ਕੈਲੀਫੋਰਨੀਆ ਵਿਚ ਮਿਡਲ ਸਕੂਲ ਦੇ 7 ਵਿਦਿਆਰਥੀ ਓਵਰਡੋਜ਼ ਕਾਰਨ ਹਸਪਤਾਲ ਦਾਖਲ ਕਰਵਾਏ

ਕੈਲੀਫੋਰਨੀਆ ਵਿਚ ਮਿਡਲ ਸਕੂਲ ਦੇ 7 ਵਿਦਿਆਰਥੀ ਓਵਰਡੋਜ਼ ਕਾਰਨ ਹਸਪਤਾਲ ਦਾਖਲ ਕਰਵਾਏ
ਕੈਪਸ਼ਨ : ਕੈਲੀਫੋਰਨੀਆ ਦੇ ਨੂਇਸ ਮਿਡਲ ਸਕੂਲ ਵਿਚ ਪੁੱਜੀ ਮੈਡੀਕਲ ਵੈਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 3 ਦਸੰਬਰ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ਦੇ ਇਕ ਮਿਡਲ ਸਕੂਲ ਦੇ 7 ਵਿਦਿਆਰਥੀਆਂ ਨੂੰ ਕੋਈ ਸ਼ੱਕੀ ਨਸ਼ੀਲਾ ਪਦਾਰਥ ਵਧ ਮਾਤਰਾ ਵਿਚ ਖਾ ਜਾਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਪ੍ਰਗਟਾਵਾ ਲਾਸ ਏਂਜਲਸ ਦੇ ਅੱਗ ਬੁਝਾਊ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਲਾਸ ਏਂਜਲਸ ਯੁਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਅਜੇ ਇਹ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਵਿਦਿਆਰਥੀਆਂ ਨੇ ਕਿਹੜਾ ਨਸ਼ੀਲਾ ਪਦਾਰਥ ਖਾਧਾ ਸੀ। ਸਕੂਲ ਡਿਸਟ੍ਰਿਕਟ ਅਨੁਸਾਰ ਨੂਇਸ ਮਿਡਲ ਸਕੂਲ ਦੇ ਕੁਝ ਵਿਦਿਆਰਥੀ ਠੀਕ ਨਾ ਹੋਣ ਦੀ ਸ਼ਿਕਾਇਤ ਮਿਲਣ 'ਤੇ ਅਧਿਕਾਰੀਆਂ ਨੇ ਤੁਰੰਤ ਮੈਡੀਕਲ ਵੈਨ ਸਕੂਲ ਵਿਚ ਭੇਜੀ। 12 ਤੋਂ 15 ਸਾਲ ਦੇ 10 ਵਿਦਿਆਰਥੀਆਂ ਵੱਲੋਂ ਨਸ਼ੀਲਾ ਪਦਾਰਥ ਖਾਧਾ ਹੋਣ ਦੀ ਜਾਂਚ ਕੀਤੀ ਗਈ ਜਿਨਾਂ ਵਿਚੋਂ 7 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਵੱਲੋਂ ਸਮੁੱਚੇ ਸਕੂਲ ਦੀ ਤਲਾਸ਼ੀ ਵੀ ਲਈ ਗਈ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਹੋਰ ਕੋਈ ਵਿਦਿਆਰਥੀ ਬਿਮਾਰ ਨਾ ਹੋਵੇ। ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਇਸ ਘਟਨਾ ਦੇ ਬਾਵਜੂਦ ਸਕੂਲ ਸੁਰੱਖਿਅਤ ਹੈ ਇਸ ਨੂੰ ਹਦਾਇਤਾਂ ਅਨੁਸਾਰ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।