ਸ੍ਰੀਲੰਕਾ ਵਿਚ ਹਾਲਾਤ ਬੇਕਾਬੂ ,ਜਨਤਾ ਬਾਗੀ ਤੇ ਹਿੰਸਾ ਵਲ ਉਤਾਰੂ ,ਪ੍ਰਧਾਨ ਮੰਤਰੀ ਵਲੋਂ  ਅਸਤੀਫ਼ਾ

ਸ੍ਰੀਲੰਕਾ ਵਿਚ ਹਾਲਾਤ ਬੇਕਾਬੂ ,ਜਨਤਾ ਬਾਗੀ ਤੇ ਹਿੰਸਾ ਵਲ ਉਤਾਰੂ ,ਪ੍ਰਧਾਨ ਮੰਤਰੀ ਵਲੋਂ  ਅਸਤੀਫ਼ਾ

* ਸੰਸਦ ਮੈਂਬਰ ਸਣੇ ਚਾਰ ਹਲਾਕ, ਮੁਲਕ ਵਿੱਚ ਹਾਲਾਤ ਬੇਕਾਬੂ

* ਲੋਕਾਂ ਨੇ ਕਈ ਸਾਬਕਾ ਮੰਤਰੀਆਂ ਤੇ ਸਿਆਸੀ ਆਗੂਆਂ ਦੇ ਘਰਾਂ-ਦਫ਼ਤਰਾਂ ਨੂੰ ਬਣਾਇਆ ਨਿਸ਼ਾਨਾ

  ਸ੍ਰੀਲੰਕਾ ਵਿਚ  ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿਚ ਮੁਲਕ ਦੀ ਸੱਤਾਧਾਰੀ ਧਿਰ ਦੇ ਇਕ ਸੰਸਦ ਮੈਂਬਰ ਦੀ ਮੌਤ ਹੋ ਗਈ ਹੈ। ਰਾਜਪਕਸੇ ਭਰਾਵਾਂ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਤ ਸੰਸਦ ਮੈਂਬਰ ਦਾ ਨਿੱਜੀ ਸੁਰੱਖਿਆ ਕਰਮੀ  ਵੀ ਮਾਰਿਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲੀਸ ਨੇ ਦੋ ਹੋਰ ਮੌਤਾਂ ਦੀ ਪੁਸ਼ਟੀ ਵੀ ਕੀਤੀ ਹੈ। ਪੁਲੀਸ ਨੇ ਦੱਸਿਆ ਕਿ ਪੋਲੋਨਾਰੂਆ ਜ਼ਿਲ੍ਹੇ ਤੋਂ ਐੱਸਐਲਪੀਪੀ ਦੇ ਸੰਸਦ ਮੈਂਬਰ ਅਮਰ ਕੀਰਤੀ ਅਤੁਕੋਰਾਲਾ ਨੂੰ ਸਰਕਾਰ ਵਿਰੋਧੀ ਸਮੂਹ ਨੇ ਪੱਛਮੀ ਸ਼ਹਿਰ ਨਿਤੰਬੂਆ ਵਿਚ ਘੇਰ ਲਿਆ। ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਦੀ ਕਾਰ ਵਿਚੋਂ ਗੋਲੀ ਚੱਲੀ ਸੀ ਤੇ ਜਦ ਗੁੱਸੇ ਵਿਚ ਆਈ ਭੀੜ ਨੇ ਉਸ ਨੂੰ ਕਾਰ ਵਿਚ ਉਤਾਰਿਆ ਤਾਂ ਉਹ ਭੱਜ ਕੇ ਇਕ ਇਮਾਰਤ ਵਿਚ ਲੁਕ ਗਿਆ। ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਨੇ ਖ਼ੁਦ ਆਪਣੇ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੇ ਸਮਰਥਕਾਂ ਵੱਲੋਂ ਸ਼ਾਂਤੀਪੂਰਨ ਰੋਸ ਜ਼ਾਹਿਰ ਕਰ ਰਹੇ ਲੋਕਾਂ ਉਤੇ ਹਮਲਾ ਕੀਤੇ ਜਾਣ ਤੋਂ ਬਾਅਦ ਪੂਰੇ ਦੇਸ਼ ਵਿਚ ਹਿੰਸਾ ਭੜਕ ਗਈ ਹੈ। ਲੋਕਾਂ ਨੇ ਰਾਜਧਾਨੀ ਤੋਂ ਮੁੜ ਰਹੇ ਰਾਜਪਕਸੇ ਹਮਾਇਤੀਆਂ ਉਤੇ ਗੁੱਸਾ ਕੱਢਿਆ। ਲੋਕਾਂ ਨੇ ਉਨ੍ਹਾਂ ਦੇ ਵਾਹਨਾਂ ਨੂੰ ਰੋਕ ਲਿਆ ਤੇ ਕਈ ਸ਼ਹਿਰਾਂ ਵਿਚ ਉਨ੍ਹਾਂ ਤੇ ਹਮਲਾ ਕੀਤਾ। ਗੁੱਸੇ ਵਿਚ ਆਏ ਲੋਕਾਂ ਨੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਦੀ ਜੱਦੀ ਰਿਹਾਇਸ਼ ਸਣੇ ਸਾਬਕਾ ਮੰਤਰੀ ਜੌਹਨਸਨ ਫਰਨੈਂਡੋ ਦੇ ਦਫ਼ਤਰਾਂ ਤੇ ਹੋਰ ਟਿਕਾਣਿਆਂ ਨੂੰ ਅੱਗ ਲਾ ਦਿੱਤੀ। ਇਕ ਹੋਰ ਸਾਬਕਾ ਮੰਤਰੀ ਨਿਮਲ ਲਾਂਜ਼ਾ ਦੇ ਘਰ ਉਤੇ ਵੀ ਹਮਲਾ ਕੀਤਾ ਗਿਆ ਹੈ। ਲੋਕਾਂ ਨੇ ਇਕ ਮੇਅਰ ਤੇ ਕਈ ਹੋਰ ਆਗੂਆਂ ਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਆਪਣੇ ਸਮਰਥਕਾਂ ਵੱਲੋਂ ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਤੇ ਕੀਤੇ ਹਮਲੇ ਮਗਰੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਹਮਲਾ ਕੋਲੰਬੋ ਵਿਚ ਰਾਸ਼ਟਰਪਤੀ ਗੋਟਬਾਯਾ ਰਾਜਪਕਸੇ ਦੇ ਦਫ਼ਤਰ ਦੇ ਬਾਹਰ ਕੀਤਾ ਗਿਆ ਸੀ। ਪੁਲੀਸ ਨੇ ਇਸ ਦੌਰਾਨ ਮਹਿੰਦਾ ਸਮਰਥਕਾਂ ਨੂੰ ਖਿੰਡਾਉਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ। ਉਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਵੀ ਅੱਗੇ ਵਧਣ ਤੋਂ ਰੋਕਣ ਲਈ ਮਨੁੱਖੀ ਲੜੀ ਬਣਾਈ। ਇਨ੍ਹਾਂ ਝੜਪਾਂ ਵਿਚ 154 ਵਿਅਕਤੀ ਫੱਟੜ ਹੋ ਗਏ ਹਨ। ਜ਼ਿਕਰਯੋਗ ਹੈ ਕਿ ਮਹਿੰਦਾ ਦੀ ਆਪਣੀ ਪਾਰਟੀ ਐੱਸਐਲਪੀਪੀ ਨੇ ਵੀ ਉਨ੍ਹਾਂ ਉਤੇ ਅਸਤੀਫ਼ੇ ਲਈ ਦਬਾਅ ਬਣਾਇਆ ਹੋਇਆ ਸੀ। ਇਸੇ ਦੌਰਾਨ ਦੋ ਕੈਬਨਿਟ ਮੰਤਰੀਆਂ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਕੋਲੰਬੋ ਵਿਚ ਹਿੰਸਕ ਟਕਰਾਅ ਮਗਰੋਂ ਪ੍ਰਧਾਨ ਮੰਤਰੀ ਮਹਿੰਦਾ (76) ਨੇ ਰਾਸ਼ਟਰਪਤੀ ਗੋਟਬਾਯਾ ਨੂੰ ਆਪਣਾ ਅਸਤੀਫ਼ਾ ਭੇਜਿਆ।  ਪ੍ਰਧਾਨ ਮੰਤਰੀ ਦੇ ਅਸਤੀਫ਼ੇ ਨਾਲ ਮੰਤਰੀ ਮੰਡਲ ਦੀ ਹੋਂਦ ਵੀ ਖ਼ਤਮ ਹੋ ਗਈ ਹੈ। 

ਕੋਲੰਬੋ ਵਿਚਲੇ  ਅਮਰੀਕਾ ਦੀ ਰਾਜਦੂਤ ਜੂਲੀ ਚੁੰਗ ਨੇ ਸਰਕਾਰ ਨੂੰ ਹਿੰਸਾ ਭੜਕਣ ਪਿਛਲੇ ਕਾਰਨਾਂ ਦੀ ਜਾਂਚ ਕਰਾਉਣ ਲਈ ਕਿਹਾ ਹੈ। ਸ੍ਰੀਲੰਕਾ ਵਿਚਲੇ ਯੂਕੇ ਦੇ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਰੋਸ ਮੁਜ਼ਾਹਰਿਆਂ ਵਿਚ ਹਿੱਸਾ ਨਾ ਲੈਣ ਦੀ ਸਲਾਹ ਦਿੱਤੀ ਹੈ। ਯੂਰੋਪੀਅਨ ਯੂਨੀਅਨ ਦੀ ਅੰਬੈਸੀ ਨੇ ਸਰਕਾਰ ਨੂੰ ਲੋਕਾਂ ਦੀ ਰਾਖੀ ਕਰਨ ਦਾ ਸੱਦਾ ਦਿੱਤਾ ਹੈ। 

ਸਰਕਾਰ ਨੇ ਪੂਰੇ ਮੁਲਕ ਵਿਚ ਕਰਫ਼ਿਊ ਲਾ ਦਿੱਤਾ ਹੈ। ਰਾਜਧਾਨੀ ਕੋਲੰਬੋ ਵਿਚ ਫ਼ੌਜ ਤਾਇਨਾਤ ਕੀਤੀ ਜਾ ਰਹੀ ਹੈ।  ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਇਕ ਧੜੇ ਨੇ ਉਨ੍ਹਾਂ ਦੇ ਆਗੂ ਸਾਜਿਥ ਪ੍ਰੇਮਦਾਸਾ ਉਤੇ ਵੀ ਹਮਲਾ ਕੀਤਾ ਹੈ। ਉਨ੍ਹਾਂ ਹਿੰਸਾ ਭੜਕਾਉਣ ਲਈ ਮਹਿੰਦਾ ਰਾਜਪਕਸੇ ਨੂੰ ਜ਼ਿੰਮੇਵਾਰ ਠਹਿਰਾਇਆ। ਸਾਬਕਾ ਪ੍ਰਧਾਨ ਮੰਤਰੀ ਰਨੀਲ ਵਿਕਰਮਾਸਿੰਘੇ ਨੇ ਸ਼ਾਂਤੀਪੂਰਨ ਰੋਸ ਜ਼ਾਹਿਰ ਕਰ ਰਹੇ ਲੋਕਾਂ  ’ਤੇ ਹਮਲੇ ਦੀ ਨਿਖੇਧੀ ਕੀਤੀ  ਹੈ।