ਬੱਚਿਆਂ ਦਾ ਭਵਿੱਖ ਹਨੇਰੇ 'ਚ ਨਾ ਜਾਵੇ !

 ਬੱਚਿਆਂ ਦਾ ਭਵਿੱਖ ਹਨੇਰੇ 'ਚ ਨਾ ਜਾਵੇ !

ਵਾਇਰਸ ਮਹਾਮਾਰੀ ਕਾਰਨ 3,621 ਬੱਚਿਆਂ ਦੇ ਮਾਪੇ ਗੁਜ਼ਰ ਗਏ

ਕਰੋਨਾ ਵਾਇਰਸ ਮਹਾਮਾਰੀ ਨੇ ਦੇਸ਼ ਵਿਚਲੀ ਸਿਹਤ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹਸਪਤਾਲਾਂ ਵਿਚ ਆਕਸੀਜਨ ਦੀ ਘਾਟ, ਦਵਾਈਆਂ ਦੀ ਘਾਟ ਅਤੇ  ਨਾਲ ਹੀ ਬੈੱਡਾਂ ਦੀ ਘਾਟ ਕਾਰਨ ਮਰੀਜ਼ ਸੜਕਾਂ ਉਤੇ ਹੀ ਲੇਟ ਕੇ ਜਿੰਦਗੀ-ਮੌਤ ਦੀ ਲੜਾਈ ਲੜਨ ਲਈ ਮਜਬੂਰ ਤੇ ਇਉਂ ਜਾਪਦਾ ਕਿ ਜਿਵੇਂ ਕਰ ਰਹੇ ਹੋਣ ਇੰਤਜ਼ਾਰ ਜੇ ਜੀਵਨ ਨਹੀਂ ਤਾ ਮੌਤ !  ਹਸਪਤਾਲਾਂ ਵਿਚ ਪ੍ਰਬੰਧਾਂ ਤੋਂ ਜਾਪ ਰਿਹਾ ਹੈ ਕਿ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ, ਹਾਲਾਤ ਇਹ ਹਨ ਕਿ  ਦੇਸ਼ ਵਿਚ ਬਹੁਤ ਸਾਰੇ ਹਸਪਤਾਲਾਂ ਨੇ ਆਪਣੇ ਗੇਟਾਂ ਦੇ ਬਾਹਰ ਇਹ ਲਿਖ ਕੇ ਲਾ ਦਿੱਤਾ ਸੀ, ਕਿ ਇਥੇ ਬੈੱਡ ਜਾਂ ਆਕਸੀਜਨ ਉਪਲਬਧ ਨਹੀਂ। ਸਿਹਤ ਖੇਤਰ ਦੇ ਕੁਝ ਮਾਹਿਰਾਂ ਨੇ ਕਰੋਨਾ ਦੀ ਦੂਜੀ ਲਹਿਰ ਬਾਰੇ ਚਿਤਾਵਨੀ ਦਿੱਤੀ ਸੀ ਪਰ ਸਰਕਾਰਾਂ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ। ਕਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਹਾਹਾਕਾਰ ਮਚੀ ਹੋਈ ਹੈ। ਕੇਂਦਰ ਅਤੇ ਰਾਜ ਸਰਕਾਰਾ ਵਲੋਂ ਟੀਕਾਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਕਰੋਨਾ ਵਾਇਰਸ ਮਹਾਮਾਰੀ ਕਾਰਨ ਅਨੇਕਾਂ ਹੀ ਘਰ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਕਈ ਮਾਪੇ ਆਪਣੇ ਬੱਚੇ ਗੁਆ ਚੁੱਕੇ, ਕਈ ਬੱਚੇ ਆਪਣੇ ਮਾਪੇ ਗੁਆ ਚੁੱਕੇ ਅਤੇ ਕਈ ਤਾ ਘਰ ਹੀ ਖਾਲੀ ਹੋਗਏ। ਕਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਲੋਕਾਂ ਦੇ ਦਰਦ ਨੂੰ ਸ਼ਬਦਾ 'ਚ ਬਿਆਨ ਨਹੀਂ ਕੀਤਾ ਜਾ ਸਕਦਾ।  ਕਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੇ ਮਾਪੇ ਗੁਆ ਚੁੱਕੇ ਬੱਚਿਆਂ ਦਾ ਦਰਦ ਬਹੁਤ ਵੱਡਾ ਹੈ,  ਇਨ੍ਹਾਂ ਬੱਚਿਆਂ ਦੇ ਦੁੱਖ ਦਾ ਅੰਤ ਨਹੀਂ ਜਿਹੜੇ ਅਨਾਥ ਹੋ ਗਏ ਹਨ, ਕਿੰਨੀ ਮੁਸ਼ਕਿਲ ਭਰੇ ਸਮੇਂ 'ਚੋ ਲੰਗ ਰਹੇ ਹੋਣਗੇ, ਇਨ੍ਹਾਂ ਬੱਚਿਆਂ ਨੂੰ ਅਨੇਕਾਂ ਨਵੀਆਂ ਮੁਸੀਬਤਾਂ ਦੇ ਨਾਲ-ਨਾਲ ਸਮਾਜਿਕ ਤੇ ਆਰਥਿਕ ਸਮੱਸਿਆਵਾ 'ਚੋ ਵੀ ਗੁਜਰਨਾ ਪੈ ਰਿਹਾ ਹੋਣੈ, ਇਨ੍ਹਾਂ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਨਾ ਜਾਵੇ ਇਸ ਲਈ ਸਰਕਾਰਾ, ਸਮਾਜ ਸੇਵੀ ਸੰਸਥਾਵਾਂ ਤੇ ਲੋਕਾ ਨੂੰ ਅੱਗੇ 'ਆ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕੌਮੀ ਬਾਲ ਅਧਿਕਾਰ ਕਮਿਸ਼ਨ ਦੇ ਦੱਸਣ ਅਨੁਸਾਰ ਕਰੋਨਾ ਵਾਇਰਸ ਮਹਾਮਾਰੀ ਕਾਰਨ 3,621 ਬੱਚਿਆਂ ਦੇ ਮਾਪੇ ਗੁਜ਼ਰ ਗਏ ਅਤੇ 26,000 ਤੋਂ ਵੱਧ ਅਜਿਹੇ ਹਨ ਜਿਨ੍ਹਾਂ ਦੀ ਮਾਂ ਜਾਂ ਪਿਤਾ ਵਿੱਚੋਂ ਇਕ ਦੀ ਮੌਤ ਹੋਈ । ਕਦੀ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ਾਂ 'ਚ ਇੰਨੀ ਵੱਡੀ ਸੰਖਿਆ 'ਚ ਬੱਚੇ ਅਨਾਥ ਹੋ ਜਾਣਗੇ। ਕੇਂਦਰ ਤੇ ਰਾਜ ਸਰਕਾਰਾ ਨੂੰ ਪੂਰੇ ਦੇਸ਼ 'ਚ ਪਹਿਲ ਦੇ ਅਧਾਰ ਤੇ ਉਨ੍ਹਾਂ ਬੱਚਿਆਂ ਦੀ ਸ਼ਨਾਖ਼ਤ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਜੋ ਕਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੇ ਮਾਤਾ-ਪਿਤਾ, ਦੇਖ-ਭਾਲ ਕਰਨ ਵਾਲੇ ਜਾਂ ਫਿਰ ਕਮਾਈ ਕਰਨ ਵਾਲਿਆਂ ਨੂੰ ਗੁਆ ਚੁੱਕੇ ਹਨ। ਮੌਜੂਦਾ ਸਮੇਂ ਅਜਿਹੇ ਬੱਚਿਆਂ ਦੀ ਸ਼ਨਾਖ਼ਤ  ਬੇਹੱਦ ਜ਼ਰੂਰੀ ਹੈ ਤਾ ਜੋ ਕੋਈ ਵੀ  ਗ਼ੈਰ-ਕਾਨੂੰਨੀ ਢੰਗ ਨਾਲ ਬੱਚਿਆਂ ਨੂੰ ਗੋਦ ਨਾ ਲੈ ਸਕੇ ਅਤੇ ਨਾ ਹੀ ਇਨ੍ਹਾਂ ਦੀ ਚੱਲ-ਅਚੱਲ ਸੰਮਪੱਤੀ ਤੇ ਕਾਬਜ ਨਾ ਹੋ ਸਕੇ।  ਪਿਛਲੇ ਲੰਬੇ ਸਮੇਂ ਤੋਂ  ਸਰਕਾਰਾ ਕੋਸ਼ਿਸ ਕਰ ਰਹੀਆਂ ਹਨ ਕਿ ਦੇਸ਼ ਵਿੱਚੋ ਬਾਲ-ਮਜਦੂਰੀ ਖਤਮ ਕੀਤੇ ਜਾਵੇ, ਕਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੇਆ ਨੂੰ ਗੁਆ ਚੁੱਕੇ ਇਨ੍ਹਾਂ ਬੱਚਿਆਂ ਦੀ ਜੇਕਰ  ਸਮੇਂ ਸਿਰ ਸਹਾਇਆ ਨਾ ਹੋਈ ਤਾ ਕਿਤੇ ਇਨ੍ਹਾਂ ਦੀਆਂ ਮਜਬੂਰੀਆਂ ਇਨ੍ਹਾਂ ਨੂੰ ਬਾਲ-ਮਜਦੂਰੀ ਵੱਲ ਨਾ ਧੱਕ ਦੇਣ, ਸੋ ਇਨ੍ਹਾਂ ਅਨਾਥ ਹੋਏ ਬੱਚਿਆਂ ਦੀ ਸ਼ਨਾਖ਼ਤ ਕਰ ਇਨ੍ਹਾਂ ਦੀ ਸਹਾਇਤਾ ਪਹਿਲ ਦੇ ਅਧਾਰ ਤੇ ਕਰਨੀ ਬਣਦੀ ਹੈ। 

 

ਹਰਮਨਪ੍ਰੀਤ ਸਿੰਘ,

ਸਰਹਿੰਦ, ਜ਼ਿਲ੍ਹਾ : ਫ਼ਤਹਿਗੜ੍ਹ  ਸਾਹਿਬ,

ਸੰਪਰਕ : 98550 10005