ਟਕਸਾਲੀ ਅਕਾਲੀਆਂ ਦੀ ਕਿਸੇ ਨਾਲ ਨਹੀਂ ਗਲੀ ਦਾਲ; ਪੀਡੀਏ ਤੋਂ ਬਾਅਦ ਹੁਣ ਆਪ ਨਾਲ ਵੀ ਗਠਜੋੜ ਨਹੀਂ ਬਣ ਸਕਿਆ

ਚੰਡੀਗੜ੍ਹ: ਆਪ ਅਤੇ ਬਾਦਲਾਂ ਤੋਂ ਵੱਖ ਹੋ ਕੇ ਮਾਝੇ ਦੇ ਆਗੂਆਂ ਵੱਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਜੋੜ ਹੋਣ ਦੀਆਂ ਸੰਭਾਵਨਾਵਾਂ ਬੀਤੇ ਕੱਲ੍ਹ ਖਤਮ ਹੋ ਗਈਆਂ। ਕਈ ਦਿਨਾਂ ਤੋਂ ਗੱਲਬਾਤ ਵਿਚ ਰੇੜਕਾ ਬਣੀ ਹੋਈ ਅਨੰਦਪੁਰ ਸਾਹਿਬ ਲੋਕ ਸਭਾ ਸੀਟ 'ਤੇ ਦੋਵਾਂ ਪਾਰਟੀਆਂ ਦੀ ਕੋਈ ਸਹਿਮਤੀ ਨਾ ਬਣ ਸਕੀ ਅਤੇ ਦੋਵਾਂ ਪਾਰਟੀਆਂ ਨੇ ਹੁਣ ਵੱਖ ਹੋ ਕੇ ਆਪੋ ਆਪਣੇ ਉਮੀਦਵਾਰਾਂ ਲੜਾਉਣ ਦਾ ਫੈਂਸਲਾ ਕੀਤਾ ਹੈ।
ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਨਾਲ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਸੀਟ 'ਤੇ ਸਹਿਮਤੀ ਨਹੀਂ ਹੋ ਸਕੀ।
ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਟਕਸਾਲੀ ਅਕਾਲੀ ਅਤੇ ਬਸਪਾ ਨੂੰ ਗਠਜੋੜ ਲਈ ਚੱਲੀ ਗੱਲਬਾਤ ਦੇ ਮੁੱਢਲੇ ਦੌਰ ਵਿਚ ਹੀ ਦੱਸ ਦਿੱਤਾ ਸੀ ਕਿ ਉਹ ਅਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਐਲਾਨ ਚੁੱਕੇ ਹਨ ਅਤੇ ਉਹ ਸੀਟ ਨਹੀਂ ਛੱਡਣਗੇ। ਚੀਮਾ ਨੇ ਕਿਹਾ ਕਿ ਉਹ ਬਠਿੰਡਾ ਅਤੇ ਪਟਿਆਲਾ ਸੀਟਾਂ ਟਕਸਾਲੀ ਅਕਾਲੀਆਂ ਲਈ ਛੱਡਣ ਲਈ ਤਿਆਰ ਸਨ ਕਿਉਂਕਿ ਬੀਰ ਦਵਿੰਦਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਨੂੰ ਇਕ ਤਕੜੀ ਟੱਕਰ ਦੇਣ ਦੇ ਸਮਰੱਥ ਸਨ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗਠਜੋੜ ਬਣਾਉਣਾ ਚਾਹੁੰਦੀ ਸੀ ਪਰ ਆਪ ਨਾਲ ਸਹਿਮਤੀ ਨਾ ਬਣ ਸਕੀ। ਇਸ ਕਾਰਨ ਹੁਣ ਉਹ ਆਪਣੇ ਤੌਰ 'ਤੇ ਹੀ ਚੋਣਾਂ ਲੜਨਗੇ।
ਬਾਦਲਾਂ ਤੋਂ ਵੱਖ ਹੋਏ ਟਕਸਾਲੀ ਅਕਾਲੀਆਂ ਵੱਲੋਂ ਪਹਿਲਾਂ ਪੰਜਾਬ ਡੈਮੋਕਰੇਟਿਕ ਅਲਾਂਇੰਸ ਨਾਲ ਗਠਜੋੜ ਬਣਾਉਣ ਦੀ ਗੱਲ ਸ਼ੁਰੂ ਕੀਤੀ ਗਈ ਸੀ ਪਰ ਉਹ ਗਠਜੋੜ ਵੀ ਨਹੀਂ ਬਣ ਸਕਿਆ।
Comments (0)