ਕੀ ਹੈ ਇਮਤਿਹਾਨਾਂ ਦਾ ਰੇੜਕਾ ਤੇ ਕੌਣ ਕਰ ਰਿਹਾ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ?

ਕੀ ਹੈ ਇਮਤਿਹਾਨਾਂ ਦਾ ਰੇੜਕਾ ਤੇ ਕੌਣ ਕਰ ਰਿਹਾ ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ?

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਮਾਰਚ ਮਹੀਨੇ ਤੋਂ ਬੰਦ ਪਈਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਹੁਣ ਇਮਤਿਹਾਨਾਂ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵਿਚਕਾਰ ਰੇੜਕਾ ਬਣਿਆ ਹੋਇਆ ਹੈ। ਜਿੱਥੇ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਆਖਰੀ ਸਾਲ ਦੇ ਵਿਦਿਆਰਥੀਆਂ ਦੇ ਇਮਤਿਹਾਨ ਲੈਣ ਲਈ ਬਜਿੱਦ ਹੈ ਉੱਥੇ ਵਿਦਿਆਰਥੀਆਂ ਵੱਲੋਂ ਸਿਹਤ ਸਬੰਧੀ ਖਤਰਿਆਂ ਅਤੇ ਜਮਾਤਾਂ ਨਾ ਲੱਗਣ ਕਾਰਨ ਪੜ੍ਹਾਈ ਵਿਚ ਆਈ ਖੜੋਤ ਦੇ ਚਲਦਿਆਂ ਇਮਤਿਹਾਨ ਲੈਣ ਦਾ ਵਿਰੋਧ ਕੀਤਾ ਜਾ ਰਿਹਾ ਹੈ। 

ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕ੍ਰਮਵਾਰ 10 ਜੁਲਾਈ ਅਤੇ 1 ਜੁਲਾਈ ਤੋਂ ਆਖਰੀ ਸਾਲ ਦੇ ਵਿਦਿਆਰਥੀਆਂ ਦੇ ਇਮਤਿਹਾਨਾਂ ਦੀ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਿਹਾ ਗਿਆ ਹੈ ਕਿ ਜੁਲਾਈ ਵਿਚ ਇਮਤਿਹਾਨ ਲਏ ਜਾਣਗੇ ਤੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰ ਦਾ ਢਾਂਚਾ ਜਾਰੀ ਕਰ ਦਿੱਤਾ ਗਿਆ ਹੈ। 

ਬੀਤੇ ਕੱਲ੍ਹ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਟਵਿਟਰ 'ਤੇ ਇਮਤਿਹਾਨਾਂ ਵਿਰੁੱਧ ਮੁਹਿੰਮ ਚਲਾਈ ਗਈ ਜੋ ਕਈ ਘੰਟੇ ਟਵਿਟਰ 'ਤੇ ਟਰੈਂਡਿੰਗ ਵਿਚ ਰਹੀ। ਵਿਦਿਆਰਥੀਆਂ ਵੱਲੋਂ ਲਗਾਤਾਰ ਚੁੱਕੇ ਜਾ ਰਹੇ ਇਸ ਮਸਲੇ ਬਾਰੇ ਸਮੁੱਚੀ ਰਾਜਨੀਤਕ ਜਮਾਤ ਚੁੱਪ ਧਾਰੀ ਬੈਠੀ ਹੈ ਤੇ ਯੂਨੀਵਰਸਿਟੀਆਂ ਆਏ ਦਿਨ ਇਮਤਿਹਾਨ ਲੈਣ ਦੇ ਨਵੇਂ ਨਿਰਦੇਸ਼ ਜਾਰੀ ਕਰਕੇ ਵਿਦਿਆਰਥੀਆਂ ਨੂੰ ਫਿਕਰਮੰਦ ਕਰ ਰਹੀਆਂ ਹਨ। 

ਵਿਦਿਆਰਥੀ ਕਿਉਂ ਕਰ ਰਹੇ ਹਨ ਵਿਰੋਧ?
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਆਨਲਾਈਨ ਕਲਾਸਾਂ ਦੇ ਅਧਾਰ 'ਤੇ ਇਮਤਿਹਾਨ ਲੈਣ ਜਾ ਰਹੀ ਹੈ ਜੋ ਕਿ ਭਾਰਤ ਵਰਗੇ ਮੁਲਕ ਵਿਚ ਕਦੇ ਵੀ ਯੋਗ ਨਹੀਂ ਕਿਹਾ ਜਾ ਸਕਦਾ, ਜਿੱਥੇ ਸਾਰੇ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਰਾਹੀਂ ਪੜ੍ਹਨ ਦੇ ਯੋਗ ਵਸੀਲੇ ਨਹੀਂ ਹਨ। ਇਸ ਤੋਂ ਇਲਾਵਾ ਆਨਲਾਈਨ ਕਲਾਸਾਂ ਰਾਹੀਂ ਪਾਠਕ੍ਰਮ ਪੂਰਾ ਨਹੀਂ ਕਰਵਾਇਆ ਜਾ ਸਕਿਆ ਹੈ। ਵਿਦਿਆਰਥੀਆਂ ਦਾ ਦੂਜਾ ਤੌਖਲਾ ਸਿਹਤ ਸਬੰਧੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਸਾਰੇ ਪਾਸੇ ਸਾਰਕਾਰ ਸੋਸ਼ਲ ਡਿਸਟੈਂਸਿੰਗ ਰੱਖਣ ਦਾ ਪ੍ਰਚਾਰ ਕਰ ਰਹੀ ਹੈ ਅਤੇ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਉਸ ਸਮੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚ ਦੁਬਾਰਾ ਬੁਲਾਉਣਾ ਵਿਦਿਆਰਥੀਆਂ ਦੇ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਵਾਲੀ ਗੱਲ ਹੈ। 

ਦੱਸ ਦਈਏ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਬਹੁਤ ਵਿਦਿਆਰਥੀ ਜੋ ਇਕ ਦਮ ਲਾਏ ਗਏ ਲਾਕਡਾਊਨ ਵਿਚ ਫਸ ਗਏ ਸਨ ਉਹ ਕੁੱਝ ਸਮਾਂ ਪਹਿਲਾਂ ਹੀ ਆਪਣੇ ਘਰਾਂ ਨੂੰ ਗਏ ਹਨ ਤੇ ਬਹੁਤੇ ਵਿਦਿਆਰਥੀ ਸਰਕਾਰਾਂ ਵੱਲੋਂ ਤੈਅ ਇਕਾਂਤਵਾਸ ਕੱਟ ਕੇ ਹਟੇ ਹਨ। ਉਹਨਾਂ ਨੂੰ ਹੁਣ ਫੇਰ ਇਹਨਾਂ ਹਾਲਾਤਾਂ ਵਿਚ ਲੰਬਾ ਸਫਰ ਕਰਨ ਲਈ ਮਜ਼ਬੂਰ ਕਰਨਾ ਵਿਦਿਆਰਥੀਆਂ ਨਾਲ ਸਰਕਾਰ ਦਾ ਵੱਡਾ ਧੱਕਾ ਮੰਨਿਆ ਜਾ ਰਿਹਾ ਹੈ। 

ਯੂਨੀਵਰਸਿਟੀਆਂ ਵਿਚ ਦੁਬਾਰਾ ਪਰਤਣ ਦੇ ਹਾਲਾਤਾਂ ਵਿਚ ਵਿਦਿਆਰਥੀਆਂ ਨੂੰ ਸਿਰਫ ਸਫਰ ਕਰਨ ਵਿਚ ਹੀ ਨਹੀਂ, ਬਲਕਿ ਰਿਹਾਇਸ਼ ਲਈ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਕਈ ਯੂਨੀਵਰਸਿਟੀਆਂ ਵਿਚ ਹੋਸਟਲਾਂ ਨੂੰ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਕੇਂਦਰ ਵੀ ਬਣਾਇਆ ਜਾ ਚੁੱਕਾ ਹੈ। ਇਹਨਾਂ ਸਾਰੇ ਹਾਲਾਤਾਂ ਵਿਚ ਮਾਪੇ ਬੱਚਿਆਂ ਨੂੰ ਇਮਤਿਹਾਨ ਦੇਣ ਲਈ ਭੇਜਣ ਤੋਂ ਡਰ ਰਹੇ ਹਨ। 

ਵਿਦਿਆਰਥੀ ਜਥੇਬੰਦੀਆਂ ਕੀ ਕਹਿੰਦੀਆਂ ਹਨ?
ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨਾਂ 'ਤੇ ਬਿਨ੍ਹਾਂ ਉਪਰੋਕਤ ਸਮੱਸਿਆਵਾਂ ਦਾ ਧਿਆਨ ਕੀਤਿਆਂ ਐਲਾਨ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਵਿਦਿਆਰਥੀ ਜਥੇਬੰਦੀ ਸੱਥ ਦੇ ਬੁਲਾਰੇ ਸੁਖਮਿੰਦਰ ਸਿੰਘ ਨੇ ਕਿਹਾ ਕਿ 12-13 ਸਾਲਾਂ ਤੋਂ ਇਸ ਵਿਦਿਅਕ ਢਾਂਚੇ ਵਿਚ ਇਮਤਿਹਾਨ ਦਿੰਦੇ ਆ ਰਹੇ ਵਿਦਿਆਰਥੀਆਂ ਨੂੰ ਅਜਿਹੇ ਹਾਲਾਤਾਂ ਵਿਚ ਜੇ ਕਿਸੇ ਹੋਰ ਪ੍ਰਣਾਲੀ ਨਾਲ ਇਮਤਿਹਾਨ ਲਏ ਬਿਨ੍ਹਾਂ ਪਾਸ ਕਰ ਦਿੱਤਾ ਜਾਵੇ ਤਾਂ ਸਹੀ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰ ਨੂੰ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਧਿਆਨ 'ਚ ਰੱਖਦਿਆਂ ਇਸ ਸਮੈਸਟਰ ਇਮਤਿਹਾਨ ਲੈਣ ਦਾ ਫੈਂਸਲਾ ਬਿਲਕੁਲ ਰੱਦ ਕਰਕੇ ਸਿੱਖਿਆ ਨਾਲ ਸਬੰਧਿਤ ਮਾਹਰਾਂ ਅਤੇ ਵਿਦਿਆਰਥੀ ਜਥੇਬੰਦੀਆਂ ਤੋਂ ਇਕ ਸੀਮਤ ਸਮੇਂ ਵਿਚ ਪਾਸ ਕਰਨ ਦੀ ਪ੍ਰਣਾਲੀ ਬਾਰੇ ਸਲਾਹਾਂ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਉਪਰੰਤ ਫੈਂਸਲਾ ਕਰਨਾ ਚਾਹੀਦਾ ਹੈ। 

ਵਿਦਿਆਰਥੀ ਜਥੇਬੰਦੀ ਸੋਈ ਦੇ ਆਗੂ ਚੇਤਨ ਚੌਧਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੀ ਹਾਲਤ ਨੂੰ ਦੇਖਦਿਆਂ ਆਈਆੲਟੀ ਬੋਂਬੇ, ਆਈਆਈਟੀ ਕਾਨਪੁਰ, ਆਈਆੲਟੀ ਖੜਗਪੁਰ, ਪੰਜਾਬ ਇੰਜੀਨੀਅਰਿੰਗ ਕਾਲਜ ਆਦਿ ਨਾਮਵਰ ਸਿੱਖਿਆ ਸੰਸਥਾਵਾਂ ਜਦੋਂ ਵਿਦਿਆਰਥੀਆਂ ਨੂੰ ਬਿਨ੍ਹਾਂ ਇਮਤਿਹਾਨਾਂ ਤੋਂ ਪਾਸ ਕਰ ਸਕਦੀਆਂ ਹਨ ਤਾਂ ਫੇਰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਵਿਦਿਆਰਥੀ ਬਿਨ੍ਹਾਂ ਇਮਤਿਹਾਨਾਂ ਤੋਂ ਪਾਸ ਕਿਉਂ ਨਹੀਂ ਕੀਤੇ ਜਾ ਸਕਦੇ। 

ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਐਸਐਫਐਸ, ਡੀਐਸਓ, ਪੀਆਰਐਸਯੂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਇਮਤਿਹਾਨ ਲੈਣ ਦੀ ਕੋਈ ਤੁਕ ਨਹੀਂ ਬਣਦੀ। ਉਹਨਾਂ ਮੰਗ ਕੀਤੀ ਕਿ ਯੂਨੀਵਰਸਿਟੀਆਂ ਖੋਲ੍ਹ ਕੇ ਪਹਿਲਾਂ ਇਕ ਮਹੀਨਾ ਕਲਾਸਾਂ ਲਾਈਆਂ ਜਾਣ ਉਸ ਤੋਂ ਬਾਅਦ ਇਮਤਿਹਾਨ ਲਏ ਜਾਣ।