ਸਰਕਾਰ ਦੀਆਂ ਠੱਗੀਆਂ: ਮਾਮਲਾ ਹਲਵਾਰਾ ਹਵਾਈ ਅੱਡੇ ਲਈ ਜ਼ਮੀਨ ਲੈਣ ਦਾ

ਸਰਕਾਰ ਦੀਆਂ ਠੱਗੀਆਂ: ਮਾਮਲਾ ਹਲਵਾਰਾ ਹਵਾਈ ਅੱਡੇ ਲਈ ਜ਼ਮੀਨ ਲੈਣ ਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਵਿਕਾਸ ਪ੍ਰਜੈਕਟਾਂ ਦੇ ਲਈ ਸਰਕਾਰ ਵੱਲੋਂ ਐਕਵਾਇਰ ਕੀਤੀ ਜਾਂਦੀ ਜ਼ਮੀਨ ਵਿਚ ਧਾਂਦਲੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਕਰਕੇ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਚੁੱਕਿਆ ਹੈ। ਸਰਕਾਰ ਅਤੇ ਅਫਸਰਾਂ ਦੀ 'ਕਹਿਣਾ ਕੁੱਝ ਅਤੇ ਕਰਨਾ ਕੁੱਝ' ਵਾਲੀ ਨੀਤੀ ਕਾਰਨ ਲੋਕ ਹੁਣ ਸਰਕਾਰਾਂ ਦੀ ਕਿਸੇ ਗੱਲ 'ਤੇ ਭਰੋਸਾ ਨਹੀਂ ਕਰਦੇ। 

ਅਜਿਹਾ ਹੀ ਮਾਮਲਾ ਗੁਰੂਸਰ ਸੁਧਾਰ ਹਲਕੇ ਵਿਚ ਹਲਵਾਰਾ ਹਵਾਈ ਅੱਡੇ ਬਣਾਉਣ ਲਈ ਲਈ ਗਈ ਜ਼ਮੀਨ ਬਾਰੇ ਸਾਹਮਣੇ ਆਇਆ ਹੈ। ਇੱਥੇ ਸਰਕਾਰ ਨੇ ਕਿਸਾਨਾਂ ਨੂੰ ਜ਼ਮੀਨ ਦੀ ਰਕਮ ਦੇਣ ਤੋਂ ਬਿਨ੍ਹਾਂ ਹੀ ਹਵਾਈ ਅੱਡੇ ਦੇ ਕਾਰਜ ਅਰੰਭ ਦਿੱਤੇ ਹਨ। ਜਿੱਥੇ ਸਰਕਾਰ ਉਸਾਰੀ ਦੀਆਂ ਵਿਉਂਤਬੰਦੀਆਂ ਬਣਾ ਰਹੀ ਹੈ ਉੱਥੇ ਸਾਰੇ ਕਿਸਾਨਾਂ ਨੂੰ ਹਾਲੇ ਤੱਕ ਉਨ੍ਹਾਂ ਦੀ ਜ਼ਮੀਨ ਦਾ ਮੁਆਵਜ਼ਾ ਅਤੇ ਉਜਾੜਾ ਭੱਤਾ ਵੀ ਅਦਾ ਨਹੀਂ ਕੀਤਾ ਗਿਆ ਤੇ ਪਿੰਡ ਐਤੀਆਣਾ ਦੇ ਕਿਸਾਨਾਂ ਨੇ ਆਪਣੇ ਹੱਕ ਲਈ ਮੁੜ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਲਿਆ ਹੈ। 

ਆਮ ਆਦਮੀ ਪਾਰਟੀ ਤੋਂ ਵੱਖ ਹੋਏ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਕਿਸਾਨਾਂ ਦੇ ਇਕੱਠ ਵਿੱਚ ਐਲਾਨ ਕੀਤਾ ਕਿ ਕਿਸਾਨਾਂ ਦੀ ਪਾਈ-ਪਾਈ ਅਦਾ ਕੀਤੇ ਬਗ਼ੈਰ ਅਧਿਕਾਰੀਆਂ ਨੂੰ ਖੇਤਾਂ ਵਿੱਚ ਪੈਰ ਨਹੀਂ ਧਰਨ ਦੇਣਗੇ।

ਦੱਸ ਦਈਏ ਕਿ ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਹ ਐਲਾਨ ਕੀਤਾ ਸੀ ਕਿ 161.27 ਏਕੜ ਜ਼ਮੀਨ ਦਾ ਮੁਆਵਜ਼ਾ ਅਤੇ ਪ੍ਰਭਾਵਿਤ ਕਿਸਾਨ ਪਰਿਵਾਰਾਂ ਨੂੰ ਉਜਾੜਾ ਭੱਤਾ ਅਦਾ ਕਰ ਦਿੱਤਾ ਗਿਆ ਹੈ, ਪਰ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਉਜਾੜਾ ਭੱਤਾ ਤਾਂ ਇਕ ਪਾਸੇ ਅਜੇ ਤਕ ਸਾਰੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁਆਵਜ਼ਾ ਵੀ ਨਹੀਂ ਮਿਲਿਆ। ਕਿਸਾਨਾਂ ਨੇ ਸਰਕਾਰ 'ਤੇ ਧੋਖੇਬਾਜ਼ੀ ਅਤੇ ਠੱਗਪੁਣੇ ਦਾ ਦੋਸ਼ ਲਾਇਆ ਹੈ। 

ਪਿੰਡ ਦੇ ਸਰਪੰਚ ਲਖਬੀਰ ਸਿੰਘ ਨੇ ਦੱਸਿਆ ਕਿ ਮੁਆਵਜ਼ੇ ਦੇ 40 ਕਰੋੜ ਵਿੱਚੋਂ ਵੀ ਸਿਰਫ਼ 25 ਕਰੋੜ ਦੀ ਅਦਾਇਗੀ ਹੋਈ ਹੈ, ਜਦਕਿ ਉਜਾੜਾ ਭੱਤੇ ਦੀ ਤਾਂ ਦੁੱਕੀ ਵੀ ਕਿਸਾਨਾਂ ਦੇ ਪੱਲੇ ਨਹੀਂ ਪਈ।

ਸਰਪੰਚ ਲਖਬੀਰ ਸਿੰਘ ਅਨੁਸਾਰ ਪਿਛਲੇ ਡੇਢ ਮਹੀਨੇ ਤੋਂ ਉਹ ਦਫ਼ਤਰਾਂ ਦੇ ਚੱਕਰ ਮਾਰ-ਮਾਰ ਕੇ ਹੰਭ ਗਏ ਹਨ। ਗਲਾਡਾ ਅਤੇ ਮਾਲ ਵਿਭਾਗ ਦੇ ਅਧਿਕਾਰੀ ਇਕ ਦੂਜੇ ਦੇ ਸਿਰ ਠੀਕਰਾ ਭੰਨਣ ਲੱਗੇ ਹੋਏ ਹਨ, ਪਰ ਪ੍ਰਸ਼ਾਸਨ ਹਾਲੇ ਤੱਕ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਕਰ ਸਕਿਆ। ਉਧਰ ਹਲਕਾ ਵਿਧਾਇਕ ਜੱਗਾ ਹਿੱਸੋਵਾਲ ਨੇ ਦੋਸ਼ ਲਾਇਆ ਕਿ ਗਲਾਡਾ ਅਧਿਕਾਰੀਆਂ ਅਤੇ ਵਿਚੋਲਾ ਕੰਪਨੀ ਟਿੱਲਾ ਨੇ ਕਿਸਾਨਾਂ ਨੂੰ ਪਹਿਲਾਂ 50 ਤੋਂ 55 ਲੱਖ ਦਾ ਲੌਲੀਪੌਪ ਦਿਖਾ ਕੇ ਦਿੱਤਾ ਸਿਰਫ਼ 20 ਲੱਖ ਹੀ ਹੈ।