ਸਾਕਾ ਨਕੋਦਰ ਬੇਅਦਬੀ ਦੇ ਇੰਨਸਾਫ ਦੇਣ ਦਾ ਚੋਣ ਵਾਅਦਾ ਪੂਰਾ ਕਰਨ ਕੈਪਟਨ: ਸੰਸਦ ਮੈਂਬਰ ਸੰਤੋਖ ਚੌਧਰੀ

ਸਾਕਾ ਨਕੋਦਰ ਬੇਅਦਬੀ ਦੇ ਇੰਨਸਾਫ ਦੇਣ ਦਾ ਚੋਣ ਵਾਅਦਾ ਪੂਰਾ ਕਰਨ ਕੈਪਟਨ: ਸੰਸਦ ਮੈਂਬਰ ਸੰਤੋਖ ਚੌਧਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਗਾੜੀ ਬੇਅਦਬੀ ਕਾਂਡ ਵਿੱਚ ਕਥਿਤ ਤੌਰ `ਤੇ ਘਿਰੇ ਹੋਏ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸਬੀਤਾਂ ਘੱਟ ਨਹੀਂ ਹੋ ਰਹੀਆਂ।ਜਲੰਧਰ ਤੋਂ ਸੰਸਦ ਮੈਂਬਰ  ਚੌਧਰੀ ਸੰਤੋਖ ਸਿੰਘ ਨੇ 1986 ਵਿੱਚ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆ ਹੋਇਆ ਵਾਪਰੇ ਨਕੋਦਰ ਬੇਅਦਬੀ ਕਾਂਡ ਦੀ ਮੁੜ ਜਾਂਚ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ।ਉਨ੍ਹਾਂ ਅਪਣੇ ਪੱਤਰ ਵਿੱਚ ਲਿਖਿਆ ਹੈ ਕਿ 2 ਫਰਵਰੀ 1986 ਨੂੰ ਨਕੋਦਰ ਵਿੱਚ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਸੜ ਗਈਆਂ ਸਨ।ਸਾਂਤਮਈ ਢੰਗ ਨਾਲ 4 ਫਰਵਰੀ 1986 ਨੂੰ ਰੋਸ ਪ੍ਰਗਟਾ ਰਹੀ ਸਿੱਖ ਸੰਗਤ `ਤੇ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।ਪੁਲੀਸ ਦੀਆਂ ਗੋਲੀਆਂ ਨਾਲ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ।ਉਨ੍ਹਾਂ ਦੇ ਮਾਪੇ  ਪਿੱਛਲੇ 35 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ।
 
ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸਾਲ 2019 ਵਿਚ ਲੋਕ ਸਭਾ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਦਿਨ  ਨਕੋਦਰ ਬੇਅਦਬੀ ਕਾਂਡ ਵਿੱਚ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਚਾਰ ਸਿੱਖ ਨੌਜਵਾਨਾ ਦਾ ਮੁੱਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰਸਿੰਘ ਦੀ ਹਾਜ਼ਰੀ ਵਿੱਚ  ਉਠਾਇਆ ਸੀ ।ਇਸ ਮੰਦਭਾਗੀ ਘਟਨਾ ਦੀ  ਮੁੜ ਜਾਂਚ ਖੋਲ੍ਹਣ ਅਤੇ ਇਨਸਾਫ ਦੇਣ ਦੀ ਬੇਨਤੀ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ  ਵਾਅਦਾ ਕੀਤਾ ਸੀ ਕਿ ਕੇਸ ਦੁਬਾਰਾ ਖੋਲ੍ਹ ਕੇ ਜਾਂਚ ਕੀਤੀ ਜਾਵੇਗੀ।1986 ਵਿੱਚ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਜਲੰਧਰ ਦੇ ਐਸਐਸਪੀ ਇਜ਼ਹਾਰ ਆਲਮ ਸਨ ਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ।ਇਹ ਦੋਵੇਂ  ਆਗੂ ਹੁਣ ਸ਼੍ਰੌਮਣੀ ਅਕਾਲੀ ਦਲ ਦੇ ਵਿੱਚ ਵੱਡੇ ਅਹੁਦਿਆਂ `ਤੇ ਬਿਰਾਜਮਾਨ ਹਨ।
 
ਚੌਧਰੀ ਸੰਤੋਖ ਸਿੰਘ ਨੇ  ਆਪਣੇ ਪੱਤਰ ਵਿੱਚ ਕਿਹਾ ਹੈ ਕਿ  2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਜਦੋਂ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਬਰਗਾੜੀ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੁਆਏਗੀ।ਹੁਣ ਇਸ ਕੇਸ ਦੀ ਜਾਂਚ ਵਿੱਚ ਬਹੁਤ ਸਾਰੀ ਪ੍ਰਗਤੀ ਵੀ ਹੋ ਚੁੱਕੀ ਹੈ।
 
ਚੌਧਰੀ ਸੰਤੋਖ ਸਿੰਘ ਨੇ ਦੱਸਿਆ ਕਿ ਨਕੋਦਰ ਬੇਅਦਬੀ ਕਾਂਡ ਵਿੱਚ ਜਿਹੜੇ  ਚਾਰ ਸਿੱਖ ਨੌਜਵਾਨ ਸ਼ਹੀਦ ਹੋਏ ਸਨ ਉਨ੍ਹਾਂ ਵਿੱਚ ਭਾਈ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਚਾਲੂਪਰ ਸ਼ਾਮਿਲ ਸਨ। ਇਸ ਘਟਨਾ ਦੀ ਜਾਂਚ ਲਈ ਹਾਲਾਂਕਿ ਜਸਟਿਸ ਗੁਰਨਾਮ ਸਿੰਘ ਕਮਿਸ਼ਨ  ਬਣਾਇਆ ਗਿਆ ਸੀ। ਪਹਿਲਾਂ ਤਾਂ ਉਸ ਦੀ ਲੰਮਾਂ ਸਮਾਂ  ਰਿਪੋਰਟ ਹੀ ਪੇਸ਼ ਨਹੀਂ ਹੋਈ। ਬਾਦਲ ਸਰਕਾਰ ਨੇ 2001 ਵਿੱਚ  ਚਰਨਜੀਤ ਸਿੰਘ ਅਟਵਾਲ ਦੇ ਸਪੀਕਰ ਹੁੰਦਿਆ ਹੋਇਆ ਬੜੀ ਚਾਲਕੀ ਨਾਲ ਇਸ ਰਿਪੋਰਟ ਦਾ ਇੱਕ ਹਿੱਸਾ  ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ, ਪਰ ਉਸ `ਤੇ ਬਾਦਲ ਸਰਕਾਰ ਨੇ ਕਾਰਵਾਈ ਨਹੀਂ ਸੀ ਕੀਤੀ।
 
ਉਧਰ ਇਸ ਘਟਨਾ ਵਿੱਚ ਸ਼ਹੀਂਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਨੇ ਉਮੀਦ ਪ੍ਰਗਟਾਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੁਆਉਣਗੇ। ਉਨ੍ਹਾਂ ਦੱਸਿਆ ਕਿ ਏਸੇ ਸਾਲ 14 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਕੋਲ ਵੀ ਮੁੱਦੇ ਨੂੰ ਉਠਾਇਆ ਸੀ ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਕਿ ਕੀ ਕਾਰਵਾਈ ਕੀਤੀ ਹੈ।