ਦਿੱਲੀ ਹਿੰਸਾ: ਐਮਪੀ ਨਰੇਸ਼ ਗੁਜਰਾਲ ਦੇ ਫੋਨ ਕਰਨ ਮਗਰੋਂ ਵੀ ਮੁਸਲਮਾਨਾਂ ਨੂੰ ਬਚਾਉਣ ਨਾ ਪਹੁੰਚੀ ਪੁਲਸ

ਦਿੱਲੀ ਹਿੰਸਾ: ਐਮਪੀ ਨਰੇਸ਼ ਗੁਜਰਾਲ ਦੇ ਫੋਨ ਕਰਨ ਮਗਰੋਂ ਵੀ ਮੁਸਲਮਾਨਾਂ ਨੂੰ ਬਚਾਉਣ ਨਾ ਪਹੁੰਚੀ ਪੁਲਸ

ਨਵੀਂ ਦਿੱਲੀ: ਦਿੱਲੀ ਵਿਚ ਬੀਤੇ ਦਿਨਾਂ ਦੌਰਾਨ ਵਾਪਰੀ ਹਿੰਸਾ ਬਾਰੇ ਹੁਣ ਭਾਰਤੀ ਟੀਵੀ ਚੈਨਲ ਇਸ ਹਿੰਸਾ ਨੂੰ ਮਹਿਜ਼ ਦੋ ਧਾਰਮਿਕ ਸਮੂਹਾਂ ਦਰਮਿਆਨ ਹੋਈ ਹਿੰਸਾ ਵਜੋਂ ਪੇਸ਼ ਕਰ ਰਹੇ ਹਨ ਜਦਕਿ ਇਸ ਸਾਰੀ ਹਿੰਸਾ ਦੌਰਾਨ ਦਿੱਲੀ ਪੁਲਸ ਦਾ ਰਵੱਈਆ ਬੇਹੱਦ ਸ਼ੱਕੀ ਅਤੇ ਇਕਪਾਸੜ ਰਿਹਾ ਹੈ। ਇਸ ਦਾ ਪ੍ਰਮਾਣ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਲੈਫਟਿਨੇਂਟ ਗਵਰਨਰ ਅਨਿਲ ਬੈਜਲ ਅਤੇ ਦਿੱਲੀ ਪੁਲਸ ਦੇ ਮੁਖੀ ਅਮੁਲਿਆ ਪਟਨਾਇਕ ਨੂੰ ਲਿਖੀ ਚਿੱਠੀ ਤੋਂ ਵੀ ਮਿਲਦਾ ਹੈ। 

ਇਸ ਚਿੱਠੀ ਰਾਹੀਂ ਨਰੇਸ਼ ਗੁਜਰਾਲ ਨੇ ਕਿਹਾ ਹੈ ਕਿ ਜਿਵੇਂ 1984 ਵਿਚ ਪੁਲਸ ਨੇ ਸਿੱਖਾਂ ਦੀ ਸੁਰੱਖਿਆ ਨਹੀਂ ਕੀਤੀ ਸੀ ਇਸੇ ਤਰ੍ਹਾਂ ਹੁਣ ਦਿੱਲੀ ਵਿਚ ਪੁਲਸ ਮੁਸਲਮਾਨਾਂ ਦੀ ਸੁਰੱਖਿਆ ਨਹੀਂ ਕਰ ਰਹੀ ਤੇ ਇਹ ਬਹੁਤ ਦਰਦਨਾਕ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਘੱਟਗਿਣਤੀਆਂ ਡਰੀਆਂ ਹੋਈਆਂ ਹਨ।

ਉਹਨਾਂ ਚਿੱਠੀ ਵਿਚ ਇਕ ਘਟਨਾ ਦਾ ਜ਼ਿਕਰ ਕੀਤਾ ਜਦੋਂ ਉਹਨਾਂ ਬੁੱਧਵਾਰ ਨੂੰ ਖੁਦ ਪੁਲਸ ਨੂੰ ਫੋਨ ਕਰਕੇ ਸ਼ਿਕਾਇਤ ਦਰਜ ਕਰਵਾਈ ਕਿ ਕਿਸੇ ਥਾਂ ਮੁਸਲਿਮ ਪਰਿਵਾਰ ਨੂੰ ਭੀੜ ਵੱਲੋਂ ਘੇਰ ਲਿਆ ਗਿਆ ਹੈ ਪਰ ਪੁਲਸ ਉਹਨਾਂ ਦੇ ਫੋਨ ਦੇ ਬਾਵਜੂਦ ਵੀ ਉਸ ਪਰਿਵਾਰ ਦੀ ਮਦਦ ਲਈ ਨਹੀਂ ਪਹੁੰਚੀ।

ਉਹਨਾਂ ਕਿਹਾ ਕਿ ਜਦੋਂ ਇਕ ਐਮਪੀ ਦੀ ਸ਼ਿਕਾਇਤ 'ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਬਾਰੇ ਸਮਝਿਆ ਜਾ ਸਕਦਾ ਹੈ।

ਉਹਨਾਂ ਦੱਸਿਆ ਕਿ ਬੁੱਧਵਾਰ ਰਾਤ 11.30 ਵਜੇ ਦੇ ਕਰੀਬ ਉਹਨਾਂ ਨੂੰ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਇਕ ਜਾਣ ਪਛਾਣ ਵਾਲੇ ਬੰਦੇ ਦਾ ਫੋਨ ਆਇਆ ਕਿ ਉਹਨਾਂ ਸਮੇਤ ਉੇਹਨਾਂ ਦੇ ਪਰਿਵਾਰ ਦੇ 16 ਜੀਅ ਗੋਂਡਾ ਚੌਂਕ ਮੌਜਪੁਰ 'ਚ ਘਰ ਵਿਚ ਫਸੇ ਹੋਏ ਹਨ ਜਿਸ ਬਾਹਰ ਭੀੜ ਇਕੱਠੀ ਹੋਈ ਹੈ ਤੇ ਹਮਲਾ ਕਰ ਰਹੀ ਹੈ। 

ਗੁਜਰਾਲ ਨੇ ਇਸ ਸਬੰਧੀ ਪੁਲਸ ਨੂੰ 100 ਨੰਬਰ 'ਤੇ ਫੋਨ ਕਰਕੇ ਆਪਣਾ ਵੇਰਵਾ ਦਿੰਦਿਆਂ ਸ਼ਿਕਾਇਤ ਦਰਜ ਕਰਵਾਈ ਤੇ ਪੁਲਸ ਨੂੰ ਪਤਾ ਦਸ ਕੇ ਸਬੰਧਤ ਥਾਂ 'ਤੇ ਸੁਰੱਖਿਆ ਦੇਣ ਲਈ ਕਿਹਾ। ਉਹਨਾਂ ਕਿਹਾ ਪਰ ਪੁਲਸ ਉਹਨਾਂ ਦੀ ਸ਼ਿਕਾਇਤ ਦੇ ਬਾਵਜੂਦ ਵੀ ਉੱਥੇ ਨਹੀਂ ਪਹੁੰਚੀ ਤੇ ਉਹਨਾਂ ਦੇ ਹਿੰਦੂ ਗੁਆਂਢੀਆਂ ਨੇ ਉਸ ਪਰਿਵਾਰ ਨੂੰ ਭੀੜ ਤੋਂ ਬਚਾਇਆ।