ਪੰਜਾਬੀ ਯੂਨੀਵਰਸਿਟੀ ਵੱਲੋ ਵਿਭਾਗਾਂ ਦੇ ਰਲੇਵੇਂ ਦੇ ਨਾਂਅ ਹੇਠ ਸਿੱਖ ਇਤਿਹਾਸ ਨੂੰ ਖਤਮ ਕਰਨ ਦੀ ਡੂੰਘੀ ਸਾਜ਼ਿਸ਼: ਕਰਨੈਲ ਸਿੰਘ ਪੰਜੋਲੀ 

ਪੰਜਾਬੀ ਯੂਨੀਵਰਸਿਟੀ ਵੱਲੋ ਵਿਭਾਗਾਂ ਦੇ ਰਲੇਵੇਂ ਦੇ ਨਾਂਅ ਹੇਠ ਸਿੱਖ ਇਤਿਹਾਸ ਨੂੰ ਖਤਮ ਕਰਨ ਦੀ ਡੂੰਘੀ ਸਾਜ਼ਿਸ਼: ਕਰਨੈਲ ਸਿੰਘ ਪੰਜੋਲੀ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 19 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੌਲੀ ਦੁਆਰਾ ਅਖ਼ਬਾਰਾਂ ਦੇ ਨਾਮ  ਬਿਆਨ ਜਾਰੀ ਕਰਦਿਆਂ ਇਹ ਅਫ਼ਸੋਸ ਪ੍ਰਗਟ ਕੀਤਾ ਹੈ ਕਿ 29 ਮਾਰਚ 2022 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੀ ਸਿੰਡੀਕੇਟ ਦੀ ਮੀਟਿੰਗ ਵਿਚ ਟੇਬਲ ਏਜੰਡੇ ਰਾਹੀਂ ਬਹੁਤ ਕਾਹਲ ਵਿੱਚ ਪੰਜਾਬ ਇਤਿਹਾਸ ਅਧਿਐਨ ਵਿਭਾਗ ਦਾ ਰਲੇਵਾਂ ਇਤਿਹਾਸ ਵਿਭਾਗ ਵਿੱਚ ਕਰ ਦਿੱਤਾ ਹੈ ਜੋ ਬਹੁਤ ਨਿੰਦਣਯੋਗ ਕਦਮ ਹੈ। ਇਸ ਤੋਂ ਅੱਗੇ ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦੇ ਮੰਤਵ ਅਨੁਸਾਰ ਪੰਜਾਬੀ ਭਾਸ਼ਾ, ਸਾਹਿਤ, ਸਮਾਜ ਵਿਸ਼ੇਸ਼ ਕਰਕੇ ਸਿੱਖ ਧਰਮ ਤੇ ਵਿਰਸੇ ਦੀ ਸੰਭਾਲ ਅਤੇ ਅਕਾਦਮਿਕ ਖੋਜ ਹਿੱਤ ਇਸ ਵਿਭਾਗ ਦੀਆਂ ਅਨੇਕਾਂ ਮਹੱਤਵਪੂਰਨ ਪ੍ਰਾਪਤੀਆਂ ਹਨ।

ਸਰਦਾਰ ਕਰਨੈਲ ਸਿੰਘ ਪੰਜੌਲੀ ਦੁਆਰਾ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਗਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਯਾਤਰਾਵਾਂ, ਭਾਰਤੀ ਆਜ਼ਾਦੀ ਸੰਗਰਾਮ ਵਿੱਚ ਸਿੱਖਾਂ ਅਤੇ ਪੰਜਾਬੀਆਂ ਦੇ ਯੋਗਦਾਨ ਤੇ ਨਾਲ ਨਾਲ ਪੰਜਾਬ ਦੀ ਲੋਕਾਂ ਦੁਆਰਾ ਵੱਖ ਵੱਖ ਮੁਜ਼ਾਹਰਿਆਂ ਦੇ ਸੰਘਰਸ਼ਾਂ ਦੇ ਇਤਿਹਾਸ ਨੂੰ ਰਿਕਾਰਡ ਕਰਨ ਅਤੇ ਖੋਜ ਕਰਨ ਵਿੱਚ ਇਸ ਵਿਭਾਗ ਦੀ ਅਹਿਮ ਦੇਣ ਹੈ।

ਡਾ ਗੰਡਾ ਸਿੰਘ ਵਰਗੇ ਮਹਾਨ ਇਤਿਹਾਸਕਾਰਾਂ ਦਾ ਇਹ ਸੁਪਨਾ ਸੀ ਕਿ ਪੰਜਾਬ ਅਤੇ ਪੰਜਾਬੀਆਂ ਦੀ ਖੇਤਰੀ ਪਛਾਣ, ਸੱਭਿਆਚਾਰ ਅਤੇ ਸਾਹਿਤ ਦੇ ਖੇਤਰਾਂ ਵਿਚ ਯੋਗਦਾਨ ਨੂੰ ਮਾਲਵੇ ਦੀ ਇਸ ਸਿਰਮੌਰ ਸੰਸਥਾ ਵਿਚ ਖੋਜੀ ਬਿਰਤੀ ਵਾਲੇ ਅਧਿਆਪਕ ਭਰਤੀ ਕਰ ਕੇ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਅਤੇ ਪੰਜਾਬੀਆਂ ਦਾ ਨਾਂ ਚਮਕਾਇਆ ਜਾਵੇਗਾ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਗੌਰਵਮਈ ਇਤਿਹਾਸ ਦੀਆਂ ਪ੍ਰਾਪਤੀਆਂ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਖ਼ਤਮ ਕਰਨ ਦੀ ਮਨਸ਼ਾ ਨਾਲ  ਰਲੇਵਾਂ  ਕੀਤਾ ਗਿਆ ਹੈ ਜੋ ਕਿ ਡੂੰਘੀ ਸਾਜ਼ਿਸ਼ ਅਧੀਨ ਆਰਥਿਕ ਸੰਕਟ ਦਾ ਬਹਾਨਾ ਬਣਾ ਕੇ ਕੀਤਾ ਜਾ ਰਿਹਾ ਹੈ ।ਇਹ ਬਹੁਤ ਨਿੰਦਣਯੋਗ ਘਟਨਾ ਹੈ । ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਵਾਈਸ ਚਾਂਸਲਰ ਨੂੰ ਅਪੀਲ ਕਰਦਾ ਹਾਂ ਕਿ ਇਹ ਰਲੇਵਾਂ ਤੁਰੰਤ ਰੱਦ ਕੀਤਾ ਜਾਵੇ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੂੰ ਪਹਿਲਾਂ ਵਾਲਾ ਦਰਜਾ ਦੇ ਕੇ ਖੋਜ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਹੋਰ ਵਿਦਵਾਨ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ । ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਪੰਜਾਬ ਪੱਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ।