ਸ. ਜਰਨੈਲ ਸਿੰਘ ਬਣੇ ਲੋਕ ਚੇਤਿਆਂ ਦਾ ਭਾਗ

ਸ. ਜਰਨੈਲ ਸਿੰਘ ਬਣੇ ਲੋਕ ਚੇਤਿਆਂ ਦਾ ਭਾਗ

ਕੌਮ ਖ਼ਾਤਰ ਆਪਣਾ ਕੈਰੀਅਰ ਦਾਅ ‘ਤੇ ਲਾਉਣ ਵਾਲੇ ਗੁਰਸਿੱਖ

ਸ. ਜਰਨੈਲ ਸਿੰਘ ਦਾ ਨਾਂਅ ਸਿੱਖ ਜਗਤ ਅਤੇ ਬਾਕੀ ਸੰਸਾਰ ਨੇ ਪਹਿਲੀ ਵਾਰ ਉਦੋਂ ਸੁਣਿਆ ਸੀ ਜਦੋਂ ਉਹਨਾਂ 7 ਅ੍ਰਪੈਲ 2009 ਦੇ ਦਿਨ ਭਾਰਤ ਦੇ ਗ੍ਰਹਿ-ਮੰਤਰੀ ਪੀ. ਚਿਦੰਬਰਮ ਵੱਲ ਜੁੱਤੀ ਸੁੱਟੀ ਸੀ। ਉਸ ਮੌਕੇ ਦੇਸ਼ ‘ਚ ਲੋਕ ਸਭਾ ਚੋਣਾਂ ਦਾ ਮਾਹੌਲ ਸੀ ਅਤੇ ਕਾਂਗਰਸ ਪਾਰਟੀ ਨੇ ਦਿੱਲੀ ‘ਚ ਆਪਣੇ ਉਮੀਦਵਾਰਾਂ ਦੇ ਤੌਰ ‘ਤੇ ਦੋ ਕਾਤਲ ਵਿਅਕਤੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਨੂੰ ਟਿਕਟਾਂ ਦੇ ਦਿੱਤੀਆਂ ਸਨ। ਸ. ਜਰਨੈਲ ਸਿੰਘ ਨੇ ਇਸ ਬਾਰੇ ਜਦੋਂ ਗ੍ਰਹਿ-ਮੰਤਰੀ ਨੂੰ ਸਵਾਲ ਕੀਤਾ ਤਾਂ ਉਸਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਵਿਰੋਧ ਦਰਜ ਕਰਾਉਂਦਿਆਂ ਸ. ਜਰਨੈਲ ਸਿੰਘ ਨੇ ਆਪਣੀ ਜੁੱਤੀ ਲਾਹ ਕੇ ਚਿਦੰਬਰਮ ਵੱਲ ਸੁੱਟ ਦਿੱਤੀਕੇਂਦਰ ‘ਚ ਕਾਂਗਰਸ ਦੀ ਹੀ ਸਰਕਾਰ ਸੀ। ਉਹਨਾਂ ਸਿੱਖਾਂ ਦੇ ਗ਼ੁੱਸੇ ਨੂੰ ਵੇਖਦੇ ਹੋਏ ਨਾ ਸਿਰਫ ਟਾਈਟਲਰ ਅਤੇ ਸੱਜਣ ਕੁਮਾਰ ਦੀਆਂ ਟਿਕਟਾਂ ਹੀ ਕੱਟੀਆਂ ਬਲਕਿ ਸ. ਜਰਨੈਲ ਸਿੰਘ ‘ਤੇ ਕੋਈ ਪਰਚਾ ਦਰਜ ਨਾ ਕੀਤਾ। ਸ. ਜਰਨੈਲ ਸਿੰਘ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਉਹਨਾਂ ਦਾ ਤਰੀਕਾ ਗਲਤ ਸੀ। ਪਰ ਆਪਣਾ ਵਿਰੋਧ ਦਰਜ ਕਰਾਉਣ ਦਾ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ ਬਚਿਆ। ਇਸ ਘਟਨਾ ਤੱਕ ਸ. ਜਰਨੈਲ ਸਿੰਘ ਦੈਨਿਕ ਜਾਗਰਣ ਅਖਬਾਰ ‘ਚ ਸੀਨੀਅਰ ਪੱਤਰਕਾਰ ਸਨ। ਅਖਬਾਰ ਨੇ ਉਹਨਾਂ ਨੂੰ ਨੌਕਰੀ ‘ਤੋਂ ਕੱਢ ਦਿੱਤਾ। 

ਇਸ ਮਗਰੋਂ ਸ. ਜਰਨੈਲ ਸਿੰਘ ਨੇ ਸਾਲ 2009 ‘ਚ ਹੀ 1984 ਦੇ ਕਤਲੇਆਮ ‘ਤੇ ਆਧਾਰਿਤ ਕਿਤਾਬ ਲਿਖੀ। ਕਿਤਾਬ ਦਾ ਨਾਂਅ ‘I accuse, The anti-Sikh violence of 1984’ ਸੀ। ਕਿਤਾਬ ‘ਚ ਸ. ਜਰਨੈਲ ਸਿੰਘ ਨੇ ਆਪਣੇ ਅੱਖੀਂ-ਡਿੱਠੇ ਕਤਲੇਆਮ ਦਾ ਬਿਓਰਾ ਦਿੱਤਾ। 1984 ਵੇਲੇ ਸ. ਜਰਨੈਲ ਸਿੰਘ ਦੀ ਉਮਰ 11 ਸਾਲ ਸੀ। ਸ. ਜਰਨੈਲ ਸਿੰਘ ਸੁਪਰੀਮ-ਕੋਰਟ, ਜੰਤਰ-ਮੰਤਰ ਆਦਿ ਬਾਹਰ ਲੱਗਦੇ ਧਰਨਿਆਂ-ਮੁਜ਼ਾਹਰਿਆਂ ‘ਚ ਪਹੁੰਚਦੇ। ਸਿੱਖ ਜਗਤ ‘ਚ ਉਹਨਾਂ ਦੀ ਪਛਾਣ ਬਣ ਚੁੱਕੀ ਸੀ। ਉਹਨਾਂ ਦਿਨਾਂ ‘ਚ ਰਾਸ਼ਟਰੀ ਚੈਨਲ ਐਨ.ਡੀ.ਟੀਵੀ ਦੇ ਪ੍ਰਾਈਮ-ਟਾਈਮ ਵਿਦ ਰਵੀਸ਼ ਕੁਮਾਰ ‘ਚ ਸ. ਜਰਨੈਲ ਸਿੰਘ ਕਈ ਵਾਰ ਵੇਖੇ ਗਏ। ਜਦੋਂ ਮਸਲਾ 1984, ਭਾਈ ਭੁੱਲਰ ਜਾਂ ਰਾਜੋਆਣਾ ਦਾ ਹੁੰਦਾ ਤਾਂ ਖ਼ਾਸ ਕਰ ਉਹ ਮਹਿਮਾਨ ਹੁੰਦੇ। ਪੱਤਰਕਾਰ ਰਵੀਸ਼ ਕੁਮਾਰ ਨੇ ਵੀ ਲਿਖਿਆ ਕਿ ਹਰ ਇੱਕ ਵਿਅਕਤੀ ਨੂੰ ਸ. ਜਰਨੈਲ ਸਿੰਘ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਾਲ 2013 ‘ਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ। ਅਰਵਿੰਦ ਕੇਜਰੀਵਾਲ ਨੇ ਆਪਣੀ ਆਮ ਆਦਮੀ ਪਾਰਟੀ ਬਣਾ ਲਈ ਸੀ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਸੀ। ਉਸ ਨੇ ਦਿੱਲੀ ਦੇ ਸਿੱਖ ਚਿਹਰਿਆਂ ਖ਼ਾਸ ਕਰਕੇ ਜੋ 1984 ਦੇ ਕਤਲੇਆਮ ਨਾਲ ਜੁੜੇ ਹੋਏ ਸਨ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ। ਕੇਜਰੀਵਾਲ ਆਪ ਚੱਲ ਕੇ ਸ. ਜਰਨੈਲ ਸਿੰਘ ਦੇ ਘਰ ਗਿਆ ਅਤੇ ਉਹਨਾਂ ਨੂੰ ਵਿਧਾਨ ਸਭਾ ਚੋਣ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੜਨ ਦੀ ਬੇਨਤੀ ਕੀਤੀ। ਸ. ਜਰਨੈਲ ਸਿੰਘ ਨੇ ਇਹ ਬੇਨਤੀ ਪ੍ਰਵਾਨ ਕਰਦਿਆਂ ਆਪਣੀ ਜ਼ਿੰਦਗੀ ਦੀ ਪਹਿਲੀ ਚੋਣ ਦਿੱਲੀ ਦੇ ਵਿਧਾਨ ਸਭਾ ਹਲਕਾ ਰਾਜੌਰੀ ਗਾਰਡਨ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਲੜੀ। ਹਾਲਾਂਕਿ ਉਹ ਆਪਣੀ ਪਹਿਲੀ ਚੋਣ ਹਾਰ ਗਏ। ਉਹਨਾਂ ਸਾਲ 2014 ਦੀਆ ਲੋਕ ਸਭਾ ਚੋਣਾਂ ‘ਚ ਪੱਛਮੀ ਦਿੱਲੀ ਤੋਂ ਲੋਕ ਸਭਾ ਚੋਣ ਵੀ ਲੜੀ ਪਰ ਪੰਜਾਬ ਦੀਆਂ ਚਾਰ ਸੀਟਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਕਿਤੇ ਵੀ ਜਿੱਤ ਹਾਸਲ ਨਹੀਂ ਕਰ ਸਕੀ। ਪਰ ਕਿਉਂਕਿ ਕੇਜਰੀਵਾਲ ਦੀ ਪਹਿਲੀ ਸਰਕਾਰ ਸਿਰਫ 49 ਦਿਨ ਰਹੀ ਅਤੇ ਸਾਲ 2015 ‘ਚ ਦੁਬਾਰਾ ਚੋਣਾਂ ਹੋਈਆਂ ਤਾਂ ਇਸ ਵਾਰ ਸ. ਜਰਨੈਲ ਸਿੰਘ, ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਵੱਡੇ ਫਰਕ ਨਾਲ ਹਰਾ ਕੇ ਵਿਧਾਇਕ ਬਣੇ। 

ਉਹਨਾਂ ਦੀ ਦਿੱਲੀ ਵਿਧਾਨ ਸਭਾ ਦੀ ਤਕਰੀਰ ਜੋ ਕਿ 1984 ਦੇ ਕਤਲੇਆਮ ‘ਤੇ ਆਧਾਰਤ ਸੀ, ਬਹੁਤ ਹੀ ਭਾਵੁਕ ਕਰ ਦੇਣ ਵਾਲੀ ਸੀ। ਉਹ ਆਪ ਵੀ ਤਕਰੀਰ ਕਰਦੇ ਰੋਣ ਲੱਗ ਗਏ। ਹਾਲਾਂਕਿ ਬਤੌਰ ਵਿਧਾਇਕ ਸ. ਜਰਨੈਲ ਸਿੰਘ ਨੇ ਮਹਿਜ਼ ਡੇਢ ਕੁ ਸਾਲ ਹੀ ਕੰਮ ਕੀਤਾ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੇਜਰੀਵਾਲ ਨੇ ਸ. ਜਰਨੈਲ ਸਿੰਘ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦਵਾ ਕੇ ਪੰਜਾਬ ਦੇ ਲੰਬੀ ਹਲਕੇ ‘ਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਮੈਦਾਨ ‘ਚ ਉਤਾਰ ਦਿੱਤਾ। ਸ. ਜਰਨੈਲ ਸਿੰਘ ਮੁਤਾਬਕ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਚੱਲ ਕੇ ਆਏ ਅਤੇ ਉਹਨਾਂ ਦੀ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਹੁਣ ਆਪਣਾ ਜਰਨੈਲ ਸਿੰਘ ਇੱਕ ਵੱਡੀ ਲੜਾਈ ਲਈ ਤੋਰ ਦਿਉ। ਹਾਲਾਂਕਿ ਸ. ਜਰਨੈਲ ਸਿੰਘ ਇਹ ਚੋਣ ਲੜਨ ਲਈ ਰਾਜ਼ੀ ਨਹੀਂ ਸਨ ਅਤੇ ਨਾਲੇ ਪਹਿਲਾਂ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਫਿਰ ਲੰਬੀ ਤੋਂ ਚੋਣ ਲੜਾਉਣੀ ਬਿਲਕੁਲ ਹੀ ਬੇਤੁਕਾ ਫੈਸਲਾ ਸੀ। ਕਿਉਂਕਿ ਚੋਣ ਲੜਨ ਲਈ ਪਹਿਲਾਂ ਰਾਜੌਰੀ ਗਾਰਡਨ ਦੀ ਵਿਧਾਇਕੀ ਛੱਡਣੀ ਕੋਈ ਜ਼ਰੂਰੀ ਨਹੀਂ ਸੀ। ਇਸ ਪਿੱਛੇ ਸਿਰਫ ਅਰਵਿੰਦ ਕੇਜਰੀਵਾਲ ਦੀ ਬਦਨੀਅਤੀ ਸੀ ਜੋ ਕਿ ਬਾਅਦ ‘ਚ ਜ਼ਾਹਰ ਹੋ ਗਈ।

ਸੁਭਾਵਿਕ ਹੀ ਸੀ ਕਿ ਸ. ਜਰਨੈਲ ਸਿੰਘ ਲੰਬੀ ਦੀ ਸੀਟ ਨਹੀਂ ਜਿੱਤ ਸਕੇ। ਕਿਉਂਕਿ ਲੰਬੀ ‘ਚ ਹੀ ਚੋਣ ਲੜਨ ਕੈਪਟਨ ਅਮਰਿੰਦਰ ਸਿੰਘ ਆ ਗਏ ਸਨ। ਪਰ ਇਸ ਮਗਰੋਂ ਜਦੋਂ ਖਾਲ਼ੀ ਹੋਈ ਰਾਜੌਰੀ ਗਾਰਡਨ ਦੀ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਹੋਈ ਤਾਂ ਉੱਥੇ ਆਮ ਆਦਮੀ ਪਾਰਟੀ ਨੇ ਇੱਕ ਨਵੇਂ ਉਮੀਦਵਾਰ ਨੂੰ ਮੈਦਾਨ ‘ਚ ਉਤਾਰ ਦਿੱਤਾ। ਨਤੀਜੇ ਵਜੋਂ ਆਮ ਆਦਮੀ ਪਾਰਟੀ ਇਹ ਜ਼ਿਮਨੀ ਚੋਣ ਬੁਰੀ ਤਰਾਂ ਹਾਰ ਗਈ ਅਤੇ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੁਬਾਰਾ ਜਿੱਤ ਗਏ। ਅਰਵਿੰਦ ਕੇਜਰੀਵਾਲ ਦੀ ਬਦਨੀਅਤੀ ਉਦੋਂ ਜ਼ਾਹਰ ਹੋ ਗਈ ਜਦੋਂ ਉਸ ਨੇ ਇਸ ਜ਼ਿਮਨੀ ਚੋਣ ਦਾ ਨਤੀਜਾ ਆਉਣ ‘ਤੇ ਇਹ ਬਿਆਨ ਦਿੱਤਾ ਕਿ ਰਾਜੌਰੀ ਗਾਰਡਨ ਦੇ ਲੋਕਾਂ ਦੇ ਮਨਾਂ ਅੰਦਰ ਗ਼ੁੱਸਾ ਸੀ ਕਿ ਜਰਨੈਲ ਸਿੰਘ ਅਸਤੀਫ਼ਾ ਦੇ ਕੇ ਪੰਜਾਬ ਚੋਣ ਲੜਨ ਚਲੇ ਗਏ। ਇਸ ਮਗਰੋਂ ਨਾ ਤਾਂ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ‘ਚ ਮੈਂਬਰ ਹੀ ਬਣਾਇਆ ਅਤੇ ਨਾ ਹੀ ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ‘ਚ ਟਿਕਟ ਹੀ ਦਿੱਤੀ। 

ਸ. ਜਰਨੈਲ ਸਿੰਘ ਆਪਣੀਆਂ ਸਿਆਸੀ ਸਰਗਰਮੀਆਂ ਬੰਦ ਕਰ ਚੁੱਕੇ ਸਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਦੀ ਗੱਲ ਤੁਰੀ ਤਾਂ ਸ. ਜਰਨੈਲ ਸਿੰਘ ਨੇ ਇਸ ਦਾ ਖੁੱਲ੍ਹੇਆਮ ਵਿਰੋਧ ਕੀਤਾ। ਇਹੀ ਗੱਲ ਅਰਵਿੰਦ ਕੇਜਰੀਵਾਲ ਨੂੰ ਰੜਕ ਰਹੀ ਸੀ। ਆਖਰ ਪਿਛਲੇ ਸਾਲ (2020) ‘ਚ ਸ. ਜਰਨੈਲ ਸਿੰਘ ਦੀ ਇੱਕ ਵਿਵਾਦਤ ਫੇਸਬੁੱਕ ਲਿਖਤ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ। ਸ. ਜਰਨੈਲ ਸਿੰਘ ਨੇ ਕਦੇ ਵੀ ਵੱਡੇ ਪੱਧਰ ‘ਤੇ ਜਾ ਕੇ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਖ਼ਿਲਾਫ਼ ਮੋਰਚਾ ਨਹੀਂ ਖੋਲ੍ਹਿਆ। ਸਗੋਂ ਰਾਜਨੀਤਕ ਸਰਗਰਮੀਆਂ ਤੋਂ ਪਾਸਾ ਵੱਟ ਲਿਆ। ਸ਼ਾਇਦ ਉਹਨਾਂ ਦੇ ਮਨ ‘ਚ ਕਿਸੇ ਸਿਆਸੀ ਅਹੁਦੇ ਦੀ ਲਾਲਸਾ ਹੀ ਨਹੀਂ ਬਚੀ ਸੀ।ਸ. ਜਰਨੈਲ ਸਿੰਘ ਕੋਈ ਹੰਢੇ ਹੋਏ ਸਿਆਸਤਦਾਨ ਨਹੀਂ ਸਨ। ਬਲਕਿ ਉਹ ਤਾਂ ਸਿਆਸਤਦਾਨ ਹੈ ਹੀ ਨਹੀਂ ਸਨ। ਇਹ ਤਾਂ ਮੁਕੱਦਰ ਅਤੇ ਆਪਣੀ ਕੌਮ ਨਾਲ ਵਾਪਰੇ ਦੁਖਾਂਤ ਦੇ ਇਨਸਾਫ਼ ਲਈ ਅੰਦਰ ਪੈਂਦੀ ਖਿੱਚ ਉਹਨਾਂ ਨੂੰ ਇਸ ਖੇਤਰ ‘ਚ ਲੈ ਆਈ ਸੀ। ਕੌਮ ਖ਼ਾਤਰ ਆਪਣਾ ਕੈਰੀਅਰ ਦਾਅ ‘ਤੇ ਲਾਉਣ ਵਾਲੇ ਗੁਰਸਿੱਖ ਦਾ ਬੇਵਕਤੀ ਚਲਾਣਾ ਬੇਹੱਦ ਦੁੱਖਦਾਈ ਹੈ। ਗੁਰੂ ਮਹਾਂਰਾਜ ਮਰਹੂਮ ਸ. ਜਰਨੈਲ ਸਿੰਘ ਦੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ। 

 ਕਰਨਜੋਤ ਸਿੰਘ ਵਿਰਕ