ ਰਿਪੋਰਟ ਫਿਕਰਮੰਦ ਕਰਨ ਵਾਲੀ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।