3 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਬਦਲੇ ਛੱਡੇ ਗਏ 11 ਤਾਲਿਬਾਨੀ ਕੈਦੀ

3 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਬਦਲੇ ਛੱਡੇ ਗਏ 11 ਤਾਲਿਬਾਨੀ ਕੈਦੀ

ਕਾਬੁਲ: ਅਫਗਾਨ ਤਾਲਿਬਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹਨਾਂ ਵੱਲੋਂ ਬੰਦੀ ਬਣਾਏ ਗਏ ਤਿੰਨ ਭਾਰਤੀ ਇੰਜੀਨੀਅਰਾਂ ਨੂੰ ਰਿਹਾਅ ਕਰਨ ਬਦਲੇ 11 ਅਫਗਾਨ ਤਾਲਿਬਾਨੀਆਂ ਨੂੰ ਰਿਹਾਅ ਕਰਵਾਇਆ ਗਿਆ ਹੈ। ਕੈਦੀਆਂ ਦੀਆਂ ਇਹ ਅਦਲਾ ਬਦਲੀ ਬੀਤੇ ਕੱਲ੍ਹ ਐਤਵਾਰ ਨੂੰ ਹੋਈ ਦੱਸੀ ਜਾ ਰਹੀ ਹੈ। 

"ਦਾ ਐਕਸਪ੍ਰੈਸ ਟ੍ਰਿਬਿਊਨ" ਦੀ ਖਬਰ ਮੁਤਾਬਿਕ ਤਾਲਿਬਾਨ ਦੇ ਦੋ ਮੁੱਖ ਅਹੁਦੇਦਾਰਾਂ ਨੇ ਨਾਂ ਗੁਪਤ ਰੱਖਦਿਆਂ ਇਹ ਬਿਆਨ ਦਿੱਤਾ ਹੈ ਪਰ ਉਹਨਾਂ ਇਹ ਸਾਫ ਨਹੀਂ ਦੱਸਿਆ ਕਿ ਇਹਨਾਂ ਭਾਰਤੀ ਇੰਜੀਨੀਅਰਾਂ ਨੂੰ ਕਿਸ ਦੇ ਸਪੁਰਦ ਕੀਤਾ ਗਿਆ ਹੈ ਅਤੇ ਰਿਹਾਅ ਕਰਵਾਏ ਗਏ ਤਾਲਿਬਾਨੀ ਕੈਦੀ ਅਫਗਾਨ ਸਰਕਾਰ ਦੀ ਕੈਦ ਵਿੱਚ ਸਨ ਜਾਂ ਅਮਰੀਕੀ ਫੌਜਾਂ ਦੀ ਕੈਦ ਵਿੱਚ ਸਨ। 

ਪਰ "ਐਸੋਸੀਏਟਿਡ ਪ੍ਰੈਸ" ਨੇ ਅਫਗਾਨ ਜੇਲ੍ਹ ਵਿੱਚੋਂ 11 ਤਾਲਿਬਾਨੀ ਕੈਦੀਆਂ ਦੀ ਰਿਹਾਈ ਦੀ ਰਿਪੋਰਟ ਛਾਪੀ ਹੈ।

ਮਈ 2018 ਵਿੱਚ ਅਫਗਾਨਿਸਤਾਨ ਦੇ ਉੱਤਰੀ ਸੂਬੇ ਬਘਲਾਨ ਦੇ ਪਾਵਰ ਪਲਾਂਟ 'ਤੇ ਕੰਮ ਕਰਦੇ 7 ਭਾਰਤੀ ਇੰਜੀਨੀਅਰਾਂ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਸੀ। ਇਹਨਾਂ ਇੰਜੀਨੀਅਰਾਂ ਵਿੱਚੋਂ ਇੱਕ ਨੂੰ ਮਾਰਚ ਮਹੀਨੇ ਛੱਡ ਦਿੱਤਾ ਗਿਆ ਸੀ। 

ਸੂਤਰਾਂ ਮੁਤਾਬਿਕ ਛੱਡੇ ਗਏ ਤਾਲਿਬਾਨੀ ਆਗੂਆਂ ਵਿੱਚ ਸ਼ੇਖ ਅਬਦੁਰ ਰਹੀਮ ਅਤੇ ਮੌਲਵੀ ਅਬਦੁਰ ਰਸ਼ੀਦ ਵੀ ਸ਼ਾਮਿਲ ਹਨ ਜੋ ਕੂਨਾਰ ਅਤੇ ਨਿਮਰੋਜ਼ ਸੂਬਿਆਂ ਵਿੱਚ ਤਾਲਿਬਾਨ ਦੇ ਗਵਰਨਰ ਸਨ ਅਤੇ 2001 ਵਿੱਚ ਅਮਰੀਕੀ ਫੌਜ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਤਾਲਿਬਾਨ ਦੇ ਨੁਮਾਂਇੰਦਿਆਂ ਵੱਲੋਂ ਰਿਹਾਅ ਹੋਏ ਇਹਨਾਂ ਤਾਲਿਬਾਨੀ ਆਗੂਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। 

ਹਲਾਂਕਿ ਅਜੇ ਤੱਕ ਭਾਰਤੀ ਅਤੇ ਅਫਗਾਨ ਸਰਕਾਰ ਵੱਲੋਂ ਇਸ ਰਿਪੋਰਟ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਪਿਛਲੇ ਸਮੇਂ ਤੋਂ ਪਾਕਿਸਤਾਨ ਦੀ ਵਿਚੋਲਗੀ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਅਮਰੀਕਾ ਅਫਗਾਨਿਸਤਾਨ ਵਿੱਚੋਂ ਬਾਹਰ ਜਾਣ ਲਈ ਤਾਲਿਬਾਨ ਨਾਲ ਸੰਧੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।