ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਗੋਡੇ ਲਵਾਏ: ਸ਼ਿਵ ਸੈਨਾ

ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਗੋਡੇ ਲਵਾਏ: ਸ਼ਿਵ ਸੈਨਾ
ਕਿਸਾਨ ਧਰਨੇ ਦੀ ਇਕ ਸਵੇਰ। ਤਸਵੀਰ: ਹਾਰਪ ਫਾਰਮਰ

ਅੱਜ ਪੰਜਾਬ ਉਬਾਲੇ ਮਾਰ ਰਿਹਾ ਹੈ ਪਰ ਜਦੋਂ ਸਾਰੇ ਦੇਸ਼ ’ਚ ਅਜਿਹਾ ਮਾਹੌਲ ਹੋਵੇਗਾ ਤਾਂ ਕੀ ਹੋਵੇਗਾ?

ਅੰਮ੍ਰਿਤਸਰ ਟਾਈਮਜ਼ ਬਿਊਰੋ
ਆਪਣੀ ਖੇਤੀ ਅਤੇ ਜ਼ਮੀਨਾਂ ਨੂੰ ਬਚਾਉਣ ਲਈ ਪੰਜਾਬ ਦੇ ਕਿਸਾਨਾਂ ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਦੀ ਕੀਤੀ ਘੇਰਾਬੰਦੀ ਦਾ ਸਮਰਥਨ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਰਾਹੀਂ ਮੋਦੀ ਸਰਕਾਰ ਦੇ ਗੋਡੇ ਲੁਆ ਦਿੱਤੇ ਹਨ ਤੇ ਸਾਰੀ ਦੁਨੀਆ ਉਨ੍ਹਾਂ ਵੱਲੋਂ ਦਿਖਾਏ ਏਕੇ ਤੋਂ ਸਿੱਖ ਰਹੀ ਹੈ। ਪਾਰਟੀ ਨੇ ਨਾਲ ਹੀ ਕੇਂਦਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਮੰਗਾਂ ਸੁਣਨ ਦੀ ਵੀ ਅਪੀਲ ਕੀਤੀ ਹੈ।

ਸ਼ਿਵ ਸੈਨਾ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਆਪਣੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਲਿਖਿਆ ਗਿਆ ‘ਕੜਾਕੇ ਦੀ ਠੰਢ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਪ੍ਰਦਰਸ਼ਨ ਭਖ਼ਦਾ ਦਿਖਾਈ ਦੇ ਰਿਹਾ ਹੈ। ਮੋਦੀ ਸਰਕਾਰ ਨੂੰ ਪਹਿਲਾਂ ਕਦੀ ਵੀ ਅਜਿਹੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਰਕਾਰ ਦੇ ਸਦਾਬਹਾਰ ਹਥਿਆਰ ਸੀਬੀਆਈ, ਆਮਦਨ ਕਰ ਵਿਭਾਗ, ਈਡੀ ਤੇ ਐੱਨਸੀਬੀ ਇਸ ਮਾਮਲੇ ’ਚ ਕੰਮ ਨਹੀਂ ਆ ਰਹੇ। ਕਿਸਾਨਾਂ ਨੇ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ।’ 

ਸ਼ਿਵ ਸੈਨਾ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੀ ਇਸ ਸੰਪਾਦਕੀ ਵਿਚ ਅਗਾਂਹ ਲਿਖਿਆ ਗਿਆ ਕਿ, ‘ਉਹ (ਕਿਸਾਨ) ਆਪਣੀਆਂ ਮੰਗਾਂ ’ਤੇ ਅੜੇ ਹੋਏ ਹਨ ਕਿ ਤਿੰਨੋਂ ਵਿਵਾਦਤ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਇੱਥੋਂ ਤੱਕ ਕਿ ਚੌਥੇ ਦੌਰ ਦੀ ਗੱਲਬਾਤ ਦੌਰਾਨ ਮੀਟਿੰਗ ’ਚ ਉਨ੍ਹਾਂ ਸਰਕਾਰ ਵੱਲੋਂ ਦਿੱਤੀ ਗਈ ਰੋਟੀ-ਪਾਣੀ ਤੱਕ ਲੈਣ ਤੋਂ ਵੀ ਇਨਕਾਰ ਕਰ ਦਿੱਤਾ।’ 

ਸ਼ਿਵ ਸੈਨਾ ਨੇ ਕਿਹਾ ਕਿ ਨੋਟਬੰਦੀ ਤੇ ਜੀਐੱਸਟੀ ਤੋਂ ਲੈ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਜਿਹੇ ਮੁੱਦੇ ਦਬਾਉਣ ਲਈ ਮੋਦੀ ਸਰਕਾਰ ਨੇ ਭਾਰਤ-ਪਾਕਿ ਸੰਘਰਸ਼ ਵਰਗੇ ਮੁੱਦੇ ਵਰਤੇ। ਉਨ੍ਹਾਂ ਕਿਹਾ, ‘ਲੌਕਡਾਊਨ ਕਾਰਨ ਪ੍ਰੇਸ਼ਾਨ ਲੋਕਾਂ ਸਾਹਮਣੇ ਇਸ ਨੇ (ਮੋਦੀ ਸਰਕਾਰ) ਰਾਮ ਮੰਦਰ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਪੰਜਾਬ ਦੇ ਕਿਸਾਨਾਂ ਸਾਹਮਣੇ ਕੋਈ ਲੌਲੀਪੌਪ ਕੰਮ ਨਹੀਂ ਆਇਆ। ਇਹ ਪੰਜਾਬ ਦੇ ਏਕੇ ਦੀ ਜਿੱਤ ਹੈ। ਪ੍ਰਦਰਸ਼ਨ ਨਾਕਾਮ ਕਰਨ ਲਈ ਭਾਜਪਾ ਦੇ ਆਈਟੀ ਸੈੱਲ ਨੇ ਹਰ ਸੰਭਵ ਕੋਸ਼ਿਸ਼ ਕੀਤੀ।’ 

ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਬਜ਼ੁਰਗ ਕਿਸਾਨ ਨੂੰ ਪੁਲੀਸ ਵੱਲੋਂ ਕੁੱਟੇ ਜਾਣ ਦੀ ਤਸਵੀਰ ਸਾਂਝੀ ਕੀਤੀ ਸੀ ਤਾਂ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਉਨ੍ਹਾਂ ’ਤੇ ਤਨਜ਼ ਕੱਸਿਆ ਸੀ ਪਰ ਟਵਿੱਟਰ ਨੇ ਮਾਲਵੀਆ ਨੂੰ ਅਸਲੀਅਤ ਦੱਸ ਦਿੱਤੀ ਹੈ। ਉਨ੍ਹਾਂ ਕਿਹਾ, ‘ਪ੍ਰਦਰਸ਼ਨਕਾਰੀਆਂ ਵੱਲੋਂ ਮੋਦੀ ਸਰਕਾਰ ਲਈ ਮੁਸ਼ਕਲ ਖੜ੍ਹੇ ਕੀਤੇ ਜਾਣ ਤੋਂ ਅਸੀਂ ਖੁਸ਼ ਨਹੀਂ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣੇ। ਅੱਜ ਪੰਜਾਬ ਉਬਾਲੇ ਮਾਰ ਰਿਹਾ ਹੈ ਪਰ ਜਦੋਂ ਸਾਰੇ ਦੇਸ਼ ’ਚ ਅਜਿਹਾ ਮਾਹੌਲ ਹੋਵੇਗਾ ਤਾਂ ਕੀ ਹੋਵੇਗਾ?’

ਸੰਪਾਦਕੀ ਵਿਚ ਮਰਾਠੀ ਲੋਕਾਂ ਨੂੰ ਵੀ ਵੰਗਾਰ ਪਾਈ ਗਈ ਕਿ ਉਹ ਕਦੋਂ ਕਿਸਾਨਾਂ ਦੇ ਸਮਰਥਨ ਵਿਚ ਅਵਾਜ਼ ਚੁੱਕਣਗੇ। ਸ਼ਿਵ ਸੈਨਾ ਨੇ ਕਿਹਾ, "ਅਜਿਹੇ ਕਈ ਮੌਕੇ ਆਏ ਅਤੇ ਚਲੇ ਗਏ, ਪਰ ਕਿੰਨੇ ਕੁ 'ਮਰਾਠੀ' ਵਿਦਵਾਨਾਂ ਨੇ ਪੰਜਾਬੀ ਵਿਦਵਾਨਾਂ ਵਾਂਗ ਸਮਰਥਨ ਵਿਚ ਅਵਾਜ਼ ਚੁੱਕੀ?" ਸ਼ਿਵ ਸੈਨਾ ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਖਿਲਾਫ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦਿੱਲੀ ਦੀਆਂ ਹੱਦਾਂ 'ਤੇ ਸਾਡੇ ਕਿਸਾਨਾਂ ਨਾਲ ਅੱਤਵਾਦੀਆਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ।