ਰਾਸ਼ਣ ਦੀ ਕਾਣੀ ਵੰਡ ਨੂੰ ਲੈ ਕੇ ਔਰਤਾਂ ਨੇ ਕਾਉਂਸਲਰ ਕੁੱਟਿਆ

ਰਾਸ਼ਣ ਦੀ ਕਾਣੀ ਵੰਡ ਨੂੰ ਲੈ ਕੇ ਔਰਤਾਂ ਨੇ ਕਾਉਂਸਲਰ ਕੁੱਟਿਆ
ਤਸਵੀਰ ਸਿਰਫ ਸੰਕੇਤਕ ਤੌਰ 'ਤੇ ਵਰਤੀ ਗਈ

ਮੋਹਾਲੀ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਲਾਕਡਾਊਨ ਦੌਰਾਨ ਰਾਸ਼ਣ ਵੰਡਣ ਵਿਚ ਕਈ ਥਾਵਾਂ 'ਤੇ ਸਿਆਸੀ ਲੋਕਾਂ ਵੱਲੋਂ ਕਾਣੀ ਵੰਡ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਮੋਹਾਲੀ ਵਿਚ ਕਾਣੀ ਵੰਡ ਦਾ ਦੋਸ਼ ਲਾਉਂਦਿਆਂ 11 ਫੇਜ਼ ਦੀਆਂ ਦੋ ਔਰਤਾਂ ਨੇ ਸਥਾਨਕ ਕਾਉਂਸਲਰ ਦਾ ਕੁਟਾਪਾ ਕਰ ਦਿੱਤਾ। ਪੁਲਸ ਨੇ ਇਸ ਕੁੱਟਮਾਰ ਦੇ ਦੋਸ਼ ਅਧੀਨ ਰਾਜ ਕੁਮਾਰੀ ਅਤੇ ਸਰੋਜ ਨਾਮੀਂ ਦੋ ਔਰਤਾਂ ਨੂੰ ਨਾਮਜ਼ਦ ਕੀਤਾ ਹੈ।

ਕਾਉਂਸਲਰ ਜਸਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਕਿ ਬੀਤੀ ਸ਼ਾਮ 6 ਵਜੇ ਦੇ ਕਰੀਬ ਕੁੱਝ ਔਰਤਾਂ ਉਸਦੇ ਘਰ ਬਾਹਰ ਇਕੱਠੀਆਂ ਹੋਈਆਂ ਸਨ ਤੇ ਉਸ ਸਮੇਂ ਉਹ ਘਰ ਵਿਚ ਇਕੱਲਾ ਸੀ। ਉਸਨੇ ਦੋਸ਼ ਲਾਇਆ ਕਿ ਔਰਤਾਂ ਵੱਲੋਂ ਰਾਸ਼ਣ ਨਾ ਮਿਲਣ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ ਜਿਸ 'ਤੇ ਉਸਨੇ ਉਹਨਾਂ ਨੂੰ ਰਾਸ਼ਨ ਮਿਲਣ ਦਾ ਭਰੋਸਾ ਦਿੱਤਾ ਤੇ ਜਦੋਂ ਉਹ ਵਾਪਸ ਆਪਣੇ ਘਰ ਅੰਦਰ ਜਾ ਰਿਹਾ ਸੀ ਤਾਂ ਪਿੱਛੋਂ ਉਸ ਉੱਤੇ ਉਪਰੋਤਕ ਦੋਵਾਂ ਔਰਤਾਂ ਨੇ ਹਮਲਾ ਕਰ ਦਿੱਤਾ। ਉਸਨੇ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਰਾਜ ਕੁਮਾਰੀ ਨੇ ਉਸਦੀ ਬਾਂਹ ਫੜ੍ਹੀ ਜਦਕਿ ਸਰੋਜ ਨੇ ਉਸਦੇ ਥੱਪੜ ਮਾਰਿਆ। 

ਉਸਦੀ ਸ਼ਿਕਾਇਤ ਮੁਤਾਬਕ ਉਸਨੇ ਭੱਜ ਕੇ ਕਮਰੇ ਵਿਚ ਵੜ੍ਹ ਕੇ ਖੁਦ ਨੂੰ ਬਚਾਇਆ। ਉਸਨੂੰ ਡਰ ਸੀ ਕਿ ਔਰਤਾਂ ਉਸ ਉੱਤੇ ਕੋਈ ਗਲਤ ਇਲਜ਼ਾਮ ਵੀ ਲਾ ਸਕਦੀਆਂ ਹਨ। 

ਪੁਲਸ ਨੇ ਉਪਰੋਕਤ ਦੋਵਾਂ ਔਰਤਾਂ ਖਿਲਾਫ ਆਈਪੀਸੀ ਦੀ ਧਾਰਾ 323, 452, 506, 34, 188, 269 ਅਤੇ 270 ਅਧੀਨ ਮਾਮਲਾ ਦਰਜ ਕਰ ਲਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।