ਬੇਅਦਬੀ ਮਾਮਲਾ : ਅਦਾਲਤ ਨੇ ਦੋਸ਼ੀ ਨੂੰ ਸੁਣਾਈ ਇਕ ਸਾਲ ਕੈਦ ਦੀ ਸਜ਼ਾ

ਬੇਅਦਬੀ ਮਾਮਲਾ : ਅਦਾਲਤ ਨੇ ਦੋਸ਼ੀ ਨੂੰ ਸੁਣਾਈ ਇਕ ਸਾਲ ਕੈਦ ਦੀ ਸਜ਼ਾ

ਅੰਮ੍ਰਿਤਸਰ/ਬਿਊਰੋ ਨਿਊਜ਼ :
ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨਾਲ ਹੋਈ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਪੁਲੀਸ ਵੱਲੋਂ ਦਰਜ ਕੀਤੇ ਮਾਮਲਿਆਂ ਵਿਚ ਸਜ਼ਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੀ ਸ਼ੁਰੂਆਤ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵੱਲੋਂ ਇਕ ਵਿਅਕਤੀ ਨੂੰ ਬੇਅਦਬੀ ਮਾਮਲੇ ‘ਚ ਇਕ ਸਾਲ ਕੈਦ ਦੀ ਸਜ਼ਾ ਦਿੱਤੇ ਜਾਣ ਨਾਲ ਸ਼ੁਰੂ ਹੋ ਗਈ ਹੈ। ਉਕਤ ਮਾਮਲਾ ਬੀਤੇ ਸਾਲ 2016 ਵਿਚ 13 ਮਾਰਚ ਨੂੰ ਥਾਣਾ ਖਿਲਚੀਆਂ ਦੀ ਪੁਲੀਸ ਵੱਲੋਂ ਪਿੰਡ ਥੋਥੀਆਂ ਦੀ ਗੁਰਦੁਆਰਾ ਪ੍ਰਬੰਧਾਂ ਸਬੰਧੀ ਬਣੀ ਕਮੇਟੀ ਦੇ ਇਕ ਮੈਂਬਰ ਕਸ਼ਮੀਰ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਸੀ, ਜਿਸ ਨੇ ਦੱਸਿਆ ਕਿ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਸੁੱਖ ਆਸਣ ਲਈ ਬਣੇ ਕਮਰੇ ਵਿਚ ਪਲੰਘ ਸਾਹਿਬ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਿਰਾਜਮਾਨ ਹਨ ਅਤੇ ਗੁਰਦੁਆਰਾ ਸਾਹਿਬ ਵਿਖੇ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੋਏ ਹਨ। ਵਾਪਰੀ ਘਟਨਾ ਬਾਰੇ ਗ੍ਰੰਥੀ ਸਿੰਘ ਪ੍ਰੇਮ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲਿਆਂ ਨਾਲ ਛੇੜਛਾੜ ਕੀਤੀ ਗਈ ਸੀ ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਸਰੂਪ ਦੇ ਕੁਝ ਅੰਗ ਕਿਸੇ ਵੱਲੋਂ ਪਾੜ ਕੇ ਨੁਕਸਾਨੇ ਗਏ ਸਨ। ਜਦੋਂਕਿ ਕਮੇਟੀ ਮੈਂਬਰਾਂ ਦੀ ਹਾਜ਼ਰੀ ਵਿਚ ਸੀ.ਸੀ.ਟੀ.ਵੀ. ਫੁੱਟੇਜ ਚੈੱਕ ਕੀਤੀ ਗਈ ਤਾਂ ਇਕ ਨੌਜਵਾਨ ਵੱਲੋਂ ਅਜਿਹੀ ਹਰਕਤ ਕਰਨ ਬਾਰੇ ਪਤਾ ਲੱਗਿਆ, ਇਸ ਘਟਨਾ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਸੱਟ ਵੱਜੀ ਤੇ ਲੋਕਾਂ ਵੱਲੋਂ ਮਾਮਲਾ ਪੁਲੀਸ ਨੂੰ ਦਿੱਤਾ ਗਿਆ। ਪੁਲੀਸ ਨੇ ਜਸਵਿੰਦਰ ਸਿੰਘ ਵਾਸੀ ਪਿੰਡ ਥੋਥੀਆਂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਦੋਸ਼ਾਂ ਦਾ ਪਰਚਾ ਦਰਜ ਕੀਤਾ ਸੀ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਟਾਰਨੀ ਸਲਵਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਕੁਮਾਰੀ ਨਵਦੀਪ ਕੌਰ ਗਿੱਲ ਸਬ-ਡਿਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋਂ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।