ਰਣਜੀਤ ਸਿੰਘ ਗੌਹਰ ਤੇ ਇਕਬਾਲ ਸਿੰਘ ਨੂੰ ਤਖਤ ਸਾਹਿਬ ਦੇ ਕੰਪਲੈਕਸ ਵਿੱਚੋਂ ਬਾਹਰ ਕਰਨ ਦੇ ਆਦੇਸ਼

ਰਣਜੀਤ ਸਿੰਘ ਗੌਹਰ ਤੇ ਇਕਬਾਲ ਸਿੰਘ ਨੂੰ ਤਖਤ ਸਾਹਿਬ ਦੇ ਕੰਪਲੈਕਸ ਵਿੱਚੋਂ ਬਾਹਰ ਕਰਨ ਦੇ ਆਦੇਸ਼

ਤਖਤ ਪਟਨਾ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਬਲਦੇਵ ਸਿੰਘ ਹੋਣਗੇ
ਸਾਰੇ ਬੋਰਡ ਮੈਂਬਰ 6 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ:   ਸਕੱਤਰੇਤ  ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ  ਦੇ ਪ੍ਰਧਾਨ ਸਾਹਿਬ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਕਾਰਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਵਿਵਾਦ ਹੈ ਜੋ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ ਇਸ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਸ ਵਿਵਾਦ ਨਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਾਣ ਮਰਿਯਾਦਾ ਨੂੰ ਵੱਡੀ ਠੇਸ ਪੁੱਜੀ ਹੈ।ਬੋਰਡ ਇਸ ਵਿਵਾਦ ਨੂੰ ਹੱਲ ਕਰਨ ਵਿਚ ਨਾ ਕਾਮਯਾਬ ਰਿਹਾ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਜ਼ਦੀਕ ਆ ਰਿਹਾ ਹੈ।ਇਸ ਮੌਕੇ ਇਹ ਵਿਵਾਦ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ।ਮੈਂਬਰਾਂ ਵਿਚ ਅਹੁਦਿਆਂ ਦੇ ਲਾਲਚ ਕਾਰਨ ਆਪ - ਹੁਦਰੀ ਦਾ ਮਾਹੌਲ ਹੈ।ਇਸ ਲਈ ਸਮੂਹ ਮੌਜੂਦਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰਾਂ ਨੂੰ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਆਦੇਸ਼ ਕੀਤਾ ਗਿਆ ਹੈ ਕਿ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਮੂਹ ਮੌਜੂਦਾ ਮੈਂਬਰ ਮਿਤੀ ੨੧ ਮੱਘਰ ਨਾਨਕਸ਼ਾਹੀ ਸੰਮਤ ੫੫੪ ਮੁਤਾਬਿਕ ੦੬ ਦਸੰਬਰ ੨੦੨੨ ਨੂੰ ਦੁਪਹਿਰ ੧੨ ਵਜੇ ਸ੍ਰੀ ਅਕਾਲ ਤਖਤ ਸਾਹਿਬ ' ਤੇ ਪੇਸ਼ ਹੋਣ।ਹਾਜ਼ਰ ਨਾ ਹੋਣ ਵਾਲੇ ਮੈਂਬਰਾਂ ਖਿਲਾਫ ਮਰਿਆਦਾ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਆਦੇਸ਼ ਤੱਕ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਥੇਦਾਰ ਵਜੋਂ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ , ਪੰਜ ਪਿਆਰੇ ਸਾਹਿਬਾਨ ਦੀ ਸੰਮਤੀ ਨਾਲ ਬਤੌਰ ਜਥੇਦਾਰ ਵਜੋਂ ਸੇਵਾ ਨਿਭਾਉਣਗੇ ਫਿਲਹਾਲ ਜਥੇਦਾਰ ਰਣਜੀਤ ਸਿੰਘ ਅਤੇ ਜਥੇਦਾਰ ਇਕਬਾਲ ਸਿੰਘ ਦੋਵਾਂ ਦੀ ਸੇਵਾ ' ਤੇ ਰੋਕ ਲਗਾਈ ਜਾਂਦੀ ਹੈ । ਇਨ੍ਹਾਂ ਪਾਸੋਂ ਤਖ਼ਤ ਸਾਹਿਬ ਦਾ ਕੰਪਲੈਕਸ ਖਾਲੀ ਕਰਵਾਇਆ ਜਾਵੇ ਤੇ ਅਮਨ ਸ਼ਾਂਤੀ ਕਾਇਮ ਰੱਖੀ ਜਾਵੇ । ਪੇਸ਼ ਹੋਣ ਵਾਲੇ ਦਿਨ ਮਹਿੰਦਰਪਾਲ ਸਿੰਘ ਮੈਂਬਰ ਪ੍ਰਧਾਨਗੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਬਹੁਮਤ ਸਾਬਤ ਕਰੋ । ਇੰਦਰਜੀਤ ਸਿੰਘ ਤੁਰੰਤ ਅੱਜ ਸ਼ਾਮ ਤੱਕ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪੰਜ ਪਿਆਰੇ ਸਾਹਿਬਾਨ ਸਨਮੁੱਖ ਹਾਜ਼ਰ ਹੋ ਕੇ ਆਪਣੀ ਕੀਤੀ ਭੁੱਲ ਲਈ ਖਿਮ੍ਹਾ ਜਾਚਨਾ ਕਰਨ।