ਭਾਰਤ ਅਤੇ ਚੀਨ ਵਿਚਾਲੇ ਲੜਾਈ ਦਾ ਕੇਂਦਰ ਬਣ ਰਹੇ ਇਲਾਕੇ 'ਤੇ ਸਿੱਖ ਰਾਜ ਦਾ ਦਾਅਵਾ

ਭਾਰਤ ਅਤੇ ਚੀਨ ਵਿਚਾਲੇ ਲੜਾਈ ਦਾ ਕੇਂਦਰ ਬਣ ਰਹੇ ਇਲਾਕੇ 'ਤੇ ਸਿੱਖ ਰਾਜ ਦਾ ਦਾਅਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਲੱਦਾਖ ਵਿਚ ਇਸ ਸਮੇਂ ਭਾਰਤ ਅਤੇ ਚੀਨ ਦੀਆਂ ਫੌਜਾਂ ਆਹਮੋ-ਸਾਹਮਣੇ ਖੜ੍ਹੀਆਂ ਹਨ। ਭਾਰਤ ਵੱਲੋਂ ਵਾਹੇ ਗਏ ਨਕਸ਼ੇ ਵਿਚਲੇ 16 ਕਿਲੋਮੀਟਰ ਦੇ ਇਲਾਕੇ 'ਤੇ ਚੀਨ ਨੇ ਕਬਜ਼ਾ ਕਰ ਲਿਆ ਹੈ। ਚੀਨ ਇਸ ਇਲਾਕੇ ਨੂੰ ਤਿੱਬਤ ਦਾ ਹਿੱਸਾ ਦਸਦਿਆਂ ਇਸ 'ਤੇ ਆਪਣਾ ਹੱਕ ਦੱਸ ਰਿਹਾ ਹੈ। ਭਾਰਤ ਅਤੇ ਚੀਨ ਦਰਮਿਆਨ ਉੱਚ ਪੱਧਰੀ ਫੌਜੀ ਗੱਲਬਾਤ ਦੇ ਕਈ ਦੌਰ ਚੱਲ ਚੁੱਕੇ ਹਨ ਪਰ ਚੀਨ ਇਲਾਕੇ ਤੋਂ ਕਬਜ਼ਾ ਛੱਡਣ ਲਈ ਤਿਆਰ ਨਹੀਂ ਹੈ। ਬੁੱਧਵਾਰ ਨੂੰ ਵੀ ਭਾਰਤ ਅਤੇ ਚੀਨ ਦੇ ਮੇਜਰ ਜਨਰਲ ਪੱਧਰ ਦੇ ਫੌਜੀ ਅਫਸਰਾਂ ਦਰਮਿਆਨ ਮਸਲਾ ਸੁਲਝਾਉਣ ਲਈ ਗੱਲਬਾਤ ਹੋਈ। ਲੱਦਾਖ ਦੇ ਜਿਸ ਖਿੱਤੇ 'ਤੇ ਇਹ ਦੋਵੇਂ ਮੁਲਕ ਲੜ ਰਹੇ ਹਨ, ਇਸ ਖਿੱਤੇ 'ਤੇ ਸਿੱਖਾਂ ਦਾ ਵੀ ਦਾਅਵਾ ਬਣਦਾ ਹੈ। ਸਿੱਖਾਂ ਦਾ ਦਾਅਵਾ ਮਜ਼ਬੂਤ ਇਸ ਕਰਕੇ ਹੈ ਕਿਉਂਕਿ ਸਿੱਖ ਰਾਜ ਨੇ ਇਸ ਖਿੱਤੇ ਨੂੰ ਲੜਾਈ ਵਿਚ ਜਿੱਤਿਆ ਸੀ ਜਦਕਿ ਭਾਰਤ ਅਤੇ ਚੀਨ ਦੇ ਇਸ ਖਿੱਤੇ 'ਤੇ ਦਾਅਵੇ ਵਿਵਾਦਤ ਹਨ।

ਸਿੱਖਾਂ ਦਾ ਮਜ਼ਬੂਤ ਦਾਅਵਾ ਕਿਵੇਂ?
19ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿਚ ਲੱਦਾਖ ਉੱਤੇ ਨਮਗਿਆਲ ਸਾਮਰਾਜ ਦਾ ਰਾਜ ਸੀ। 1802 ਵਿਚ ਲੱਦਾਖ ਦੇ ਰਾਜੇ ਟਸੇਟਨ ਨਮਗਿਆਲ ਦੀ ਮੌਤ ਮਗਰੋਂ ਰਾਜ ਵਿਚ ਖਾਨਾਜੰਗੀ ਛਿੜ ਗਈ। ਇਹਨਾਂ ਹਾਲਾਤਾਂ 'ਚ ਲੱਦਾਖ ਦੇ ਇਕ ਗਵਰਨਰ ਨੇ ਕਸ਼ਮੀਰ ਦੇ ਕਿਸ਼ਤਵਾੜ ਵਿਚ ਨਿਯੁਕਤ ਸਿੱਖ ਰਾਜ ਦੇ ਗਵਰਨਰ ਜੋਰਾਵਰ ਸਿੰਘ ਨੂੰ ਮਦਦ ਲਈ ਅਪੀਲ ਕੀਤੀ। ਇਸ ਅਪੀਲ 'ਤੇ ਕਾਰਵਾਈ ਕਰਦਿਆਂ ਜਰਨੈਲ ਜੋਰਾਵਰ ਸਿੰਘ ਨੇ 1834 ਦੇ ਅਪ੍ਰੈਲ ਮਹੀਨੇ ਸਿੱਖ ਫੌਜਾਂ ਨਾਲ ਲੱਦਾਖ ਵੱਲ ਚਾਲੇ ਪਾਏ। 

ਲੱਦਾਖ ਦੇ ਗਵਰਨਰ ਨੇ ਸਿੱਖ ਫੌਜ ਦੀ ਚੜ੍ਹਾਈ ਦੀ ਖਬਰ ਲੇਹ ਭੇਜੀ ਅਤੇ ਦੋ ਦਿਨਾਂ ਦੀ ਜੰਗ ਤੋਂ ਬਾਅਦ ਸਿੱਖ ਫੌਜ ਨੇ ਲੱਦਾਖ 'ਤੇ ਜਿੱਤ ਹਾਸਲ ਕਰ ਲਈ। ਅਪ੍ਰੈਲ 1835 ਤੱਕ ਲੱਦਾਖ ਰਾਜ ਦੇ ਰਾਜੇ ਨੇ ਆਪਣੀ ਹਾਰ ਮੰਨਦਿਆਂ ਸਿੱਖ ਰਾਜ ਦੀ ਅਧੀਨਗੀ ਪ੍ਰਵਾਨ ਕਰ ਲਈ ਤੇ ਸਾਲਾਨਾ 20000 ਰੁਪਇਆ ਭਰਨਾ ਮਨਜ਼ੂਰ ਕੀਤਾ। 

ਇਸ ਤੋਂ ਬਾਅਦ ਜਦੋਂ ਜਰਨੈਲ ਜੋਰਾਵਰ ਸਿੰਘ ਸਿੱਖ ਫੌਜਾਂ ਨਾਲ ਵਾਪਸ ਕਸ਼ਮੀਰ ਪਰਤ ਆਇਆ ਤਾਂ ਪਿੱਛੋਂ ਲੱਦਾਖੀਆਂ ਨੇ ਬਗਾਵਤ ਕਰ ਦਿੱਤੀ। ਇਸ ਦੀ ਖਬਰ ਮਿਲਦਿਆਂ ਜੋਰਾਵਰ ਸਿੰਘ ਨੇ ਫੇਰ ਨਵੰਬਰ 1835 ਵਿਚ ਲੱਦਾਖ ਵੱਲ ਚੜ੍ਹਾਈ ਕੀਤੀ ਅਤੇ ਲੱਦਾਖੀਆਂ ਨੇ ਇਕ ਵਾਰ ਫੇਰ ਸਿੱਖ ਰਾਜ ਦੀ ਅਧੀਨਗੀ ਕਬੂਲ ਕੀਤੀ। 

1841 ਵਿਚ ਜੋਰਵਾਰ ਸਿੰਘ ਦੀ ਅਗਵਾਈ 'ਚ ਸਿੱਖ ਰਾਜ ਦੀਆਂ ਫੌਜਾਂ ਨੇ ਲੱਦਾਖ ਤੋਂ ਅੱਗੇ ਤਿੱਬਤ ਵੱਲ ਚੜ੍ਹਾਈ ਕੀਤੀ। ਤਿੱਬਤ ਦੇ ਲਿਖਾਰੀ "Tsepon W. D. Shakabpa" ਦੀ ਲਿਖੀ ਕਿਤਾਬ "Tibet A Political History" ਮੁਤਾਬਕ ਜੋਰਾਵਰ ਸਿੰਘ ਦੀ ਅਗਵਾਈ ਵਿਚ ਸਿੱਖ ਅਤੇ ਲੱਦਾਖੀ ਫੌਜੀ ਤਿੱਬਤ ਅੰਦਰ ਦਾਖਲ ਹੋਏ ਤੇ ਪੱਛਮੀ ਤਿੱਬਤ ਦੇ ਨਗਾਰੀ ਕੋਰਸੂਮ ਵਿਚ ਇਹਨਾਂ ਦਾ ਤਿੱਬਤ ਦੀ ਫੌਜ ਨਾਲ ਟਾਕਰਾ ਹੋਇਆ। ਲੇਖਕ ਮੁਤਾਬਕ ਇਸ ਜੰਗ ਵਿਚ ਸਿੱਖ ਫੌਜ ਨੇ ਤਿੱਬਤ ਦੀਆਂ ਫੌਜਾਂ ਨੂੰ ਹਰਾ ਦਿੱਤਾ ਅਤੇ ਸਿੱਖ ਫੌਜ ਅੱਗੇ ਪੁਰਾਂਗ ਵੱਲ ਵਧੀ। ਇਹ ਲੇਖਕ ਤਿੱਬਤ ਦਾ ਨਾਮੀਂ ਵਿਦਵਾਨ ਹੈ ਜੋ ਤਿੱਬਤ ਦੀ ਸਰਕਾਰ ਵਿਚ ਵਿੱਤ ਮੰਤਰੀ ਵੀ ਰਿਹਾ।


ਗੂਗਲ ਮੈਪ ਵਿਚ ਦਰਸਾਏ ਗਏ ਥਾਂ: ਲਾਹੌਰ, ਅੰਮ੍ਰਿਤਸਰ (ਸਿੱਖ ਰਾਜ ਦੀ ਰਾਜਧਾਨੀ); ਲੇਹ ਅਤੇ ਤਿੱਬਤ ਦਾ ਨਗਾਰੀ ਕੋਰਸੂਮ ਜਿੱਥੇ ਜੰਗ ਹੋਈ ਸੀ। 

ਪੁਰਾਂਗ ਦੇ ਤਕਲਾਖਰ ਇਲਾਕੇ ਵਿਚ ਸਿੱਖਾਂ ਅਤੇ ਤਿੱਬਤੀਆਂ ਦਰਮਿਆਨ ਹੋਰ ਜੰਗ ਹੋਈ। ਇਸ ਸਮੇਂ ਇਸ ਇਲਾਕੇ ਵਿਚ ਬਰਫ ਪੈਣੀ ਸ਼ੁਰੂ ਹੋ ਗਈ ਸੀ ਅਤੇ ਸਿੱਖ ਫੌਜਾਂ ਇਸ ਮੌਸਮ ਵਿਚ ਲੜਨ ਦੀਆਂ ਆਦੀ ਨਹੀਂ ਸਨ। ਕੁਦਰਤੀ ਹਾਲਾਤਾਂ ਦੇ ਚਲਦਿਆਂ ਸਿੱਖ ਫੌਜ ਇਸ ਜੰਗ ਵਿਚ ਹਾਰ ਗਈ ਅਤੇ ਜਰਨੈਲ ਜੋਰਾਵਰ ਸਿੰਘ ਇਸ ਜੰਗ ਵਿਚ ਮਾਰਿਆ ਗਿਆ। ਤਿੱਬਤੀ ਫੌਜਾਂ ਨੇ ਜਰਨੈਲ ਜੋਰਾਵਰ ਸਿੰਘ ਦਾ ਸਿਰ ਧੜ ਤੋਂ ਵੱਖ ਕੀਤਾ ਅਤੇ ਆਪਣੇ ਲੋਕਾਂ ਨੂੰ ਵਖਾਉਣ ਲਈ ਲੈ ਕੇ ਗਏ।

ਪ੍ਰਾਪਤ ਵੇਰਵਿਆਂ ਮੁਤਾਬਕ ਇਸ ਜੰਗ ਵਿਚ 3000 ਸਿੱਖ ਮਾਰੇ ਗਏ, ਸੱਤ ਸੌ ਸਿੱਖਾਂ ਅਤੇ ਦੋ ਲੱਦਾਖੀ ਮੰਤਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਜੰਗ ਤੋਂ ਬਾਅਦ ਸਰਕਾਰ ਖਾਲਸਾ (ਸਿੱਖ ਰਾਜ) ਅਤੇ ਤਿੱਬਤ ਦੀ ਸਰਕਾਰ ਦਰਮਿਆਨ 1942 ਵਿਚ ਇਤਿਹਾਸਕ ਸੰਧੀ ਹੋਈ। ਲੇਖਕ "Tsepon W. D. Shakabpa" ਦੀ ਕਿਤਾਬ "One Hundred Thousand Moons: An Advanced Political History of Tibet" ਵਿਚ ਦਰਜ ਇਸ ਸੰਧੀ ਮੁਤਾਬਕ ਸਰਕਾਰ ਖਾਲਸਾ ਦੇ ਮਹਾਰਾਜਾ ਅਤੇ ਤਿੱਬਤ ਦੇ ਦਲਾਈ ਲਾਮਾ ਦਰਮਿਆਨ ਇਸ ਜੰਗ ਤੋਂ ਪਹਿਲਿਆਂ ਤੈਅ ਹੱਦਾਂ ਦਾ ਸਤਿਕਾਰ ਕਰਨ ਦਾ ਵਾਅਦਾ ਕੀਤਾ ਗਿਆ ਅਤੇ ਲੱਦਾਖ ਤੇ ਤਿੱਬਤ ਦਰਮਿਆਨ ਆਵਾਜਾਈ ਲਈ ਖੁੱਲ੍ਹਾ ਲਾਂਘਾ ਸਥਾਪਤ ਰੱਖਣ ਦੀ ਗੱਲ ਤੈਅ ਹੋਈ। 


ਲੱਦਾਖ ਵਿਚ ਬਾਸਗੋ ਨਾਮੀਂ ਉਹ ਥਾਂ ਜਿੱਥੇ ਸਿੱਖ ਰਾਜ ਅਤੇ ਤਿੱਬਤ ਦਰਮਿਆਨ 1842 ਵਿਚ ਇਤਿਹਾਸਕ ਸੰਧੀ ਹੋਈ ਸੀ

ਸਰਕਾਰ ਖਾਲਸਾ ਅਤੇ ਤਿੱਬਤ ਸਰਕਾਰ ਦਰਮਿਆਨ ਹੋਈ ਇਸ ਸੰਧੀ ਦੇ ਅਧਾਰ 'ਤੇ ਹੀ ਬਰਤਾਨਵੀ ਭਾਰਤ ਅਤੇ ਤਿੱਬਤ ਦਰਮਿਆਨ 1914 ਵਿਚ ਸਰਹੱਦ ਤੈਅ ਕਰਨ ਵਾਲੀ ਮੈਕਮੋਹਨ ਲਾਈਨ ਖਿੱਚੀ ਗਈ। ਚੀਨ ਨੇ ਇਸ ਮੈਕਮੋਹਨ ਲਾਈਨ ਨੂੰ ਨਾ ਮੰਨਦਿਆਂ ਭਾਰਤ ਵਾਲੇ ਹਿੱਸੇ 'ਚ ਪੈਂਦੇ ਲੱਦਾਖ ਵਿਚਲੇ ਅਕਸਾਈ ਚਿਨ ਦੇ ਇਲਾਕੇ ਨੂੰ ਤਿੱਬਤ ਦਾ ਹਿੱਸਾ ਦਸਦਿਆਂ ਆਪਣੇ ਕਬਜ਼ੇ ਵਿਚ ਕਰ ਲਿਆ। ਇਸ ਇਲਾਕੇ ਦੇ ਕਬਜ਼ੇ ਤੋਂ ਬਾਅਦ ਦੀ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਸਥਿਤੀ ਨੂੰ ਤੈਅ ਕਰਨ ਲਈ ਐਲ.ਏ.ਸੀ ਵਾਹੀ ਗਈ, ਜਿਸ ਨੂੰ ਲਾਈਨ ਆਫ ਐਕਚੁਅਲ ਕੰਟਰੋਲ ਕਿਹਾ ਜਾਂਦਾ ਹੈ। ਹੁਣ ਚੀਨ ਨੇ ਇਸ ਲਾਈਨ ਆਫ ਐਕਚੁਅਲ਼ ਕੰਟਰੋਲ ਤੋਂ ਵੀ ਕਈ ਕਿਲੋਮੀਟਰ ਅੰਦਰ ਤਕ ਕਬਜ਼ਾ ਕਰ ਲਿਆ ਹੈ ਜਿਸ ਕਾਰਨ ਦੋਵਾਂ ਮੁਲਕਾਂ ਦਰਮਿਆਨ ਤਣਾਅ ਬਣਿਆ ਹੋਇਆ ਹੈ। 

ਭਾਰਤ ਅਤੇ ਚੀਨ ਦੇ ਦਾਅਵੇ 'ਤੇ ਸਵਾਲ ਕਿਉਂ?
1849 ਵਿਚ ਸਿੱਖ ਰਾਜ ਨਾਲ ਗੱਦਾਰੀ ਕਰਨ ਦੇ ਇਵਜ਼ ਵਿਚ ਡੋਗਰੇ ਗੁਲਾਬ ਸਿੰਘ ਨੂੰ ਅੰਗਰੇਜ਼ਾਂ ਨੇ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਇਲਾਕੇ ਰਿਆਸਤ ਵਜੋਂ ਦੇ ਦਿੱਤੇ। ਡੋਗਰੇ ਗੁਲਾਬ ਸਿੰਘ ਦਾ ਰਾਜ ਅੰਗਰੇਜ਼ਾਂ ਦੀ ਅਧੀਨਗੀ ਵਿਚ ਹੀ ਸੀ, ਜਿਸ ਨੂੰ ਅੰਗਰੇਜ਼ਾਂ ਨੇ ਸਿੱਖਾਂ ਤੋਂ ਜਿੱਤਿਆ ਸੀ। 1947 ਵਿਚ ਅੰਗਰੇਜ਼ ਇਸ ਖਿੱਤੇ ਨੂੰ ਅਜ਼ਾਦ ਕਰਕੇ ਜਦੋਂ ਬਰਤਾਨੀਆ ਗਏ ਤਾਂ ਹਿੰਦੂ ਅਤੇ ਮੁਸਲਿਮ ਬਹੁਗਿਣਤੀਆਂ ਦੇ ਅਧਾਰ 'ਤੇ ਦੋ ਨਵੇਂ ਦੇਸ਼ ਹਿੰਦੁਸਤਾਨ ਅਤੇ ਪਾਕਿਸਤਾਨ ਹੋਂਦ ਵਿਚ ਆਏ ਅਤੇ ਜੰਮੂ ਕਸ਼ਮੀਰ ਦੀ ਰਿਆਸਤ ਇਹਨਾਂ ਦੋਵਾਂ ਮੁਲਕਾਂ ਦਰਮਿਆਨ ਸਦੀਵੀ ਵਿਵਾਦ ਬਣ ਗਈ। ਅੰਗਰੇਜ਼ਾਂ ਵੱਲੋਂ ਇਹ ਇਲਾਕਾ ਸਿੱਖ ਰਾਜ ਤੋਂ ਜਿੱਤਿਆ ਗਿਆ ਸੀ, ਪਰ ਹੁਣ ਇਹ ਖਿੱਤਾ ਪਾਕਿਸਤਾਨ, ਹਿੰਦੁਸਤਾਨ ਅਤੇ ਚੀਨ ਦੇ ਕਬਜ਼ੇ ਹੇਠ ਹੈ। ਸਿੱਖ ਭਾਰਤ ਖਿਲਾਫ ਆਪਣੇ ਖੁੱਸੇ ਰਾਜ ਨੂੰ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ। ਬਰਤਾਨੀਆ ਦੇ ਵਾਪਸ ਪਰਤ ਜਾਣ ਦੇ ਚਲਦਿਆਂ ਇਸ ਇਲਾਕੇ ਦੀ ਆਖਰੀ ਜੇਤੂ ਧਿਰ ਸਿੱਖ ਹੀ ਹਨ ਤੇ ਭਾਰਤ ਦਾ ਇਕ ਰਾਜ ਬਤੌਰ ਇਸ ਖਿੱਤੇ 'ਤੇ ਦਾਅਵਾ ਵਿਵਾਦਤ ਹੈ।

ਚੀਨ ਦੇ ਸੰਧਰਭ ਵਿਚ ਦੇਖੀਏ ਤਾਂ ਚੀਨ ਵੱਲੋਂ 1950 ਵਿਚ ਤਿੱਬਤ 'ਤੇ ਕਬਜ਼ਾ ਕੀਤਾ ਗਿਆ ਅਤੇ ਤਿੱਬਤ ਵੱਲੋਂ ਚੀਨ ਤੋਂ ਅਜ਼ਾਦੀ ਲਈ ਸੰਘਰਸ਼ ਲੜਿਆ ਜਾ ਰਿਹਾ ਹੈ। ਤਿੱਬਤ ਕੋਲ ਆਪਣੇ ਅਜ਼ਾਦ ਰਾਜ ਦਾ ਇਕ ਅਹਿਮ ਦਸਤਾਵੇਜ ਉਸਦੀ ਸਰਕਾਰ ਖਾਲਸਾ ਨਾਲ ਹੋਈ 1942 ਦੀ ਸੰਧੀ ਹੈ। ਇਹਨਾਂ ਤੱਥਾਂ ਦੇ ਅਧਾਰ 'ਤੇ ਇਸ ਖਿੱਤੇ ਬਾਰੇ ਕੋਈ ਵੀ ਫੈਂਸਲਾ ਕਰਨ ਲਈ ਸਭ ਤੋਂ ਵਾਜਬ ਹੱਕ ਸਿੱਖ ਰਾਜ ਅਤੇ ਤਿੱਬਤ ਦਾ ਬਣਦਾ ਹੈ।