ਆਈਏਐਸ ਤੋਂ ਅਸਤੀਫਾ ਦੇਣ ਵਾਲੇ ਨੌਜਵਾਨ ਸ਼ਾਹ ਫੈਜ਼ਲ ਨੇ ਕਸ਼ਮੀਰ ਵਿਚ ਬਣਾਈ ਨਵੀਂ ਪਾਰਟੀ

ਆਈਏਐਸ ਤੋਂ ਅਸਤੀਫਾ ਦੇਣ ਵਾਲੇ ਨੌਜਵਾਨ ਸ਼ਾਹ ਫੈਜ਼ਲ ਨੇ ਕਸ਼ਮੀਰ ਵਿਚ ਬਣਾਈ ਨਵੀਂ ਪਾਰਟੀ

ਸ਼੍ਰੀਨਗਰ: ਭਾਰਤੀ ਪ੍ਰਸ਼ਾਸਨਿਕ ਸੇਵਾਵਾਂ (ਆਈ.ਏ.ਐਸ) ਦੇ ਇਮਤਿਹਾਨ ਵਿਚ ਪਹਿਲਾ ਦਰਜਾ ਹਾਸਿਲ ਕਰਨ ਮਗਰੋਂ ਬੀਤੇ ਵਰ੍ਹੇ ਅਸਤੀਫਾ ਦੇਣ ਵਾਲੇ ਕਸ਼ਮੀਰ ਦੇ ਨੌਜਵਾਨ ਸ਼ਾਹ ਫੈਜ਼ਲ ਨੇ ਰਾਜਨੀਤੀ ਵਿਚ ਦਾਖਲ ਹੁੰਦਿਆਂ ਆਪਣੀ ਨਵੀਂ ਪਾਰਟੀ ਬਣਾਈ ਹੈ। ਇਸ ਪਾਰਟੀ ਦਾ ਨਾਮ ਜੰਮੂ ਐਂਡ ਕਸ਼ਮੀਰ ਪਿਪਲਜ਼ ਮੁਵਮੈਂਟ ਰੱਖਿਆ ਗਿਆ ਹੈ। 

ਕਸ਼ਮੀਰ ਦੇ ਕੇਂਦਰ ਸ਼੍ਰੀਨਗਰ ਵਿਚ ਬੀਤੇ ਕੱਲ੍ਹ ਪਾਰਟੀ ਦਾ ਐਲਾਨ ਕਰਦਿਆਂ ਸ਼ਾਹ ਫੈਜ਼ਲ ਨੇ ਆਪਣੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਸ਼ਮੀਰ ਮਸਲੇ ਦੇ ਸ਼ਾਂਤੀਪੂਰਵਕ ਹੱਲ ਲਈ ਕੰਮ ਕਰਨਗੇ। ਫੈਜ਼ਲ ਨੇ ਪਾਰਟੀ ਦੇ ਅਜੈਂਡੇ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ ਅਤੇ ਕਸ਼ਮੀਰ ਵਿਚ ਗੱਲਬਾਤ ਰਾਹੀਂ ਕਸ਼ਮੀਰ ਦੇ ਲੋਕਾਂ ਦੀ ਭਾਵਨਾ ਮੁਤਾਬਿਕ ਕਸ਼ਮੀਰ ਦਾ ਮਸਲਾ ਹੱਲ ਕਰਾਉਣ ਲਈ ਕੰਮ ਕਰੇਗੀ। 

ਫੈਜ਼ਲ ਨੇ ਕਿਹਾ, "ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਸ਼ਮੀਰ ਸਮੱਸਿਆ ਦਾ ਹੱਲ ਭਾਰਤ ਅਤੇ ਪਾਕਿਸਤਾਨ ਮਿਲ ਕੇ ਹੀ ਕਰ ਸਕਦੇ ਹਨ। ਸਾਡੇ ਤੋਂ ਕੋਈ ਰਾਤੋ ਰਾਤ ਕ੍ਰਿਸ਼ਮਾ ਹੋਣ ਦੀ ਆਸ ਨਾ ਰੱਖੋ। ਪਰ ਅਸੀਂ ਦੋਵਾਂ ਦੇਸ਼ਾਂ ਅਤੇ ਨਵੀਂ ਦਿੱਲੀ ਤੇ ਸ਼੍ਰੀਨਗਰ ਵਿਚ ਇਕ ਪੁਲ ਬਣਨ ਦਾ ਕੰਮ ਕਰਾਂਗੇ।"

ਫੈਜ਼ਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨਾ ਖੇਤਰ ਅਤੇ ਨਾ ਧਰਮ ਅਧਾਰਿਤ ਹੈ ਤੇ ਉਹ ਇਨਸਾਨੀਅਤ ਨੂੰ ਅਧਾਰ ਬਣਾ ਕੇ ਕੰਮ ਕਰਨਗੇ। 

ਫੈਜ਼ਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਮੁੱਖ ਅਧਾਰ ਨੌਜਵਾਨ ਹੋਣਗੇ। ਉਨ੍ਹਾਂ ਕਿਹਾ, "ਜੰਮੂ ਕਸ਼ਮੀਰ ਵਿਚ ਨੌਜਵਾਨ ਨਰਾਜ਼ ਹੈ। ਇਹ ਨੌਜਵਾਨ ਹੀ ਹਨ ਜੋ ਕੁਰਬਾਨੀਆਂ ਦੇ ਰਹੇ ਹਨ। ਪੈਲੇਟ ਅਤੇ ਬੁਲਟ ਦਾ ਨਿਸ਼ਾਨਾ ਨੌਜਵਾਨ ਬਣਦੇ ਹਨ, ਮਰਦੇ ਹਨ। ਅਸੀਂ ਆਪਣੇ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਹਾਂ ਜੋ ਸ਼ਹਾਦਤਾਂ ਦੇ ਰਹੇ ਹਨ।"

ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਆਉਣ ਦਾ ਐਲਾਨ ਕਰਨ ਤੋਂ ਬਾਅਦ ਲੋਕ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਸਥਾਪਿਤ ਪਾਰਟੀ ਵਿਚ ਜਾਵੇ ਕਿਉਂਕਿ ਲੋਕ ਕਹਿੰਦੇ ਹਨ ਕਿ ਇਹਨਾਂ ਸਥਾਪਿਤ ਪਾਰਟੀਆਂ ਦੇ ਹੱਥ ਕਸ਼ਮੀਰ ਦੇ ਨੌਜਵਾਨਾਂ ਦੇ ਖੂਨ ਨਾਲ ਰੰਗੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਉਹ ਨਵੀਂ ਪਾਰਟੀ ਬਣਾ ਰਹੇ ਹਨ। 

ਇਸ ਮੌਕੇ ਸ਼ਾਹ ਫੈਜ਼ਲ ਵੱਲੋਂ ਆਪਣੀ ਟੀਮ ਦਾ ਐਲਾਨ ਕੀਤਾ ਗਿਆ ਜਿਸ ਵਿਚ ਜੇਐਨਯੂ ਵਿਦਿਆਰਥੀ ਯੂਨੀਅਨ ਦੀ ਸਾਬਕਾ ਪ੍ਰਧਾਨ ਸ਼ੀਹਲਾ ਰਸ਼ੀਦ ਸ਼ੋਰਾ, ਮੁੰਬਈ ਸਥਿਤ ਕਸ਼ਮੀਰੀ ਵਪਾਰੀ ਫਿਰੋਜ਼ ਪੀਰਜ਼ਾਦਾ, ਬਲਦੇਵ ਸਿੰਘ, ਡਾ. ਮੁਸਤਫਾ ਹਾਫਿਜ਼ ਅਤੇ ਵਕੀਲ ਉਜ਼ੇਰ ਰੋਉਂਗਾ ਅਤੇ ਇਕਬਾਲ ਤਾਹਿਰ ਸ਼ਾਮਿਲ ਹਨ। 

ਸ਼ਾਹ ਫੈਜ਼ਲ ਵੱਲੋਂ ਪਾਰਟੀ ਬਣਾਉਣ 'ਤੇ ਉੱਠਣ ਲੱਗੀਆਂ ਉਂਗਲਾਂ
ਸ਼ਾਹ ਫੈਜ਼ਲ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਨਾਲ ਉਨ੍ਹਾਂ 'ਤੇ ਉਂਗਲਾਂ ਉੱਠਣ ਲੱਗੀਆਂ ਹਨ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਨਵੀਂ ਦਿੱਲੀ ਕਸ਼ਮੀਰ ਵਿਚ ਨਵੀਆਂ ਪਾਰਟੀਆਂ ਬਣਾ ਕੇ ਕਸ਼ਮੀਰ ਦੇ ਲੋਕਾਂ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਨਵੀਂ ਪਾਰਟੀ ਦਾ ਐਲਾਨ ਸ਼੍ਰੀਨਗਰ ਦੀ ਬਜਾਏ ਜੰਮੂ ਜਾ ਲੱਦਾਖ ਤੋਂ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੰਮੂ ਅਤੇ ਲੱਦਾਖ ਵਿਚ ਭਾਜਪਾ ਅਤੇ ਕਾਂਗਰਸ ਲਈ ਖੁੱਲ੍ਹਾ ਮੈਦਾਨ ਛੱਡ ਕੇ ਕਸ਼ਮੀਰ ਦੇ ਲੋਕਾਂ ਨੂੰ ਵੰਡਣ ਲਈ ਇੱਥੇ ਨਵੀਂਆਂ ਪਾਰਟੀਆਂ ਬਣਾਈਆਂ ਜਾ ਰਹੀਆਂ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ