ਅਕਾਲ ਤਖ਼ਤ ਸਾਹਮਣੇ ਢਾਡੀ ਦਰਬਾਰ ਲਾਉਣ ਸਬੰਧੀ ਵਿਵਾਦ ਖ਼ਤਮ

ਅਕਾਲ ਤਖ਼ਤ ਸਾਹਮਣੇ ਢਾਡੀ ਦਰਬਾਰ ਲਾਉਣ ਸਬੰਧੀ ਵਿਵਾਦ ਖ਼ਤਮ
ਕੈਪਸ਼ਨ-ਅਕਾਲ ਤਖ਼ਤ ਸਾਹਮਣੇ ਢਾਡੀ ਦਰਬਾਰ ਲਾਉਂਦਾ ਹੋਇਆ ਢਾਡੀ ਜਥਾ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲ ਤਖ਼ਤ ਸਾਹਮਣੇ ਢਾਡੀ ਦਰਬਾਰ ਲਾਉਣ ਸਬੰਧੀ ਚੱਲ ਰਿਹਾ ਵਿਵਾਦ ਲਗਪਗ ਖ਼ਤਮ ਹੋ ਗਿਆ ਹੈ ਤੇ ਅਕਾਲ ਤਖ਼ਤ ਦੇ ਸਕੱਤਰੇਤ ਸਾਹਮਣੇ ਮਰਨ ਵਰਤ ਨਹੀਂ ਰੱਖਿਆ। ਇਸ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਢਾਡੀ ਜਥਿਆਂ ਨੇ ਢਾਡੀ ਦਰਬਾਰ ਵੀ ਲਾਏ।
ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਢਾਡੀ ਜਥਿਆਂ ਦੇ ਸਮੇਂ ਦੀ ਵੰਡ ਸਬੰਧੀ ਕੀਤੇ ਫ਼ੈਸਲੇ ਦਾ ਵਿਰੋਧ ਕੀਤਾ ਸੀ। ਢਾਡੀ ਸਭਾ ਨੇ ਦੋਸ਼ ਲਾਇਆ ਸੀ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਪੱਖਪਾਤ ਕੀਤਾ ਗਿਆ ਤੇ ਵਧੇਰੇ ਢਾਡੀ ਜਥਿਆਂ ਵਾਲੀ ਸਭਾ ਨੂੰ ਵਧੇਰੇ ਸਮਾਂ ਦਿੱਤਾ ਜਾਣਾ ਚਾਹੀਦਾ ਸੀ। ਇਸ ਮਾਮਲੇ ਵਿੱਚ ਢਾਡੀ ਸਭਾ ਨੇ 4 ਸਤੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਸੀ। ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐਮਏ ਨੇ ਆਖਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵੱਲੋਂ ਬਣਾਈ ਦੋ ਮੈਂਬਰੀ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਹੋਈ ਹੈ ਤੇ ਉਨ੍ਹਾਂ ਢਾਡੀ ਸਭਾ ਦੀਆਂ ਦੋਵੇਂ ਮੰਗਾਂ ਪ੍ਰਵਾਨ ਕਰ ਲਈਆਂ ਹਨ। ਇਸ ਤਹਿਤ ਉਨ੍ਹਾਂ ਦੀ ਢਾਡੀ ਸਭਾ ਦੇ ਜਥਿਆਂ ਨੂੰ ਵਧੇਰੇ ਸਮਾਂ ਮਿਲੇਗਾ ਤੇ ਢਾਡੀ ਦਰਬਾਰ ਮੰਜੀ ਸਾਹਿਬ ਦੀਵਾਨ ਹਾਲ ਦੀ ਥਾਂ ਅਕਾਲ ਤਖ਼ਤ ਦੇ ਸਾਹਮਣੇ ਹੀ ਲਾਏ ਜਾਣਗੇ। ਉਨ੍ਹਾਂ ਆਖਿਆ ਕਿ ਕਮੇਟੀ ਮੈਂਬਰਾਂ ਨੇ ਇਹ ਮੰਗਾਂ ਪ੍ਰਵਾਨ ਕਰਨ ਦਾ ਜ਼ੁਬਾਨੀ ਭਰੋਸਾ ਦਿੱਤਾ ਹੈ ਪਰ ਉਹ ਲਿਖਤੀ ਪ੍ਰਵਾਨਗੀ ਮੰਗ ਰਹੇ ਹਨ। ਜੇ ਭਲਕੇ ਪ੍ਰਵਾਨਗੀ ਪੱਤਰ ਨਾ ਮਿਲਿਆ ਤਾਂ ਉਹ ਅਗਲੀ ਕਾਰਵਾਈ ਲਈ ਵਿਚਾਰ ਕਰਨਗੇ।
ਇਸ ਮਾਮਲੇ ਦੇ ਹੱਲ ਲਈ ਬਣੀ ਦੋ ਮੈਂਬਰੀ ਕਮੇਟੀ ਦੇ ਮੈਂਬਰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਆਖਿਆ ਕਿ ਮਸਲਾ ਲਗਪਗ ਹੱਲ ਹੋ ਚੁੱਕਾ ਹੈ ਅਤੇ ਢਾਡੀ ਸਭਾ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਹੈ ਕਿ ਉਹ ਭਲਕੇ ਮਰਨ ਵਰਤ ਨਹੀਂ ਰੱਖਣਗੇ। ਉਧਰ, ਦੂਜੀ ਧਿਰ ਮੀਰੀ ਪੀਰੀ ਸ਼੍ਰੋਮਣੀ ਢਾਡੀ ਜਥਾ ਦੇ ਆਗੂ ਗੁਰਮੇਜ ਸਿੰਘ ਸ਼ਹੂਰਾ ਨੇ ਆਖਿਆ ਕਿ ਫਿਲਹਾਲ ਉਨ੍ਹਾਂ ਨੂੰ ਨਵੇਂ ਫ਼ੈਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਉਨ੍ਹਾਂ ਨੂੰ ਭਰੋਸੇ ਵਿੱਚ ਲਿਆ ਗਿਆ ਹੈ।