ਅੰਦਰੋਂ ਜਮੀਰ ਨੇਂ ਜਵਾਬ ਦਿੱਤਾ-

ਅੰਦਰੋਂ ਜਮੀਰ ਨੇਂ ਜਵਾਬ ਦਿੱਤਾ-

"ਜੀ ਏਨੀ ਕੁ ਤਾਂ ਮੰਨ ਲਓ...ਏਧਰ ਕਿਹੜਾ ਨਿੱਤ ਆਉਣਾ?? ਅਮ੍ਰਿਤਸਰ ਲੈ ਚੱਲੋ ਪਲੀਜ਼... ਮੱਥਾ ਟੇਕ ਕੇ ਮੁੜ ਪਵਾਂਗੇ..."

"ਓ ਕਮਲੀਏ 3 ਤਾਂ ਵੱਜਗੇ...ਮੁੜਨਾ ਵੀ ਆ...ਐਂਵੇ ਜਿਦ ਨਾ ਕਰਿਆ ਕਰ..."
ਓਹਦਾ ਚਿੱਟਾ ਜਵਾਬ ਸੁਣ ਨਾਲਦੀ ਖਾਮੋਸ਼ ਹੋ ਗਈ....
ਗੱਡੀ ਨੇ ਆਵਦਾ ਰੂਟ ਫੜਿਆ....ਮਿੰਟ ਕੁ ਬਾਅਦ ਖੌਰੇ ਕੀ ਚਿੱਤ ਚ ਆਈ...

"ਚੱਲ ਜੇ ਬਾਹਲਾ ਕਹਿੰਨੀ ਐਂ ਤਾਂ ਆਹ ਨਾਲ ਈ ਤਰਨਤਾਰਨ ਆਲੇ ਗੁਰਦੁਆਰੇ ਮੱਥਾ ਟੇਕ ਆਉਨੇ ਆਂ..."

ਗੱਡੀ ਵਾਪਸ ਮੁੜੀ...ਤੇ 20 ਕੁ ਕਿਲੋਮੀਟਰ ਦੀ ਵਾਟ ਮੁਕਾ ਤਰਨਤਾਰਨ ਸਾਹਿਬ ਪਹੁੰਚ ਗਏ....ਉਹ ਅੱਜ ਪਹਿਲੀ ਵਾਰ ਇਸ ਅਸਥਾਨ ਤੇ ਆਇਆ ਸੀ... ਅੰਦਰ ਵੜਨ ਤੋੰ ਪਹਿਲਾਂ ਹੀ ਨਾਲਦੀ ਨੂੰ ਹਿਦਾਇਤ ਦਿੱਤੀ- "ਗੱਲ ਸੁਣਲੈ...ਮੱਥਾ ਟੇਕ ਕੇ ਚੁੱਪ ਕਰ ਕੇ ਤੁਰ ਪਵੀਂ... ਐਂਵੇਂ ਬੁੜੀਆਂ ਆਲੀ ਗੱਲ ਕੀਤੀ ਤਾਂ ਦੇਖਲੀਂ ਫੇਰ...300 ਕਿਲੋਮੀਟਰ ਜਾਣਾ ਆਪਾਂ...ਹਨੇਰਾ ਹੋਜੂ ਜਾਂਦਿਆਂ ਨੂੰ...ਲਾਈਟਾਂ ਪੈਣ ਲੱਗ ਜਾਂਦੀਆਂ ਮੁੜਕੇ..."

ਜੋੜਾ ਘਰ ਚ ਜੋੜੇ ਰੱਖ ਕੇ ਜਿਓਂ ਹੀ ਡਿਊਢੀ ਲੰਘ ਪਰਿਕਰਮਾ ਚ ਆਏ....ਅੰਦਰ ਏਨਾ ਵੱਡਾ ਸਰੋਵਰ ਦੇਖ ਓਹਦੇ ਅੰਦਰ ਉਥਲ ਪੁਥਲ ਹੋਣ ਲੱਗ ਪਈ....
"ਹੈਂ.....ਏਡਾ ਵੱਡਾ ਸਰੋਵਰ??"

ਆਦਤ ਮੁਤਾਬਿਕ ਓਹਨੇ ਜਲਦੀ ਚ ਹੁਕਮ ਚਾੜ੍ਹਿਆ- "ਅਹੁ ਦੇਖ ਸਾਹਮਣੇ ਦਰਬਾਰ ਸਾਹਬ...ਆਜਾ ਭੱਜ ਕੇ ਮੱਥਾ ਟੇਕ ਆਈਏ...ਲੇਟ ਹੋਜਾਂਗੇ ਐਂਮੇ..."
ਮੱਥਾ ਟੇਕ ਬਾਹਰ ਨਿੱਕਲੇ....ਓਹਦੇ ਅੰਦਰ 300 ਕਿਲੋਮੀਟਰ ਵਾਪਸੀ ਦੇ ਸਫ਼ਰ ਦਾ ਹੀ ਤੌਖਲਾ ਸੀ...

ਅੱਗੇ ਲੰਗਰ ਹਾਲ ਦੇ ਰਸਤੇ ਦਾ ਬੋਰਡ ਲੱਗਾ ਹੋਇਆ ਸੀ...ਓਹਦੀ ਘਰਦੀ ਨੇਂ ਮਿੰਨਤ ਦੇ ਲਹਿਜੇ ਚ ਕਿਹਾ- "ਜੀ...ਲੰਗਰ ਤਾਂ ਛਕ ਚੱਲੀਏ.."
ਅੱਗੋਂ ਓਹਦੇ ਮੱਥੇ ਤੇ ਤਿਉੜੀਆਂ ਦਾ ਜਾਲ ਆਣ ਵਿਛਿਆ...
"ਓ ਕਮਲੀਏ ਲੰਗਰ ਲੋੜਵੰਦਾਂ ਖਾਤਰ ਹੁੰਦਾ...ਐਂਵੇਂ ਭੁੱਖ ਨਾ ਦਿਖਾਇਆ ਕਰ...ਚੱਲ ਮੁੜੀਏ ਹੁਣ..."

"ਜੀ ਭੁੱਖ ਲੱਗੀ ਸੀ ਮੈਨੂੰ...ਐਂ ਕਾਹਤੋਂ ਕਰਦੇ ਓਂ..."
"ਚੰਗਾ ਜਾਹ ਛਕ ਆਓ ਭੱਜ ਕੇ...ਓਨੇ ਮੈਂ ਬੈਠਾਂ ਏਥੇ...."
ਨਿਆਣੇ ਦਾ ਹੱਥ ਫੜ ਉਹ ਲੰਗਰ ਹਾਲ ਵੱਲ ਤੁਰ ਗਈ... ਤੇ ਉਹ ਬਾਹਰ ਖੜਾ ਵਿਸ਼ਾਲ ਸਰੋਵਰ ਨੂੰ ਨੀਝ ਲਾ ਕੇ ਦੇਖਣ ਲੱਗ ਪਿਆ....

ਨਾਸਤਿਕ ਜਰੂਰ ਸੀ ਪਰ ਕਦੇ ਨਾਲਦੀ ਨੂੰ ਆਵਦੇ ਵਰਗੀ ਬਣਾਉਣ ਤੇ ਜੋਰ ਨਹੀਂ ਦਿੰਦਾ ਸੀ....ਪਰ ਕਦੇ ਕਦਾਈਂ ਆਵਦੀ ਫਿਲਾਸਫੀ ਦੀ ਟੰਗ ਜਰੂਰ ਅੜਾ ਕੇ ਖੜ ਜਾਇਆ ਕਰਦਾ....ਕਦੇ ਗੁਰੂ ਘਰ ਦੇ ਸਪੀਕਰਾਂ ਤੇ ਟੀਕੇ ਟਿੱਪਣੀਆਂ ਕਰਦਾ ਰਹਿੰਦਾ, ਕਦੇ ਲੰਗਰਾਂ ਤੇ ਸਵਾਲ ਚੁੱਕਦਾ।

ਟਹਿਲਦਾ ਹੋਇਆ ਮੁੜ ਦਰਬਾਰ ਸਾਹਿਬ ਵੱਲ ਨੂੰ ਤੁਰ ਪਿਆ....ਨਾਸਤਿਕ ਬਿਰਤੀ ਆਪਣੇ ਹੀਲੇ ਵਰਤ ਓਹਨੂੰ ਓਥੋਂ ਜਲਦੀ ਜਲਦੀ ਕੱਢਣਾ ਚਾਹੁੰਦੀ ਸੀ...ਪਰ ਇੰਝ ਜਾਪਿਆ ਜਿਵੇਂ ਨਾਸਤਿਕਤਾ ਦੇ ਮੁਕਾਬਲੇ ਚ ਕੋਈ ਆਣ ਖੜਾ ਹੋਵੇ....ਜਿਸ ਨੇ ਓਹਦੇ ਦੂਜੇ ਹੱਥ ਨੂੰ ਘੁੱਟ ਕੇ ਫੜ ਰੱਖਿਆ ਸੀ...
ਖੈਰ...ਓਹਨੇਂ ਨਾਸਤਿਕ ਵਾਲੀ ਬਿਰਤੀ ਨੂੰ ਹਾਵੀ ਰੱਖਣ ਦੇ ਯਤਨ ਕੀਤੇ...ਮਨ ਹੀ ਮਨ ਸੋਚਣ ਲੱਗ ਪਿਆ-

"ਲੈ ਦੱਸ...! ਸ਼ਰਧਾ ਵੀ ਬੰਦੇ ਤੋਂ ਕੀ ਕੀ ਨਹੀਂ ਕਰਵਾ ਦਿੰਦੀ...ਜਵਾਂ ਈ ਅੰਨਾ ਹੋ ਜਾਂਦੈ ਬੰਦਾ.... ਆਹੀ ਇਲਾਕਾ ਸੀ 71 ਦੀ ਜੰਗ ਵੇਲੇ .....ਦਿੱਲੀਓਂ ਹੁਕਮ ਆ ਗਿਆ ਬਈ ਸਾਰਾ ਇਲਾਕਾ ਛੱਡ ਕੇ ਬਿਆਸ ਦਰਿਆ ਤੋੰ ਪਿੱਛੇ ਹਟ ਆਓ... ਬਾਕੀਆਂ ਮੰਨ ਲਈ ਪਰ ਸਿੱਖ ਫੌਜੀ ਅੜ ਗਏ...ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕਿਵੇਂ ਕਮਲੇ ਹਿੱਕਾਂ ਤੇ ਬੰਬ ਬੰਨ ਦੁਸ਼ਮਣ ਦੇ ਟੈਂਕਾਂ ਤੇ ਚੜ੍ਹ ਗਏ...ਫੀਤਾ ਫੀਤਾ ਹੋ ਗਏ ਆਹ ਧਾਰਮਿਕ ਥਾਵਾਂ ਖਾਤਰ...ਨਾਲੇ ਪਤਾ ਸੀ ਬਈ ਇਹ ਗੁਰਦੁਆਰੇ ਦੇਖਣੇ ਵੀ ਨਸੀਬ ਨਹੀਂ ਹੋਣੇ...
ਲੈ ਹੋਰ...ਬਾਬੇ ਦੀਪ ਸਿੰਘ ਹੁਰੀਂ....80 ਸਾਲਾਂ ਦੀ ਉਮਰ....ਖੌਰੇ ਕਿਹੋ ਜਿਹਾ ਇਸ਼ਕ ਸੀ ਆਹੀ ਥਾਵਾਂ ਨਾਲ....
ਚੱਲ ਛੱਡ ਮਨਾਂ... ਆਪਾਂ ਕੀ ਲੈਣਾ"ਅੰਦਰਲੇ ਨਾਸਤਿਕ ਦੀ ਜਿੱਤ ਹੁੰਦੀ ਦੇਖ ਉਹ ਵਾਪਸ ਮੁੜਿਆ....ਘੜੀ ਦੇਖੀ....ਤੇ ਵਗਦੇ ਪੈਰੀਂ ਲੰਗਰ ਹਾਲ ਤੱਕ ਜਾ ਅੱਪੜਿਆ....
ਨਾਲਦੀ ਨੂੰ ਲੱਭਣ ਖਾਤਰ ਜਿਓਂ ਹੀ ਅੰਦਰ ਵੜਿਆ....3-4 ਬਜ਼ੁਰਗ ਬਾਬਿਆਂ ਦੇ ਹੱਥ ਓਹਨੂੰ ਦੇਖ ਅਗਾਂਹ ਨੂੰ ਆ ਗਏ....
ਇੱਕ ਹੱਥ ਬਾਟੀ ਇੱਕ ਕੋਲ ਥਾਲ, ਇੱਕ ਦੇ ਹੱਥ ਚਮਚਿਆਂ ਵਾਲੀ ਟਰੇਅ ਚੁੱਕੀ ਹੋਈ....
ਮਨ ਹੀ ਮਨ ਸੋਚਿਆ- "ਲੈ....ਇਹ ਵੀ ਇਸ਼ਕ ਹੀ ਐ ਏਸ ਉਮਰੇ ਸੇਵਾ ਦਾ...."

"ਫੜ ਲੈ ਗੁਰਮੁਖਾ.... ਕਿੱਥੇ ਗੁਆਚ ਗਿਆਂ ਜੇ...?"
ਖੌਰੇ ਇਹਨਾਂ ਬੋਲਾਂ ਨੇ ਕੈਸਾ ਜਾਦੂ ਕੀਤਾ....ਓਹਦਾ ਆਪਣੇ ਤੇ ਕੋਈ ਕਾਬੂ ਨਾ ਰਿਹਾ...
.

ਅਗਲੇ ਹੀ ਪਲ ਭਾਂਡੇ ਫੜ ਉਹ ਪੰਗਤ ਚ ਜਾ ਬੈਠਾ....ਕਿੰਨੀ ਸਾਰੀ ਹੋਰ ਸੰਗਤ ਲੰਗਰ ਛਕ ਰਹੀ ਸੀ....ਕੁਝ ਹੀ ਪਲਾਂ ਅੰਦਰ ਓਹਦੀ ਥਾਲੀ ਪ੍ਰਸ਼ਾਦੇ, ਦਾਲ ਅਤੇ ਸਬਜ਼ੀ ਆ ਗਈ....ਸਾਹਮਣੀ ਕਤਾਰ ਚ ਬੈਠੇ ਤਿੰਨ ਗੁਰਸਿੱਖ ਮੁੰਡੇ...ਹਲਕੀ ਫੁੱਟਦੀ ਦਾਹੜੀ....ਤਿੱਖੇ ਨੈਣ ਨਕਸ਼....ਪੂਰੇ ਅਦਬ ਸਹਿਤ ਲੰਗਰ ਛਕ ਰਹੇ ਨੇਂ....ਜਿਵੇਂ ਦੁਨੀਆਦਾਰੀ ਦੇ ਸਾਰੇ ਬੋਝ ਮੱਥਾ ਟੇਕਣ ਗਏ ਓਥੇ ਹੀ ਰੱਖ ਆਏ ਹੋਣ....

"ਅੱਛਾ....ਐਂਵੇ ਦੇ ਵੀ ਸਿੱਖ ਹੁੰਦੇ ਨੇਂ?? ਕਿੰਨੇ ਸ਼ਾਂਤ ਚਿੱਤ....ਊਂ ਪਹਿਲਾਂ ਆਲੇ ਵੀ ਇਹੋ ਜਿਹੇ ਈ ਹੁੰਦੇ ਹੋਣਗੇ...ਜਿੰਨਾ ਨੂੰ ਚਰਖੜੀਆਂ ਤੇ ਚੜ੍ਹਾ ਦਿੱਤਾ ਗਿਆ ਸੀ.... ਭਲਾਂ ਘਰਦਿਆਂ ਬਾਰੇ ਵੀ ਸੋਚਿਆ ਹੋਊ ਉਹਨਾਂ ਕੇ ਨਹੀਂ?? ਅੱਖਾਂ ਸਾਹਵੇਂ ਮੌਤ ਦੇਖਕੇ ਘਬਰਾਏ ਹੋਣਗੇ ਕੇ ਨਹੀਂ??"

ਇੱਕ ਵਾਰ ਮੁੜ ਉਹਨਾਂ ਤਿੰਨਾਂ ਵੱਲ ਦੇਖਿਆ....
"ਜੇ ਇਹਨਾਂ ਵਰਗੇ ਹੋਏ ਫੇਰ ਤਾਂ ਨੀ ਘਬਰਾਏ ਹੋਣੇ...ਚਲੋ...ਫੇਰ ਵੀ...ਆਵਦੀ ਜਾਨ ਤਾਂ ਹਰੇਕ ਨੂੰ ਈ ਪਿਆਰੀ ਹੁੰਦੀ ਐ....ਉਹ ਏਨਾ ਕਿਉਂ ਨਹੀਂ ਸੀ ਸੋਚਦੇ?"

ਇਸੇ ਉਧੇੜ ਬੁਣ ਚ ਪਤਾ ਹੀ ਨਾ ਲੱਗਾ ਕਦ ਲੰਗਰ ਛਕ ਲਿਆ.... ਬਾਟੀ ਵਿਚਲੀ ਖੀਰ ਹੀ ਬਾਕੀ ਰਹਿ ਗਈ।

"ਊਂ ਤਾਂ ਪੁਰਾਣੇ ਸਿੱਖ ਵੀ ਤਕੜੇ ਈ ਵਗੇ....ਆਪ ਇੱਕ ਮੁੱਠੀ ਛੋਲਿਆਂ ਦੀ ਖਾ ਕੇ ਜੰਗਲਾਂ ਬੇਲਿਆਂ ਚ ਦਿਨ ਕਟੀਆਂ ਕਰ ਕੇ ਸਿੱਖਾਂ ਨੂੰ ਖੀਰਾਂ ਵਾਲੇ ਕਰ ਗਏ....ਉਹਨਾਂ ਨੂੰ ਕੀਹਨੇ ਦੱਸਿਆ ਹੋਣਾ ਬਈ ਅੱਜ ਭੁੱਖ ਨੂੰ ਜਰ ਲਓ.... ਕਦੇ ਥੋਡੇ ਆਲੇ ਭੁੱਖਿਆਂ ਦਾ ਢਿੱਡ ਭਰਿਆ ਕਰਨਗੇ..?.....ਲੈ..! ਇਹ ਵੀ ਇਸ਼ਕ ਈ ਆ....ਸੈਂਕੜੇ ਸਾਲਾਂ ਦੇ ਭਵਿੱਖ ਨੂੰ ਮੂਹਰੇ ਰੱਖ ਕੇ ਐਨੀ ਵੱਡੀ ਸਲਤਨਤ ਨਾਲ ਦੋ-ਦੋ ਹੱਥ ਕਰਨੇ..."

ਇਹ ਸੋਚਦਿਆਂ ਹੀ ਰੀਲ ਘੁੰਮ ਕੇ ਬਹੁਤ ਪਿੱਛੇ ਜਾ ਖੜੀ....
ਇੱਕ ਮੈਲੇ ਜਿਹੇ ਨੀਲੇ ਚੋਲੇ ਵਾਲਾ ਸਿੰਘ...ਕੋਲ ਲਿੱਸਾ ਜਿਹਾ ਘੋੜਾ...ਘਸਮੈਲੀ ਜਿਹੀ ਚਿੱਟੀ ਦਾਹੜੀ...ਨੰਗੇ ਪੈਰ...ਇੱਕ ਹੱਥ ਘੋੜੇ ਦੀ ਲਗਾਮ ਫੜੀ ਤੇ ਦੂਜੇ ਹੱਥ ਨੇਜ਼ਾ, ਗਾਤਰੇ ਵੱਡੀ ਕਿਰਪਾਨ ਪਾਈ ਹੋਈ ,ਰੇਤਲਾ ਜਿਹਾ ਵੀਰਾਨ ਇਲਾਕਾ....

"ਹੈਂ....ਇਹੋ ਜਿਹੇ ਵੀ ਸਿੱਖ ਹੁੰਦੇ ਸੀ? ਭਲਾਂ ਐਨੀਆਂ ਤੰਗੀਆਂ ਕਾਹਤੋਂ ਝੱਲਦੇ ਰਹੇ???" 

ਅੰਦਰੋਂ ਜਮੀਰ ਨੇਂ ਜਵਾਬ ਦਿੱਤਾ- "ਤੁਹਾਡੀ ਖਾਤਰ.."

ਇਸ ਤੋਂ ਅੱਗੇ ਓਹਦੇ ਦਿਮਾਗ ਨੇ ਸੋਚਣਾ ਬੰਦ ਕਰ ਦਿੱਤਾ....ਕਿੰਨਾ ਚਿਰ ਗੁਮਸੁਮ ਹੋਇਆ ਓਥੇ ਹੀ ਬੈਠਾ ਰਿਹਾ....
ਸੁਰਤ ਪਰਤੀ ਤਾਂ ਮਹਿਸੂਸ ਕੀਤਾ, ਕਿੰਨੇ ਸਾਰੇ ਹੰਝੂ ਇਕੱਠੇ ਹੋ ਉਹਦੀਆਂ ਅੱਖਾਂ ਤੋਂ ਹੁੰਦੇ ਹੋਏ ਠੋਡੀ ਤੇ ਜਾ ਅੱਪੜੇ.... 

"ਉਹਨਾਂ ਕੀ ਕੀ ਜੱਖਰ ਜਾਲੇ ਹੋਣਗੇ ਸਾਡੇ ਖਾਤਰ....ਤੇ ਸਾਡੇ ਕੋਲ ਉਹਨਾਂ ਦੀਆਂ ਕੁਰਬਾਨੀਆਂ ਦੇ ਨਿਸ਼ਾਨ ਦੇਖਣ ਦਾ ਵੀ ਟਾਈਮ ਹੈਨੀ..." 
ਇਹ ਔਡ਼ ਆਉਂਦਿਆਂ ਹੀ ਉਹ ਆਪਣੇ ਹੌਂਕੇਆਂ ਨੂੰ ਰੋਕ ਨਾ ਸਕਿਆ....

"ਗੁਰਮੁਖਾ ਕੋਈ ਵੱਡੀ ਈ ਸੱਟ ਖਾਈ ਬੈਠਾ ਲਗਦੈਂ....ਹੌਂਸਲਾ ਰੱਖ ਪੁੱਤ... ਗੁਰੂ ਮਹਾਰਾਜ ਦੇ ਚਰਨਾਂ ਚ ਬੇਨਤੀ ਕਰ....ਸਾਰੇ ਦੁੱਖ ਉਹ ਆਪੇ ਦੂਰ ਕਰੂ.."

ਓਹਨੇ ਨਜਰ ਘੁਮਾ ਕੇ ਦੇਖਿਆ.... ਨਾਲ ਬੈਠੇ ਬਜ਼ੁਰਗ ਦਾ ਹੱਥ ਓਹਦੇ ਮੋਢੇ ਤੇ ਸੀ....

ਮਨ ਇੱਕ ਵਾਰ ਫੇਰ ਵੈਰਾਗ ਨਾਲ ਭਰ ਆਇਆ....
"ਦੁੱਖ ਤਾਂ ਦੂਰ ਹੋ ਗਏ ਬਾਬਾ..."

ਏਨਾ ਆਖ ਉਹ ਉੱਠਿਆ.... ਓਹਦੇ ਕਦਮਾਂ ਵਿੱਚ ਇੱਕ ਨਵੀਂ ਤਾਕਤ ਸੀ...ਸਿਰ ਤੋਂ ਜਿਵੇਂ ਮਣਾਂ-ਮੂਹੀਂ ਬੋਝ ਲੱਥ ਗਿਆ ਹੋਵੇ।

ਬਾਹਰ ਆ ਕੇ ਦੇਖਿਆ.... ਦੋਹੇਂ ਮਾਂ-ਪੁੱਤ ਸਰੋਵਰ ਦੇ ਕੰਢੇ ਬਹਿ ਓਹਦੀ ਉਡੀਕ ਕਰ ਰਹੇ ਸਨ।

"ਆਜੋ ਵਈ ਚੱਲੀਏ..."

ਦਰਸ਼ਨੀ ਡਿਊੜੀ ਤੇ ਸਿਰ ਝੁਕਾ ਉਹਨੇ ਅਰਜ ਕੀਤੀ
"ਲੈ ਸੱਚੇ ਪਾਤਸ਼ਾਹ....ਮੈਂ ਵੀ ਆਵਦਾ ਸਾਰਾ ਬੋਝ ਤੇਰੇ ਚਰਨਾਂ ਚ ਛੱਡ ਚੱਲਿਆਂ..."

ਗੱਡੀ ਹੌਲੀ-ਹੌਲੀ ਸ਼ਹਿਰ ਤੋਂ ਬਾਹਰ ਵੱਲ ਵਧ ਰਹੀ ਸੀ....
"ਛੇਤੀ ਚੱਲੋ ਜੀ....ਵਾਹਵਾ ਟਾਈਮ ਲੱਗ ਗਿਆ ਆਪਾਂ ਨੂੰ..."

"ਫਿਕਰ ਨਾ ਕਰ ਕਮਲੀਏ....ਆਪਾਂ ਕਿਹੜਾ ਬਾਹਲੀ ਦੂਰ ਜਾਣਾ....ਆਹ ਨਾਲ ਈ ਤਾਂ ਹੈਗਾ ਅਮ੍ਰਿਤਸਰ ਸਾਹਿਬ.."

"ਹੈਂ....ਤੇ ਪਿੰਡ ਕਿਹੜੇ ਵੇਲੇ ਜਾਵਾਂਗੇ ਜੀ.."

"ਪਿੰਡ ਤੜਕੇ ਹੀ ਚੱਲਾਂਗੇ ਹੁਣ..."

(ਸਮਾਪਤ)

✍: ਗੈਰੀ ਢਿੱਲੋਂ 
991583122
5