18 ਨੁਕਤੀ 'ਤੇ ਹੁਕਮ ਲੈ ਕੇ ਬਿਨਾਂ ਰਾਹੁਲ ਗਾਂਧੀ ਨੂੰ ਮਿਲੇ ਪੰਜਾਬ ਪਰਤੇ ਕੈਪਟਨ

18 ਨੁਕਤੀ 'ਤੇ ਹੁਕਮ ਲੈ ਕੇ ਬਿਨਾਂ ਰਾਹੁਲ ਗਾਂਧੀ ਨੂੰ ਮਿਲੇ ਪੰਜਾਬ ਪਰਤੇ ਕੈਪਟਨ

• ਸਿੱਧੂ  ਹੋਣਗੇ  ਦਿੱਲੀ ਤਲਬ-ਰਾਵਤ • ਜੁਲਾਈ 'ਚ ਮਿਲੇਗਾ ਨਵਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ • 

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ -ਲਗਾਤਾਰ 3 ਦਿਨ ਮੁਲਾਕਾਤਾਂ ਦੇ ਦੌਰ ਤੋਂ ਬਾਅਦ ਵੀ ਦਿੱਲੀ ਪਹੁੰਚੇ ਪੰਜਾਬ ਦੇ ਸਿਆਸੀ ਮਾਮਲੇ ਦਾ ਹਾਲ ਪਾਣੀ 'ਚ ਮਧਾਣੀ ਵਾਲਾ ਹੋਇਆ ਪਿਆ ਹੈ । ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਜਿਹੇ ਸੰਵੇਦਨਸ਼ੀਲ ਮੁੱਦੇ ਸਮੇਤ 18 ਨੁਕਤਿਆਂ 'ਤੇ ਹਾਈਕਮਾਨ ਵਲੋਂ ਗਠਿਤ ਕਮੇਟੀ ਤੋਂ ਨਿਰਦੇਸ਼ ਲੈ ਕੇ ਵਾਪਸ ਪਰਤ ਗਏ ਹਨ, ਉੱਥੇ ਮਾਮਲੇ ਦੀ ਦੂਜੀ ਧਿਰ ਬਣੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀਆਂ ਜਨਤਕ ਬਿਆਨਬਾਜ਼ੀਆਂ ਦੇ ਚਲਦਿਆਂ ਛੇਤੀ ਹੀ ਦਿੱਲੀ ਤਲਬ ਕੀਤਾ ਜਾਵੇਗਾ । ਰਾਹੁਲ ਗਾਂਧੀ ਨੇ ਆਪਣੀ ਰਿਹਾਇਸ਼ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ । ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੈਪਟਨ ਮੰਤਰੀ ਮੰਡਲ ਦੇ ਨਾਰਾਜ਼ ਮੰਤਰੀਆਂ ਅਤੇ ਵਿਧਾਇਕਾਂ ਨਾਲ ਅਤੇ ਕੁਝ ਸੰਸਦ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ । 1 ਜੂਨ ਤੋਂ ਸ਼ੁਰੂ ਹੋਈ ਮੁਲਾਕਾਤਾਂ ਦੀ ਇਸ ਕਵਾਇਦ ਦੇ ਬਿਨਾਂ ਕਿਸੇ ਫ਼ੈਸਲੇ ਦੇ ਇੰਜ ਲਟਕਣ ਨਾਲ ਕਈ ਕਾਂਗਰਸੀ ਆਗੂ ਹਾਈਕਮਾਨ ਤੋਂ ਵੀ ਖਫ਼ਾ ਹਨ ।ਕਾਂਗਰਸੀ ਹਲਕਿਆਂ ਨੇ 'ਕਿਹਾ ਕਿ ਹਾਈਕਮਾਨ ਵਲੋਂ ਇਸ ਨੂੰ ਕੈਪਟਨ ਬਨਾਮ ਸਿੱਧੂ ਦਾ ਮਾਮਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ | ਉਨ੍ਹਾਂ 'ਚੋਂ ਕੁਝ ਕੁ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਜਿਵੇਂ ਸਾਰੀ ਕਵਾਇਦ ਕੈਪਟਨ ਨੂੰ ਹੋਰ ਸਮਾਂ ਦੇਣ ਲਈ ਅਤੇ ਕਿਸੇ ਤਰ੍ਹਾਂ ਸਿੱਧੂ ਨੂੰ ਵਾਜਬ ਭੂਮਿਕਾ ਦੇਣ ਲਈ ਹੀ ਕੀਤੀ ਗਈ ਹੈ ਅਤੇ ਇਸ ਸਭ 'ਚ ਪੰਜਾਬ ਦੇ ਪੱਖੋਂ ਜਿਹੜੇ ਜਾਇਜ਼ ਅਤੇ ਅਹਿਮ ਮੁੱਦੇ ਹਨ ਉਹ ਗੁਆਚ ਗਏ ਹਨ ।

ਬਿਨਾਂ ਹਾਈਕਮਾਨ ਨੂੰ ਮਿਲੇ ਵਾਪਸ ਪਰਤੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਦਿੱਲੀ 'ਚ ਤਿੰਨ ਮੈਂਬਰੀ ਕਮੇਟੀ, ਜਿਸ 'ਚ ਮਲਿਕ ਅਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ.ਪੀ.ਅਗਰਵਾਲ ਹਨ, ਨੂੰ ਮਿਲ ਕੇ ਬੁੱਧਵਾਰ ਨੂੰ ਵਾਪਸ ਪਰਤ ਗਏ ਹਨ ।ਕੈਪਟਨ ਨੇ ਹਾਲ ਹੀ 'ਚ ਕੀਤੀਆਂ ਦੋਵਾਂ ਫੇਰੀਆਂ, ਜਿਸ 'ਚ ਕਮੇਟੀ ਅੱਗੇ ਪੇਸ਼ ਹੋਏ, ਦੌਰਾਨ ਹਾਈਕਮਾਨ ਨਾਲ ਮੁਲਾਕਾਤ ਨਹੀਂ ਕੀਤੀ ।ਹਾਲਾਂਕਿ ਇਸ ਸਬੰਧ 'ਚ ਪੁੱਛੇ ਜਾਣ 'ਤੇ ਰਾਵਤ ਨੇ ਕਿਹਾ ਕਿ ਜਿਹੜੇ ਆਗੂ ਨੂੰ ਜਿਸ ਨਾਲ ਮੁਲਾਕਾਤ ਦੀ ਲੋੜ ਹੈ ਉਹ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ । ਰਾਵਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਲਾਗੂ ਹੋਣ ਸਬੰਧੀ ਕੁਝ ਜਾਣਕਾਰੀ ਲੈਣ ਲਈ ਕੈਪਟਨ ਨੂੰ ਦਿੱਲੀ ਬੁਲਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਕਮੇਟੀ ਨੇ 18 ਮੁੱਦਿਆਂ 'ਤੇ ਕੈਪਟਨ ਨੂੰ ਸੀਮਤ ਸਮੇਂ ਹੱਦ 'ਚ ਕਾਰਵਾਈ ਕਰਨ ਨੂੰ ਕਿਹਾ ਹੈ ਹਾਲਾਂਕਿ ਵਾਰ-ਵਾਰ ਪੁੱਛੇ ਜਾਣ 'ਤੇ ਵੀ ਰਾਵਤ ਨੇ ਉਸ ਸਮੇਂ ਹੱਦ ਬਾਰੇ ਕੁਝ ਵੀ ਹੋਰ ਨਹੀਂ ਦੱਸਿਆ ਅਤੇ ਸਿਰਫ਼ ਏਨਾ ਹੀ ਕਿਹਾ ਕਿ ਕੈਪਟਨ ਨੂੰ ਇਕ ਡੈੱਡਲਾਈਨ ਦਿੱਤੀ ਗਈ ਹੈ । ਕਮੇਟੀ ਵਲੋਂ ਦਿੱਤੇ ਗਏ 18 ਮੁੱਦਿਆਂ 'ਚ ਸਭ ਤੋਂ ਅਹਿਮ ਬਰਗਾੜੀ ਦਾ ਮਾਮਲਾ ਹੈ ।ਇਸ ਤੋਂ ਇਲਾਵਾ ਨਸ਼ਿਆਂ, ਰੇਤ ਮਾਫ਼ੀਆ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ, ਟਰਾਂਸਪੋਰਟ ਮਾਫ਼ੀਆ ਆਦਿ ਮੁੱਦੇ ਸ਼ਾਮਿਲ ਹਨ । ਹਰੀਸ਼ ਰਾਵਤ ਨੇ ਆਪਣੇ ਬਿਆਨ 'ਚ ਪੰਜਾਬ ਦੇ ਸ਼ਹਿਰੀ ਤਬਕੇ ਲਈ ਸੌਗਾਤ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਸ਼ਹਿਰਾਂ 'ਚ ਰਹਿਣ ਵਾਲਿਆਂ ਨੂੰ 200 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾਵੇਗੀ ।ਹਾਲਾਂਕਿ ਇਸ ਦਾ ਐਲਾਨ ਮੁੱਖ ਮੰਤਰੀ ਵਲੋੋਂ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤਾ ਜਾਵੇਗਾ ।

ਸਿੱਧੂ ਨੂੰ ਬੁਲਾਇਆ ਜਾਵੇਗਾ ਦਿੱਲੀ-ਰਾਵਤ

ਚਰਚਾਵਾਂ 'ਚ ਰਹਿ ਰਹੀ ਸਿੱਧੂ ਦੀ ਬਿਆਨਬਾਜ਼ੀ ਨੂੰ ਲੈ ਕੇ ਰਾਵਤ ਨੇ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਦਾ ਸਮਾਂ ਗ਼ਲਤ ਹੈ । ਉਨ੍ਹਾਂ ਕਿਹਾ ਕਿ ਸਿੱਧੂ ਦੀ ਬਿਆਨਬਾਜ਼ੀ ਹਾਈਕਮਾਨ ਦੇ ਨੋਟਿਸ 'ਚ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਦਿੱਲੀ ਤਲਬ ਕੀਤਾ ਜਾਵੇਗਾ | ਹਾਲਾਂਕਿ ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਕਾਂਗਰਸ ਸਿੱਧੂ ਦੀ ਸਮਰੱਥਾ ਦੀ ਵਰਤੋਂ ਕਰਨ ਦਾ ਰਸਤਾ ਕੱਢੇਗੀ । ਜ਼ਿਕਰਯੋਗ ਹੈ ਕਿ ਕੈਪਟਨ ਅਤੇ ਸਿੱਧੂ ਅੜਿੱਕੇ 'ਚ ਜਿੱਥੇ ਸਿੱਧੂ ਨੇ ਤਿੱਖੇ ਸੁਰਾਂ 'ਚ ਮੀਡੀਆ 'ਚ ਇਹ ਬਿਆਨ ਦਿੱਤਾ ਕਿ ਉਹ ਕੋਈ ਦਰਸ਼ਨੀ ਘੋੜੇ ਨਹੀਂ ਹਨ ਉੱਥੇ ਕੈਪਟਨ ਨੇ ਉਨ੍ਹਾਂ ਦੇ ਬਿਆਨਾਂ 'ਤੇ ਸਖ਼ਤ ਇਤਰਾਜ਼ ਕਰਦਿਆਂ ਕਮੇਟੀ ਅੱਗੇ ਆਪਣੀ ਨਾਰਾਜ਼ਗੀ ਪ੍ਰਗਟਾਈ ਸੀ ।ਪੰਜਾਬ ਕਾਂਗਰਸ ਪ੍ਰਧਾਨ ਦੇ ਪਿਛਲੇ ਡੇਢ ਸਾਲ ਤੋਂ ਲਟਕ ਰਹੇ ਮਾਮਲੇ ਦਾ ਫ਼ੈਸਲਾ ਜੁਲਾਈ 'ਚ ਹੋਣ ਦੀ ਸੰਭਾਵਨਾ ਹੈ । ਹਰੀਸ਼ ਰਾਵਤ ਨੇ ਕਿਹਾ ਕਿ 8 ਤੋਂ 10 ਜੁਲਾਈ ਤੱਕ ਪ੍ਰਧਾਨ ਤੈਅ ਕਰ ਲਿਆ ਜਾਵੇਗਾ ।