ਬੰਦੀ ਛੋੜ ਦਿਵਸ' ’ਤੇ ਮਿਲ ਬੈਠ ਕੇ ਵਿਚਾਰ ਕਰਨ ਦੀ ਰਵਾਇਤ ਲਈ ਉੱਦਮ

ਬੰਦੀ ਛੋੜ ਦਿਵਸ' ’ਤੇ ਮਿਲ ਬੈਠ ਕੇ ਵਿਚਾਰ ਕਰਨ ਦੀ ਰਵਾਇਤ ਲਈ ਉੱਦਮ

ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੋਂ ਸਰਬੱਤ ਦੇ ਭਲੇ ਲਈ ਉਦਾਸੀਆਂ ਕੀਤੀਆਂ

ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਤੋਂ ਸਰਬੱਤ ਦੇ ਭਲੇ ਲਈ ਉਦਾਸੀਆਂ ਕੀਤੀਆਂ ਅਤੇ ਪ੍ਰਚਾਰ ਅਰੰਭਿਆ ਤਦੋਂ ਤੋਂ ਉਹਨਾਂ ਸਮੇਤ ਗੁਰਸਿੱਖੀ ਮਾਰਗ ’ਤੇ ਪਏ ਸਿੱਖਾਂ ਨੂੰ ਦੁਨਿਆਵੀ ਗਰਜਾਂ/ਲਾਲਚਾਂ ਵਿੱਚ ਫਸੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਸਰਬੱਤ ਦੇ ਭਲੇ ਦੇ ਕਾਰਜ ਵਿਰੋਧ ਹੋਣ 'ਤੇ ਅਟਕਦੇ ਰਹੇ। ਉਸ ਸਮੇਂ ਵਿੱਚ ਗੁਰੂ ਸਰੀਰ ਰੂਪ ਵਿੱਚ ਬਿਰਾਜਮਾਨ ਸਨ, ਅਤੇ ਗੁਰਸਿੱਖ ਗੁਰੂ ਤੋਂ ਸੇਧ ਲੈ ਕੇ ਮੁਸ਼ਕਲਾਂ ਤੋਂ ਬਾਹਰ ਆਉਂਦੇ ਰਹੇ ਸਨ। ਖਾਲਸਾ ਸਾਜਣਾ ਤੋਂ ਬਾਅਦ, ਚਮਕੌਰ ਦੀ ਗੜੀ ਵਿੱਚ ਪੰਜਾਂ ਪਿਆਰਿਆਂ ਦੁਆਰਾ ਆਪਸੀ ਵਿਚਾਰ ਕੀਤੇ ਜਾਣ ਤੋਂ ਬਾਅਦ ਗੁਰੂ ਜੀ ਨੂੰ ਗੜੀ ਛੱਡਣ ਦਾ ਹੁਕਮ ਦੇਣ ਦਾ ਇਤਿਹਾਸ ਹੈ। ਦਸਵੇਂ ਪਾਤਿਸਾਹ ਤੋਂ ਬਾਅਦ ਜਦੋਂ ਖਾਲਸਾ ਜੀ ਨੂੰ ਔਖੇ ਸਮੇਂ ਨੇ ਘੇਰਿਆ ਤਾਂ ਨਾਮ ਸਿਮਰਨ ਘਾਲਣਾ ਕਮਾਈ ਵਾਲੇ ਗੁਰਸਿੱਖਾਂ ਦੀ ਸੰਗਤ ਵਿਚੋਂ, ਹੋਰਨਾਂ ਗੁਰਸਿੱਖਾਂ ਨਾਲ ਵਿਚਾਰ ਕਰਨ ’ਤੇ ਹਲਾਤ ਅਨੁਸਾਰ ਸਹੀ ਫੈਸਲਾ ਕਰਨ ਦਾ ਤਰੀਕਾ ਅਖਤਿਆਰ ਕੀਤਾ ਗਿਆ। ਅਤਿ ਮੁਸ਼ਕਲਾਂ ਸਮੇਂ ਸਰਬੱਤ ਖਾਲਸਾ ਜੀ ਆਪੋ ਵਿੱਚ ਵਿਚਾਰ ਕਰਨ ਲਈ ਦਿਵਾਲੀ ਅਤੇ ਵਿਸਾਖੀ ਦਾ ਦਿਨ ਚੁਣਿਆ ਕਰਦਾ ਸੀ। 

ਪੁਰਾਤਨ ਵੇਲਿਆਂ ਤੋਂ ਖਾਲਸਾ ਜੀ ਰਵਾਇਤ ਮੁਤਾਬਕ ਵਿਚਾਰ ਗੋਸਟਿ (ਸੰਵਾਦ ਜਾਂ ਗੁਰਮਤਾ) ਦੇ ਅਮਲ ਵਿੱਚ ਪੈਂਦਾ ਆਇਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੱਦੇ ’ਤੇ ਸਿੱਖ ਦੂਰੋਂ ਨੇੜਿਓਂ ਇਕੱਠੇ ਹੋ ਕੇ ਆਪਣੇ ਭਵਿੱਖ ਦੇ ਕਾਰਜਾਂ ਨੂੰ ਮਿਥਣ ਅਤੇ ਬੀਤੇ ਵੇਲੇ ਦੀ ਪੜਚੋਲ ਕਰਨ, ਸਰਬੱਤ ਖਾਲਸਾ ਜੀ ਕੇ ਦਰਸ਼ਨ ਦੀਦਾਰੇ ਲਈ ਸਾਲ ਵਿੱਚ ਦੋ ਵਾਰ ਇਕੱਠੇ ਹੁੰਦੇ ਸੀ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਇਕੱਠ ਕਰਨਾ ਹਕੂਮਤ ਦੇ ਜਬਰ ਕਰਕੇ ਸੰਭਵ ਨਾ ਹੁੰਦਾ ਤਾਂ ਸਿੱਖ ਜੰਗਲਾਂ ਵਿੱਚ ਬੈਠ ਕੇ ਹੀ ਵਿਚਾਰ ਜਾਂ ਗੁਰਮਤੇ ਕਰਦੇ ਅਤੇ ਭਵਿੱਖ ਬਾਰੇ ਫੈਸਲੇ ਲੈਂਦੇ ਸੀ। ਜੋ ਵੀ ਫੈਸਲਾ ਹੁੰਦਾ ਸੀ, ਉਸਨੂੰ ਪੂਰਾ ਕਰਨ ਲਈ ਸਿਰੜ ਨਾਲ ਮਿਹਨਤ ਕਰਦੇ ਸੀ। 

ਇਤਿਹਾਸ ਅਨੁਸਾਰ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਨੂੰ ਪ੍ਰੇਰਣਾ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਉਪਰ ਇਕੱਤਰ ਹੋ ਕੇ ਆਪਣੀ ਗੁਰੂ ਪਦਵੀ ਦੀ ਵਰਤੋਂ ਕਰਨ। ਸੰਨ 1734 ਵਿੱਚ ਗੁਰਮਤਾ ਹੋਇਆ ਜਿਸ ’ਤੇ ਭਾਈ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਗਈ। ਸੰਨ 1760 ਦੀ ਦਿਵਾਲੀ ਨੂੰ ਇਕੱਠ ’ਤੇ ਫੈਸਲਾ ਹੋਇਆ ਸੀ ਕਿ ਲਾਹੌਰ ਉਪਰ ਸਾਰੀਆਂ ਮਿਸਲਾਂ ਦੁਆਰਾ ਸਾਂਝਾ ਹਮਲਾ ਕਰਕੇ ਕਬਜ਼ਾ ਕੀਤਾ ਜਾਏਗਾ। ਸੰਨ 1762 ਦੀ ਦਿਵਾਲੀ ’ਤੇ ਖਾਲਸਾ ਜੀ ਨੇ ਫੈਸਲਾ ਕੀਤਾ ਕਿ ਵੱਡੇ ਘੱਲੂਘਾਰੇ ਦਾ ਬਦਲਾ ਅਬਦਾਲੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੰਗ ਕਰਕੇ ਲਿਆ ਜਾਵੇਗਾ। ਇਸ ਤੋਂ ਇਲਾਵਾ ਵਿਸਾਖੀ ਜਾਂ ਕਿਸੇ ਹੋਰ ਦਿਨ ’ਤੇ ਸਿੱਖ ਵਿਚਾਰਾਂ ਦੇ ਅਮਲ ਵਿੱਚ ਪੈਂਦੇ ਰਹੇ ਅਤੇ ਆਪਣੇ ਭਵਿੱਖ ਨੂੰ ਸਵਾਰਦੇ ਚਲੇ ਗਏ ਜਦ ਤੱਕ ਕਿ ਸਿੱਖ ਰਾਜ ਕਾਇਮ ਨਾ ਹੋ ਗਿਆ।

ਇਸ ਤਰ੍ਹਾਂ ਸਿੱਖਾਂ ਦੇ ਇਹਨਾਂ ਦਿਹਾੜਿਆਂ ’ਤੇ ਮਿਲ ਬੈਠ ਕੇ ਵਿਚਾਰ ਕਰਨ ਦੀ ਰਵਾਇਤ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਯਤਨ ਵਜੋਂ ਗੁਰੂ ਖਾਲਸਾ ਪੰਥ ਦੀਆਂ ਜੁਝਾਰੂ ਸਖਸ਼ੀਅਤਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬੱਤ ਖਾਲਸਾ ਜੀ ਨੂੰ ਗੋਸ਼ਟਿ ਕਰਨ ਦਾ ਸੱਦਾ ਦਿੱਤਾ। ਅਜਿਹੇ ਉੱਦਮ ਦਾ ਸਵਾਗਤ ਕਰਨਾ ਬਣਦਾ ਹੈ। ਸੰਘਰਸ਼ੀ ਸਿੱਖ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਫਗਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸੁਖਦੇਵ ਸਿੰਘ ਡੋਡ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਵੱਲੋਂ ਸਾਂਝੇ ਤੌਰ ਉੱਤੇ ਕੀਤੇ ਯਤਨਾਂ ਸਦਕਾ ਗੁਰੂ ਖਾਲਸਾ ਪੰਥ ਦੀਆਂ ਨਾਮਵਰ ਤੇ ਸਤਕਾਰਿਤ ਹਸਤੀਆਂ ਸਾਬਕਾ ਸਿੰਘ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ, ਟਕਸਾਲਾਂ, ਪੰਥਕ ਸੰਸਥਾਵਾਂ, ਪੰਥਕ ਜਥੇਬੰਦੀਆਂ ਨੇ ਇਸ ਗੋਸਟ ਵਿੱਚ ਹਾਜ਼ਰੀ ਭਰੀ। ਸਾਂਝਾ ਯਤਨ ਕਰਨ ਵਾਲੀਆਂ ਸਖਸ਼ੀਅਤਾਂ ਨੇ ਪੰਥਕ ਵਿਹੜੇ ਅੰਦਰ ਇਹ ਸੁਨੇਹਾ ਦਿੱਤਾ ਕਿ ਉਹ ਸਭ ਨਿਸ਼ਕਾਮ ਰਹਿ ਕੇ ਸਭ ਜਥੇਬੰਦੀਆਂ ਨੂੰ ਵਿਚਾਰ ਕਰਨ ਦਾ ਸੱਦਾ ਦੇਣਗੇ, ਅਤੇ ਸਾਂਝੀ ਰਾਇ ਨਾਲ ਭਵਿੱਖ ਦਾ ਅਮਲ ਤਲਾਸ਼ਣਗੇ। ਗੋਸ਼ਟਿ ਤੋਂ ਪਹਿਲਾਂ ਕੀਰਤਨ ਅਤੇ ਸਮਾਪਤੀ 'ਤੇ ਨਾਮ ਸਿਮਰਨ ਅਤੇ ਅੰਤ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਲਿਆ ਗਿਆ। ਇਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਵਿਚਾਰ ਗੋਸਟਿ ਪਵਿੱਤਰਤਾ ਨਾਲ ਸਮਾਪਤ ਹੋਈ। 

ਗੁਰਬਾਣੀ ਸਿੱਖਾਂ ਨੂੰ ਮਿਲ ਬੈਠ ਕੇ ਦੁਬਿਧਾ ਦੂਰ ਕਰਨ ਲਈ ਕਹਿੰਦੀ ਹੈ। ਵਿਚਾਰ ਗੋਸਟਿ ਵਿੱਚ ਦੋ ਤਰਫੀ ਗੱਲਬਾਤ ਦਾ ਮਹੌਲ ਬਣਦਾ ਹੈ। ਸੰਗਤ ਦੇ ਸੁਝਾਵਾਂ ਨਾਲ ਗੱਲ ਨਿਖਰਦੀ ਰਹਿੰਦੀ ਹੈ। ਸਭ ਦੀ ਸ਼ਮੂਲੀਅਤ ਹੁੰਦੀ ਹੈ। ਗੁਰੂ ਖਾਲਸਾ ਪੰਥ ਵਿੱਚ ਵੱਖ-ਵੱਖ ਜਥੇਬੰਦੀਆਂ ਦਾ ਆਪਸੀ ਵਖਰੇਵਾਂ ਥੋੜ੍ਹਾ ਹੀ ਹੈ, ਪਰ ਵਿਚਾਰ ਦੀ ਘਾਟ ਕਰਕੇ ਇੱਕ ਦੂਜੇ ਤੋਂ ਦੂਰੀਆਂ ਵੱਧ ਜਾਂਦੀਆਂ ਹਨ। ਇਸ ਲਈ ਜਿੱਥੇ ਸਾਰੀਆਂ ਜਥੇਬੰਦੀਆਂ ਦਾ ਇਕੱਠਾ ਹੋਣਾ ਜਰੂਰੀ ਹੈ ਉਥੇ ਹੀ ਸਭ ਨੂੰ ਮਿਲ ਬੈਠ ਕੇ ਵਿਚਾਰ ਕਰਨ ਦੇ ਅਮਲ ਵਿੱਚ ਪੈਣ ਦੀ ਬਹੁਤ ਲੋੜ ਹੈ। ਕਾਫੀ ਸਮੇਂ ਤੋਂ ਗੁਰੂ ਖਾਲਸਾ ਪੰਥ ਅੰਦਰ ਗੱਲ ਚੱਲਦੀ ਰਹੀ ਕਿ ਸਿੱਖਾਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ। ਪਰ ਕਿਸ ਤਰ੍ਹਾਂ? ਜਦੋਂ ਕੋਈ ਅਮਲ ਸ਼ੁਰੂ ਹੁੰਦਾ ਹੈ ਤਾਂ ਹੀ ਉਸਦੇ ਅਗਲੇ ਪੜਾਅ ਦੀ ਕਲਪਨਾ ਹੋ ਸਕਦੀ ਹੈ। ਗੁਰੂ ਖਾਲਸਾ ਪੰਥ ਜੇਕਰ ਸੰਵਾਦ, ਵਿਚਾਰ ਗੋਸਟਿ ਦੇ ਅਮਲ ਵਿੱਚ ਪੈਂਦਾ ਹੈ, ਤਾਂਹੀ ਅਗਲੇ ਰਾਹ ਸਮਝ ਆ ਸਕਣਗੇ। ਗੁਰੂ ਸਾਹਿਬ ਇਸ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ ਕਿ ਕੁਝ ਸੁਣਨਾ ਚਾਹੀਦਾ ਹੈ ਤੇ ਕਹਿਣਾ ਚਾਹੀਦਾ ਹੈ। ਫਾਇਦਾ ਇਹ ਹੋਵੇਗਾ ਕਿ ਆਪਸੀ ਵਖਰੇਵਿਆਂ ਦੇ (ਲਿਬਾਸ, ਮਾਨਤਾਵਾਂ, ਮਰਿਯਾਦਾ ਦੇ) ਬਾਵਜੂਦ ਇਕੱਠੇ ਹੋ ਕੇ ਬੈਠ ਅਤੇ ਗੱਲ ਕਰ ਸਕਣ ਦਾ ਮਹੌਲ ਸਿਰਜਿਆ ਜਾ ਸਕੇਗਾ। ਦੂਸਰਾ ਫਾਇਦਾ ਹੋਵੇਗਾ ਕਿ ਭਵਿੱਖ ਵਿੱਚ ਗੁਰਮਤ ਦੇ ਪਸਾਰੇ ਲਈ, ਸਰਬੱਤ ਦੇ ਭਲੇ ਲਈ ਸਾਂਝੇ ਨੁਕਤੇ ਜਾਂ ਨਿਸ਼ਾਨੇ ਨਿੱਖਰ ਕੇ ਸਾਹਮਣੇ ਆ ਸਕਣਗੇ ਅਤੇ ਉਸ ਦੀ ਪ੍ਰਾਪਤੀ ਲਈ ਸਭ ਧਿਰਾਂ ਵਲੋਂ ਸਾਂਝੇ ਤੌਰ ’ਤੇ ਜ਼ਮੀਨੀ ਕਾਰਜ ਕੀਤੇ ਜਾ ਸਕਣਗੇ। ਸਭ ਤੋਂ ਅਹਿਮ ਗੱਲ ਕਿ ਇਹ ਰਾਹ ਸਾਡਾ ਬੁਨਿਆਦੀ ਰਾਹ ਹੈ, ਸਾਡੇ ਪੁਰਖਿਆਂ ਦਾ ਰਾਹ ਹੈ ਅਤੇ ਇਸੇ ਰਾਹ ’ਤੇ ਚੱਲ ਕੇ ਅਸੀਂ ਆਪਣੀਆਂ ਮੌਜੂਦਾ ਸਮੱਸਿਆਵਾਂ ਦੇ ਹੱਲ ਲੱਭ ਸਕਾਂਗੇ। ਸਾਨੂੰ ਸਭ ਨੂੰ ਇਸ ਤਰ੍ਹਾਂ ਦੇ ਉੱਦਮਾਂ ਨੂੰ ਹੁੰਗਾਰਾ ਦੇਣਾ ਚਾਹੀਦਾ ਹੈ।