ਸਿੱਖ ਫੁੱਟਬਾਲ ਕੱਪ ਤੋਂ ਨਵੀਂ ਉਮੀਦ : ਖਿਡਾਰੀਆਂ ਦੀ ਦਿੱਖ, ਖੇਡਾਂ ਦੀ ਦਸ਼ਾ ਤੇ ਦਿਸ਼ਾ ਹੋਵੇਗੀ ਤਬਦੀਲ

ਸਿੱਖ ਫੁੱਟਬਾਲ ਕੱਪ ਤੋਂ ਨਵੀਂ ਉਮੀਦ : ਖਿਡਾਰੀਆਂ ਦੀ ਦਿੱਖ, ਖੇਡਾਂ ਦੀ ਦਸ਼ਾ ਤੇ ਦਿਸ਼ਾ ਹੋਵੇਗੀ ਤਬਦੀਲ

ਸਾਬਤ-ਸੂਰਤ ਖਿਡਾਰੀਆਂ ਵਾਲੇ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਖਾਲਸਾ ਐਫ.ਸੀ. ਜਲੰਧਰ ਬਣਿਆ ਚੈਪੀਅਨ
ਹਰ ਮੈਚ ਵੇਲੇ ਸਟੇਡੀਅਮਾਂ ’ਚ ਖਾਲਸਾਈ ਰੰਗ ਵਿੱਚ ਰੰਗਿਆ ਮਾਹੌਲ ਰਿਹਾ

ਨਰੋਏ ਸਿੱਖ ਸਮਾਜ ਦੀ ਸਿਰਜਣਾ ਕਰਨ, ਖੇਡਾਂ ਵਿੱਚ ਸਾਬਤ-ਸੂਰਤ ਦਿੱਖ ਨੂੰ ਪ੍ਰਫੁੱਲਿਤ ਕਰਨ, ਖੇਡਾਂ ਵਿੱਚ ਡੋਪਿੰਗ ਅਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਅਤੇ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਨੂੰ ਉਜਾਗਰ ਕਰਨ ਦੇ ਮੰਤਵ ਹੇਠ ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵੱਲੋਂ ਪੰਜਾਬ ਵਿਚ ਪਹਿਲਾ ਸਿੱਖ ਫੁੱਟਬਾਲ ਕੱਪ ਫਰਵਰੀ ਮਹੀਨੇ ਕਰਵਾਇਆ ਗਿਆ। ਇਸ ਨਿਵੇਕਲੇ ਪਲੇਠੇ ਟੂਰਨਾਮੈਂਟ ਦੀ ਵਿਸ਼ੇਸ਼ਤਾ ਇਹ ਸੀ ਕਿ ਭਾਗ ਲੈਣ ਵਾਲੀਆਂ ਪੰਜਾਬ ਦੇ ਸਾਰੇ ਜਿਲਿਆਂ ਸਮੇਤ ਚੰਡੀਗੜ ਤੋਂ ਕੁੱਲ 23 ਟੀਮਾਂ ਦੇ ਸਾਰੇ ਖਿਡਾਰੀ ਸਾਬਤ-ਸੂਰਤ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਿੱਖ ਕੱਪ ਜਿੱਤਣ ਦਾ ਮਾਣ ਖਾਲਸਾ ਐਫ.ਸੀ. ਜਲੰਧਰ ਦੇ ਹਿੱਸੇ ਆਇਆ ਹੈ। ਖਾਲਸਾ ਕਾਲਜ ਅੰਮਿ੍ਰਤਸਰ ਤੋਂ 30 ਜਨਵਰੀਂ ਨੂੰ ਆਰੰਭ ਹੋਏ ਅਤੇ 8 ਫਰਵਰੀ ਨੂੰ ਚੰਡੀਗੜ ਵਿਖੇ ਖਤਮ ਹੋਏ ਆਪਣੀ ਕਿਸਮ ਦੇ ਇਸ ਫੁੱਟਬਾਲ ਟੂਰਨਾਮੈਂਟ ਦੇ ਕੁੱਲ 22 ਮੈਚ ਪੰਜਾਬ ਦੇ ਵੱਖ-ਵੱਖ ਸਟੇਡੀਅਮਾਂ ਵਿਚ ਕਰਵਾਏ ਗਏ ਤਾਂ ਜੋ ਆਮ ਲੋਕ ਸਾਬਤ-ਸੂਰਤ ਟੀਮਾਂ ਤੇ ਖਿਡਾਰੀਆਂ ਬਾਰੇ ਜਾਣੂ ਹੋ ਸਕਣ। ਇਹ ਮੈਚ ਅੰਮਿ੍ਰਤਸਰ, ਮਸਤੂਆਣਾ ਸਾਹਿਬ, ਮਾਤਾ ਗੁਜਰੀ ਕਾਲਜ ਫਤਿਹਗੜ ਸਾਹਿਬ, ਨਿੱਕੇ ਘੁੰਮਣ (ਗੁਰਦਾਸਪੁਰ), ਸੰਤ ਬਾਬਾ ਭਾਗ ਯੂਨੀਵਰਸਿਟੀ ਜਲੰਧਰ, ਘਲੋਟੀ (ਮੋਗਾ), ਜੀਰਾ, ਗਿੱਲ (ਮੁੱਦਕੀ) ਵਿਖੇ ਖੇਡੇ ਗਏ।

ਕਲੱਬ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਅਗਵਾਈ ਹੇਠ ਫੁੱਟਬਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਏ ਕੇਸਾਧਾਰੀ ਸਿੱਖ ਫੁੱਟਬਾਲ ਕੱਪ ਦੀ ਚੁਫੇਰਿਓਂ ਪ੍ਰਸੰਸਾ ਹੋਈ ਅਤੇ ਪੰਜਾਬ ਸਮੇਤ ਦੇਸ਼-ਵਿਦੇਸ਼ ਵਿਚ ਇਹ ਟੂਰਨਾਮੈਂਟ ਖਿੱਚ ਦਾ ਕੇਂਦਰ ਰਿਹਾ। ਗਲੋਬਲ ਪੰਜਾਬ ਟੀਵੀ ਨੇ ਸਿੱਧਾ ਪ੍ਰਸਾਰਣ ਕੀਤਾ ਜਿਸ ਨੂੰ ਹਜਾਰਾਂ ਦਰਸ਼ਕਾਂ ਨੇ ਦੇਸ਼-ਵਿਦੇਸ਼ ਵਿੱਚ ਦੇਖਿਆ।

ਪਹਿਲੀ ਵਾਰ ਹੈ ਕਿ ਕਿਸੇ ਖੇਡ ਵਿੱਚ ਟੂਰਨਾਮੈਂਟਾਂ ਦੌਰਾਨ ਹਰ ਥਾਂਈਂ ਖਾਲਸਾਈ ਰੰਗ ਵਿੱਚ ਰੰਗਿਆ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਹਰੇਕ ਮੈਚ ਤੋਂ ਪਹਿਲਾਂ ਪੰਜ ਮੂਲਮੰਤਰ ਦੇ ਪਾਠਾਂ ਦੇ ਜਾਪ ਕਰਵਾਏ ਗਏ। ਉਪਰੰਤ ਟੂਰਨਾਮੈਂਟ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ। ਕਈ ਥਾਈਂ ਦੇਗ ਵੀ ਵਰਤਾਈ ਗਈ। ਸਿੱਖ ਕੌਮ ਦੀ ਚੜਦੀ ਕਲਾ ਦੇ ਪ੍ਰਤੀਕ ਜੰਗਜੂ ਕਲਾ ਗੱਤਕੇ ਦਾ ਪ੍ਰਦਰਸ਼ਨ ਵੀ ਹੁੰਦਾ ਰਿਹਾ।

ਪੰਜਾਬ ਫੁੱਟਬਾਲ ਐਸੋਸੀਏਸ਼ਨ ਤੋ ਮਾਨਤਾ ਪ੍ਰਾਪਤ ਇਸ ਫੁੱਟਬਾਲ ਕੱਪ ਵਿੱਚ ਪੰਜਾਬ ਦੇ 22 ਜਿਲਿਆਂ ਤੋਂ ਇਲਾਵਾ ਚੰਡੀਗੜ ਸਮੇਤ 23 ਟੀਮਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਕੁੱਲ 23 ਸਟੇਡੀਅਮਾਂ ਵਿੱਚ ਮਾਹਿਰ ਕੋਚਾਂ ਨੇ ਹਰ ਜਿਲੇ ਦੀ 20 ਮੈਂਬਰੀ ਟੀਮ ਦੀ ਬਾਕਾਇਦਾ ਚੋਣ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਖਿਡਾਰੀਆਂ ਦੇ ਟਰਾਇਲ ਲੈ ਕੇ ਕੀਤੀ। ਵੱਖ-ਵੱਖ ਜਿਲਿਆਂ ਵਿੱਚ ਹੋਏ ਇੰਨਾਂ ਟਰਾਇਲਾਂ ਵਿੱਚ ਕੁੱਲ 3,500 ਤੋਂ ਉਪਰ ਸਾਬਤ-ਸੂਰਤ ਖਿਡਾਰੀ ਸ਼ਾਮਲ ਹੋਏ। ਖਾਲਸਾ ਐਫ.ਸੀ. ਦੀ ਵੈਬਸਾਈਟ ’ਤੇ ਇੰਨਾਂ ਖਿਡਾਰੀਆਂ ਦੀ ਆਨਲਾਈਨ ਰਜ਼ਿਸਟਰੇਸ਼ਨ ਕੀਤੀ ਗਈ।

ਦਸ ਦਿਨ ਚੱਲੇ ਇਸ ਸਿੱਖ ਫੁੱਟਬਾਲ ਕੱਪ ਦੌਰਾਨ ਖਾਲਸਾ ਐਫ.ਸੀ. ਦੀਆਂ ਗੁਰਦਾਸਪੁਰ, ਅੰਮਿ੍ਰਤਸਰ, ਮੁਕਤਸਰ, ਬਰਨਾਲਾ, ਬਠਿੰਡਾ, ਪਟਿਆਲਾ, ਲੁਧਿਆਣਾ, ਰੂਪਨਗਰ, ਮੋਹਾਲੀ, ਐਸ.ਐਸ.ਨਗਰ ਅਤੇ ਜਲੰਧਰ ਦੀਆਂ ਟੀਮਾਂ ਨੇ ਆਪਣੇ ਪਹਿਲੇ ਮੈਚ ਜਿੱਤ ਕੇ ਅਗਲੇ ਦੌਰ ਲਈ ਕੁਆਲੀਫਾਈ ਕੀਤਾ। ਸੈਮੀਫਾਈਨਲ ਵਿਚ ਜਗਾ ਬਣਾਉਣ ਵਾਲੀਆਂ ਚਾਰ ਟੀਮਾਂ ਗੁਰਦਾਸਪੁਰ, ਰੂਪਨਗਰ, ਬਰਨਾਲਾ, ਜਲੰਧਰ ਸਨ। ਸੈਮੀਫਾਈਨਲ ਵਿੱਚ ਗੁਰਦਾਸਪੁਰ ਨੇ ਬਰਨਾਲੇ ਨੂੰ ਸ਼ਿਕਸ਼ਤ ਦਿੰਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਸੈਮੀਫਾਈਨਲ ਵਿਚ ਜਲੰਧਰ ਨੇ ਪੈਨਲਟੀ ਸ਼ੂਟ ਆਊਟ ਵਿਚ ਰੂਪਨਗਰ ਨੂੰ ਹਰਾਉਂਦਿਆਂ ਫਾਈਨਲ ਵਿੱਚ ਖੇਡਣ ਦਾ ਮਾਣ ਹਾਸਿਲ ਕੀਤਾ।

ਖਿਤਾਬੀ ਮੁਕਾਬਲੇ ਸੈਕਟਰ 42, ਚੰਡੀਗੜ ਦੇ ਫੁੱਟਬਾਲ ਸਟੇਡੀਅਮ ਵਿਚ ਹੋਏ ਜਿੱਥੇ ਖਾਲਸਾ ਐਫ.ਸੀ. ਜਲੰਧਰ ਨੇ ਖਾਲਸਾ ਐਫ.ਸੀ. ਗੁਰਦਾਸਪੁਰ ਨੂੰ 3-1 ਗੋਲਾਂ ਨਾਲ ਹਰਾ ਕੇ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਕੱਪ ਜੇਤੂ ਟੀਮ ਨੂੰ ਟਰਾਫ਼ੀ ਸਮੇਤ 5 ਲੱਖ ਰੁਪਏ ਤੇ ਉਪ-ਜੇਤੂ ਰਹੀ ਖਾਲਸਾ ਐਫ.ਸੀ. ਗੁਰਦਾਸਪੁਰ ਦੀ ਟੀਮ ਨੂੰ ਟਰਾਫ਼ੀ ਸਮੇਤ 3 ਲੱਖ ਰੁਪਏ ਦਾ ਇਨਾਮ ਮਿਲਿਆ। ਸੈਮੀਫਾਈਨਲ ਖੇਡਣ ਵਾਲੀਆ ਦੋ ਟੀਮਾਂ ਖਾਲਸਾ ਐਫ.ਸੀ. ਬਰਨਾਲਾ ਤੇ ਖਾਲਸਾ ਐਫ.ਸੀ. ਰੂਪਨਗਰ ਨੂੰ ਸਾਂਝੇ ਤੌਰ ’ਤੇ ਤੀਜੇ ਜੇਤੂ ਐਲਾਨਿਆ ਗਿਆ।

ਇਸ ਟੂਰਨਾਮੈਂਟ ਦੀ ਵਿਲੱਖਣਤਾ ਇਹ ਰਹੀ ਕਿ ਕਿਸੇ ਵੀ ਥਾਂ ਮੈਚਾਂ ਦੀ ਸ਼ੁਰੂਆਤ ਮੌਕੇ ਰਾਜਨੀਤਕਾਂ ਦੀ ਦਖਲਅੰਦਾਜ਼ੀ ਨਹੀਂ ਹੋਈ ਸਗੋਂ ਧਾਰਮਿਕ ਸ਼ਖਸ਼ੀਅਤਾਂ ਅਤੇ ਕਲੱਬ ਦੇ ਆਹੁਦੇਦਾਰ ਹੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਨਜ਼ਰ ਆਏ। ਇਸ ਟੂਰਨਾਮੈਂਟ ਲਈ ਖਿਡਾਰੀਆਂ ਦਾ ਮਨੋਬਲ ਵਧਾਉਣ ਖਾਤਰ ਉਘੇ ਗਾਇਕ ਤੇ ਅਦਾਕਾਰ ਰਾਜ ਕਾਕੜਾ ਨੇ ਵਿਸ਼ੇਸ਼ ਤੌਰ ’ਤੇ ਜੋਸ਼ੀਲਾ  ਗਾਣਾ ‘ਸਰਦਾਰ’ ਵੀ ਸਰੋਤਿਆਂ ਲਈ ਪੇਸ਼ ਕੀਤਾ ਜਿਸ ਦਾ ਮੁੱਖੜਾ ਹੈ ਕਿ ‘ਖੜ-ਖੜ ਵੇਖੇ ਦੁਨੀਆਂ ਕਿ ਸਰਦਾਰ ਖੇਡਦੇ ਨੇ’। ਇਹ ਗਾਣਾ ਸਾਰੇ ਮੈਚਾਂ ਵਿੱਚ ਚੱਲਿਆ ਜੋ ਖਿਡਾਰੀਆਂ ਵਿੱਚ ਜੋਸ਼ ਭਰਦਾ ਰਿਹਾ।

ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਰਜ਼ਿਸਟਰਡ ਖਾਲਸਾ ਐਫ.ਸੀ. ਨੇ ‘ਆਓ ਖੇਡਾਂ ’ਚ ਸਿੱਖੀ ਸਰੂਪ ਨੂੰ ਪ੍ਰਫੁੱਲਤ ਕਰੀਏ’ ਦਾ ਨਾਅਰਾ ਦਿੱਤਾ ਹੈ ਜਿਸ ਮੁਤਾਬਿਕ ਖੇਡ ਜਗਤ ਇਹ ਅਨੁਮਾਨ ਲਾ ਰਿਹਾ ਹੈ ਕਿ ਜੇਕਰ ਸਮੂਹ ਖੇਡਾਂ ਵਿੱਚ ਖੇਡ ਰਹੇ ਸਿੱਖ ਖਿਡਾਰੀ ਸਾਬਤ-ਸੂਰਤ ਬਣਨ ਵੱਲ ਪਰਤ ਆਉਣ ਤਾਂ ਨਿਸਚੇ ਹੀ ਖੇਡਾਂ ਦੀ ਦਸ਼ਾ ਅਤੇ ਦਿਸ਼ਾ ਬਦਲੇਗੀ, ਡੋਪਿੰਗ ਅਤੇ ਨਸ਼ਿਆਂ ਦਾ ਪ੍ਰਚਲਣ ਘਟੇਗਾ, ਖੇਡਾਂ ਵਿੱਚ ਪੁਰਾਣੀ ਪਿਰਤ ਮੁਤਾਬਿਕ ਸਰਦਾਰਾਂ ਦੇ ਸਿਰ ’ਤੇ ਜੂੜਾ ਮੁੜ ਨਜ਼ਰੀ ਪਵੇਗਾ। ਖੇਡਾਂ ਵਿੱਚ ਨਸ਼ਿਆਂ ਦੀ ਵਰਤੋਂ ਤੋਂ ਦੁਖੀ ਪੰਜਾਬੀ ਭਾਈਚਾਰਾ ਹੋਰ ਵੱਡੇ ਮਾਣ ਨਾਲ ਨਸ਼ਾ ਰਹਿਤ ਖੇਡਾਂ ਵਿੱਚ ਵਧੇਰੇ ਯੋਗਦਾਨ ਪਾਉਣ ਅਤੇ ਸਾਬਤ-ਸੂਰਤ ਖਿਡਾਰੀਆਂ ਦੀ ਦਿਲੋਂ ਮੱਦਦ ਲਈ ਯਕੀਨਨ ਅੱਗੇ ਆਵੇਗਾ।

ਖਾਲਸਾ ਐਫ.ਸੀ. ਨੇ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਨੇ ਹੋਰ ਵੀ ਅਜਿਹੇ ਨਿਵੇਕਲੇ ਐਲਾਨ ਕੀਤੇ ਹਨ ਜਿਸ ਮੁਤਾਬਿਕ ਖਾਲਸਾ ਐਫ.ਸੀ. ਦੀ ਟੀਮ ਦੇਸ਼-ਵਿਦੇਸ਼ ਵਿੱਚ ਨਾਮੀ ਫੁੱਟਬਾਲ ਟੀਮਾਂ ਤੇ ਕਲੱਬਾਂ ਨਾਲ ਮੈਚ ਖੇਡਿਆ ਕਰੇਗੀ। ਟੂਰਨਾਮੈਂਟਾਂ ਦੌਰਾਨ ਜ਼ਖਮੀ ਜਾਂ ਕੋਈ ਨੁਕਸਾਨ ਹੋਣ ਦੇ ਮੱਦੇਨਜ਼ਰ ਫੁੱਟਬਾਲ ਟੀਮ ਦਾ ਬੀਮਾ ਕਰਵਾਉਣ ਤੋਂ ਇਲਾਵਾ ਕਲੱਬ ਦੀਆਂ ਗਤੀਵਿਧੀਆਂ ਸਬੰਧੀ ‘ਖਾਲਸਾ ਫੁੱਟਬਾਲ’ ਸੋਵੀਨਰ ਵੀ ਜਾਰੀ ਕੀਤਾ ਜਾ ਰਿਹਾ ਹੈ। ਇੰਨਾਂ ਉਚੇਚੀਆਂ ਪਹਿਲਕਦਮੀਆਂ ਤੋਂ ਸਹਿਜੇ ਹੀ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਪਲੇਠੇ ਸਿੱਖ ਫੁੱਟਬਾਲ ਕੱਪ ਨੇ ਨਿਸਚੇ ਹੀ ਖੇਡਾਂ ਵਿੱਚ ਨਵੀਂ ਤਬਦੀਲੀ ਲਿਆਉਣ ਅਤੇ ਖਿਡਾਰੀਆਂ ਦੀ ਦਿੱਖ ਬਦਲਣ ਲਈ ਨਿਵੇਕਲੀ ਲੀਹ ਪਾ ਦਿੱਤੀ ਹੈ।

ਬਲਜੀਤ ਸਿੰਘ ਸੈਣੀ
(98554-58222)