ਨਿਹੰਗ ਸਿੰਘ ਨੇ ਬੇਅਦਬੀ ਦੇ ਦੋਸ਼ੀ  ਦਾ ਲਾਇਆ ਸੋਧਾ  

ਨਿਹੰਗ ਸਿੰਘ ਨੇ ਬੇਅਦਬੀ ਦੇ ਦੋਸ਼ੀ  ਦਾ ਲਾਇਆ ਸੋਧਾ  

*ਹੱਥ ਵੱਢ ਕੇ ਲਾਸ਼ ਬੈਰੀਕੇਡ ਨਾਲ ਬੰਨ੍ਹੀ; ਨਿਹੰਗ ਸਿੰਘਾਂ ਨੇ ਲਾਇਆ ਬੇਅਦਬੀ ਦਾ ਦੋਸ਼

*ਨਿਹੰਗ ਸਿੰਘ ਨੇ ਗਿ੍ਫਤਾਰੀ ਦਿਤੀ

* ਕਿਸਾਨ ਮੋਰਚਾ ਨਿਹੰਗਾਂ ਵਿਰੁੱਧ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਸਿੰਘੂ ਬਾਰਡਰ ਕੋਲ ਨਿਹੰਗ ਜਥੇਬੰਦੀ ਬਾਬਾ ਬਲਵਿੰਦਰ ਸਿੰਘ ਮੋਇਆਂ ਦੀ ਮੰਡੀ ਵਾਲੇ (ਮੁੱਖ ਸਥਾਨ ਸ੍ਰੀ ਫਤਹਿਗੜ੍ਹ ਸਾਹਿਬ) ਦੇ ਟੈਂਟ ਵਿੱਚੋਂ ‘ਸਰਬਲੋਹ ਗ੍ਰੰਥ’ ਦੀ ਬੇਅਦਬੀ ਕਰਕੇ ਭੱਜਣ ਵਾਲੇ ਨਸ਼ੇੜੀ ਨੌਜਵਾਨ ਦਾ ਘਿਨਾਉਣੇ ਅਤੇ ਭਿਆਨਕ ਤਰੀਕੇ ਨਾਲ ਕਤਲ ਕਰਕੇ ਉਸ ਦੀ ਵੱਢੀ-ਟੁੱਕੀ ਲਾਸ਼ ਪੁਲੀਸ ਬੈਰੀਕੇਡ ਨਾਲ ਲਟਕਾ ਦਿੱਤੀ ਗਈ। ਵਾਇਰਲ ਵੀਡੀਓ ਅਨੁਸਾਰ ਕੁੱਝ ਨਿਹੰਗ ਸਿੰਘਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਕੁੰਡਲੀ ਥਾਣਾ ਪੁਲੀਸ ਨੇ ਦਫ਼ਾ 302 ਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਨਿਹੰਗ ਜਥੇਬੰਦੀ ਦੇ ਮੈਂਬਰ ਸਰਬਜੀਤ ਸਿੰਘ ਨੇ ਪੁਲੀਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਨਸ਼ੇੜੀ ਨੌਜਵਾਨ ਦੀ  ਹੱਤਿਆ ਬਾਰੇ ਜ਼ਿੰਮੇਵਾਰੀ ਲਈ ਹੈ। ਸਰਬਜੀਤ ਦੇ ਮੈਡੀਕਲ ਟੈਸਟ ਤੋਂ ਬਾਅਦ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਾਇਰਲ ਹੋਈ ਵੀਡੀਓ ਕਲਿੱਪ ’ਚ ਕੁਝ ਨਿਹੰਗ ਸਿੰਘ ਖੂਨ ਨਾਲ ਲਥਪਥ ਵਿਅਕਤੀ ਦੀ ਲਾਸ਼ ਅਤੇ ਵੱਢੇ ਹੋਏ ਹੱਥ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਨਿਹੰਗ ਇਹ ਆਖਦੇ ਸੁਣਾਈ ਦੇ ਰਹੇ ਹਨ ਕਿ  ਨਸ਼ੇੜੀ ਤੇ ਪੰਥ ਵਿਰੋਧੀ ਵਿਅਕਤੀ ਨੂੰ ਪਵਿੱਤਰ ਗ੍ਰੰਥ ਦੀ ਬੇਅਦਬੀ ਦੀ ਸਜ਼ਾ ਦਿੱਤੀ ਗਈ ਹੈ। ਬੇਅਦਬੀ ਦੇ ਦੋਸ਼ੀ ਹੁਣ ਬਖਸ਼ੇ ਨਹੀਂ ਜਾਣਗੇ।ਬੇਅਦਬੀ ਦੇ ਦੋਸ਼ੀ ਦੀ ਪਛਾਣ ਤਰਨ ਤਾਰਨ ਦੇ ਚੀਮਾ ਕਲਾਂ ਦੇ ਮਜ਼ਦੂਰ ਲਖਬੀਰ ਸਿੰਘ ਵਜੋਂ ਹੋਈ ਹੈ। ਲਖਬੀਰ ਸਿੰਘ ਨੂੰ ਬੇਅਦਬੀ ਕਰਦਿਆਂ ਫੜਨ ਦਾ ਦਾਅਵਾ ਕਰਨ ਵਾਲੇ ਇਕ ਨਿਹੰਗ ਸਿੰਘ ਨੇ ਦੱਸਿਆ ਕਿ ਉਹ ਸਵੇਰੇ  ‘ਸਰਬਲੋਹ ਗ੍ਰੰਥ’ ਚੁੱਕ ਕੇ ਸਿੰਘੂ ਦੀ ਸਟੇਜ ਵੱਲ ਭੱਜਿਆ ਸੀ ਜਿਸ ਨੂੰ ਰਾਹ ਵਿੱਚ ਡੱਕ ਲਿਆ ਗਿਆ ਅਤੇ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਲਖਬੀਰ ਸਿੰਘ ਵੱਲੋਂ ਕਥਿਤ ਬੇਅਦਬੀ ਲਈ ਹੀ ਪਵਿੱਤਰ ਗ੍ਰੰਥ ਨੂੰ ਚੁੱਕਿਆ ਗਿਆ ਸੀ। ਲਖਬੀਰ ਸਿੰਘ ਨੂੰ ਵੱਢੇ ਹੋਏ ਹੱਥ ਨਾਲ ਕੁੱਝ ਦੇਰ ਤੱਕ ਸਟੇਜ ਦੇ ਕੋਲ ਲਟਕਾਈ ਵੀ ਰੱਖਿਆ ਗਿਆ ਅਤੇ ਉਦੋਂ ਉਸ ਦੇ ਸਾਹ ਚੱਲ ਰਹੇ ਸਨ। ਵੀਡੀਓ ਕਲਿੱਪ ’ਚ ਨਿਹੰਗ ਉਸ ਤੋਂ ਵਾਰ ਵਾਰ ਸਵਾਲ ਪੁੱਛ ਰਹੇ ਹਨ। ਨਿਹੰਗ ਸਿੰਘ ਜੈਕਾਰੇ ਛੱਡਦੇ ਵੀ ਸੁਣਾਈ ਦੇ ਰਹੇ ਹਨ। ਬਾਅਦ ਵਿੱਚ ਲਖਬੀਰ ਦੀ ਵੱਢੀ-ਟੁੱਕੀ ਲਾਸ਼ ਘੜੀਸ ਕੇ ਪੁਲੀਸ ਬੈਰੀਕੇਡ ਨਾਲ ਬੰਨ੍ਹ ਦਿੱਤੀ ਗਈ। ਉਸ ਦੀ ਲੱਤ ਵੀ ਵੱਢ ਦਿੱਤੀ ਗਈ ਸੀ। 

 ਨਿਹੰਗ ਨੇ ਪੁਲਿਸ ਸਾਹਮਣੇ ਕੀਤਾ ਆਤਮ-ਸਮਰਪਣ

ਕੁੰਡਲੀ ਸਿੰਘੂ ਬਾਰਡਰ ’ਤੇ ਇਕ ਸ਼ਖ਼ਸ ਦੀ ਹੱਤਿਆ ਕਰਨ ਵਾਲੇ ਨਿਹੰਗ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਸਮਰਪਣ ਕਰਨ ਵਾਲੇ ਦਾ ਨਾਂ ਨਿਹੰਗ ਸਰਬਜੀਤ ਦੱਸਿਆ ਜਾ ਰਿਹਾ ਹੈ। ਉਸ ਨੇ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰ ਕੇ ਹੱਤਿਆ ਦੀ ਜ਼ਿੰਮੇਵਾਰੀ ਲੈ ਲਈ ਹੈ।   ਪੁਲਿਸ ਇਸ ਮਾਮਲੇ ਵਿਚ ਸ਼ਖ਼ਸ ਤੋਂ ਪੁੱਛਗਿੱਛ ਕਰ ਰਹੀ ਹੈ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਘਟਨਾ ਦੀ ਰਿਪੋਰਟ ਮੰਗੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਿੰਘੂ ਬਾਰਡਰ ’ਤੇ ਨੌਜਵਾਨ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਹਰਿਆਣਾ ਪੁਲੀਸ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਸਾਂਪਲਾ ਨੇ ਕਿਹਾ ਕਿ ਮ੍ਰਿਤਕ ਲਖਬੀਰ ਸਿੰਘ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਸੀ ਅਤੇ ਉਸ ਦੀ ਹੱਤਿਆ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ। 

ਬਾਦਲ ਨੇ ਸਿੰਘੂ ਘਟਨਾ ਦੀ ਨਿਰਪੱਖ ਜਾਂਚ ਮੰਗੀ

 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੌਜਵਾਨ ਦੇ ਕਤਲ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਤ ਇਸ ਘਿਨਾਉਣੇ ਅਪਰਾਧ ਦੇ ਸਾਰੇ ਪਹਿਲੂਆਂ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਭਿਅਕ ਸਮਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਫਿਰ ਹਿੰਸਾ ਵਰਗੀਆਂ ਘਿਨਾਉਣੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। 

ਹਿੰਸਾ ਲਈ ਕੋਈ ਥਾਂ ਨਹੀਂ: ਕਾਂਗਰਸ   

ਕਾਂਗਰਸ ਨੇ ਸਿੰਘੂ ਬਾਰਡਰ ’ਤੇ ਨੌਜਵਾਨ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਹਿੰਸਾ ਲਈ ਕਿਤੇ ਵੀ ਕੋਈ ਥਾਂ ਨਹੀਂ ਹੈ ਅਤੇ ਘਟਨਾ ਦੀ ਜਾਂਚ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਇਕ ਹੋਰ ਕਾਂਗਰਸ ਆਗੂ ਸਲਮਾਨ ਅਨੀਸ ਸੋਜ਼ ਨੇ ਆਸ ਜਤਾਈ ਕਿ ਹੱਤਿਆ ਦੇ ਸਾਜ਼ਿਸ਼ਕਾਰਾਂ ਦਾ ਤੁਰੰਤ ਪਰਦਾਫਾਸ਼ ਹੋਣਾ ਚਾਹੀਦਾ ਹੈ। ਸ਼ਿਵ ਸੈਨਾ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਵੀ ਟਵੀਟ ਕਰਕੇ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। 

ਭਾਜਪਾ ਬੋਲੀ ਕਿਸਾਨ ਅੰਦੋਲਨ ਵਿਚ ਅਪਰਾਧੀ ਤਤ   

 ਸਿੰਘੂ ਬਾਰਡਰ ’ਤੇ ਇਕ ਵਿਅਕਤੀ ਦੀ ਹੱਤਿਆ ਲਈ ਕਿਸਾਨ ਆਗੂਆਂ ’ਤੇ ਵਰ੍ਹਦਿਆਂ ਭਾਜਪਾ ਨੇ ਕਿਹਾ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਪਿਛਲੇ ‘ਅਰਾਜਕ ਅਨਸਰਾਂ’ ਦਾ ਪਰਦਾਫਾਸ਼ ਕਰਨ ਦੀ ਲੋੜ ਹੈ ਕਿਉਂਕਿ ਉਹ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ’ਤੇ ਵਰ੍ਹਦਿਆਂ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕਰਕੇ ਕਿਹਾ ਕਿ ਟਿਕੈਤ ਨੇ ਲਖੀਮਪੁਰ ’ਚ ਹਜੂਮੀ ਹਿੰਸਾ ਨੂੰ ਜਾਇਜ਼ ਠਹਿਰਾਇਆ ਸੀ ਅਤੇ ਯੋਗੇਂਦਰ ਯਾਦਵ ਉਨ੍ਹਾਂ ਨਾਲ ਖਾਮੋਸ਼ ਬੈਠੇ ਸਨ। ਉਸ ਨੇ ਕਿਹਾ ਕਿ ਜੇਕਰ ਉਨ੍ਹਾਂ ਇਹ ਬਿਆਨ ਨਾ ਦਿੱਤਾ ਹੁੰਦਾ ਤਾਂ ਸਿੰਘੂ ਬਾਰਡਰ ’ਤੇ ਨੌਜਵਾਨ ਦੀ ਹੱਤਿਆ ਨਹੀਂ ਹੋਣੀ ਸੀ।   

ਤਰਨ ਤਾਰਨ ਨਾਲ ਸਬੰਧਤ ਸੀ ਲਖਬੀਰ ਸਿੰਘ

 ਦਿੱਲੀ ’ਚ ਸਿੰਘੂ ਬਾਰਡਰ ’ਤੇ ਮਾਰੇ ਗਏ ਵਿਅਕਤੀ ਦੀ ਪਛਾਣ ਲਖਬੀਰ ਸਿੰਘ ਟੀਟਾ (40) ਵਾਸੀ ਚੀਮਾ ਕਲਾਂ ਵਜੋਂ ਹੋਈ ਹੈ| ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦਾ ਹੈ| ਲਖਬੀਰ ਸਿੰਘ ਦੀਆਂ ਤਿੰਨ ਲੜਕੀਆਂ ਹਨ ਅਤੇ ਉਸ ਦੀ ਪਤਨੀ ਜਸਮੀਤ ਕੌਰ ਉਸ ਦੇ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਕੁਝ ਚਿਰ ਪਹਿਲਾਂ ਬੱਚੀਆਂ ਨਾਲ ਪੇਕੇ ਚਲੀ ਗਈ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਸਹੁਰੇ ਘਰ ਆ ਗਈ ਹੈ। ਲਖਬੀਰ ਸਿੰਘ ਚੀਮਾ ਕਲਾਂ ਵਿੱਚ ਆਪਣੇ ਫੁੱਫੜ ਜਿਉਣ ਸਿੰਘ ਕੋਲ ਰਹਿੰਦਾ ਸੀ| ਪਿੰਡ ਵਿੱਚ ਉਸ ਦੀ ਇਕ ਭੈਣ ਰਾਜ ਕੌਰ ਵੀ ਰਹਿੰਦੀ ਹੈ ਜੋ ਉਸ ਦੀ ਸੇਵਾ-ਸੰਭਾਲ ਆਦਿ ਕਰਦੀ ਸੀ| ਲਖਬੀਰ ਸਿੰਘ ਸਰਹੱਦੀ ਖੇਤਰ ਦੇ ਪਿੰਡ ਕਲਸ (ਖੇਮਕਰਨ) ਦੇ ਵਾਸੀ ਦਰਸ਼ਨ ਸਿੰਘ ਅਤੇ ਮਨਜੀਤ ਕੌਰ ਦੀ ਔਲਾਦ ਸੀ। ਦਰਸ਼ਨ ਸਿੰਘ ਦੀ ਪਿੰਡ ਚੀਮਾ ਕਲਾਂ ਵਿੱਚ ਵਿਆਹੀ ਹੋਈ ਭੈਣ ਮਹਿੰਦਰ ਕੌਰ ਦੇ ਕੋਈ ਸੰਤਾਨ ਨਾ ਹੋਣ ਕਰਕੇ ਉਸ ਨੇ ਲਖਬੀਰ ਸਿੰਘ ਨੂੰ ਗੋਦ ਲੈ ਲਿਆ ਸੀ।ਇਸ ਦੌਰਾਨ ਲਖਬੀਰ ਸਿੰਘ ਨਸ਼ਿਆਂ ਦਾ ਆਦੀ ਹੋ ਗਿਆ ਸੀ| ਉਹ ਚੋਰੀਆਂ ਆਦਿ ਵੀ ਕਰਨ ਲੱਗ ਪਿਆ ਸੀ। ਉਸ ਦੀ ਭੈਣ ਰਾਜ ਕੌਰ ਨੇ ਦੱਸਿਆ ਕਿ ਲਖਬੀਰ ਸਿੰਘ ਨੇ 13 ਅਕਤੂਬਰ ਨੂੰ ਪਿੰਡ ਵਿੱਚ ਇਕ ਵਿਆਹ ਸਮਾਗਮ ਵਿੱਚ ਭਾਗ ਲਿਆ ਸੀ ਅਤੇ ਸ਼ਾਮ ਵੇਲੇ ਇਕ ਨਿਹੰਗ ਸਿੰਘ ਦੇ ਭੇਸ ਵਿੱਚ ਆਇਆ ਕੋਈ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਭੈਣ ਨੇ ਦੱਸਿਆ ਕਿ ਉਹ ਅਕਸਰ ਕਿਸੇ ‘ਸੰਧੂ’ ਨਾਮ ਦੇ ਵਿਅਕਤੀ ਨਾਲ ਲੰਮਾ ਸਮਾਂ ਮੋਬਾਈਲ ’ਤੇ ਗੱਲਾਂ ਕਰਦਾ ਰਹਿੰਦਾ ਸੀ ਅਤੇ ਉਹ ਇਹ ਵੀ ਆਖਦਾ ਸੀ ਕਿ ਉਸ ਦੀ ਪਹੁੰਚ ਹੁਣ ਬਹੁਤ ਦੂਰ ਤੱਕ ਹੋ ਗਈ ਹੈ। ਫੋਨ ਕਰਨ ਸਮੇਂ ਉਹ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੰਦਾ ਸੀ।ਲਖਬੀਰ ਸਿੰਘ ਦੀ ਭੈਣ ਨੇ ਕਿਹਾ ਕਿ ਉਹ ਬੇਅਬਦੀ ਨਹੀਂ ਕਰ ਸਕਦਾ ਹੈ| ਪਿੰਡ ਦੇ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਨੇ ਕਿਹਾ ਕਿ ਲਖਬੀਰ ਸਿੰਘ ਨੂੰ ਜਿਸ ਤਰੀਕੇ ਨਾਲ ਦਿੱਲੀ ਦੇ ਸਿੰਘੂ ਬਾਰਡਰ ਤੱਕ ਲਿਜਾਇਆ ਗਿਆ ਹੈ, ਉਹ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਲਗਦੀ ਹੈ।

ਕਿਸਾਨ ਮੋਰਚਾ ਨਿਹੰਗਾਂ ਵਿਰੁੱਧ 

ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ’ਤੇ ਤਰਨ ਤਾਰਨ ਦੇ ਵਿਅਕਤੀ ਦੀ ਹੱਤਿਆ ਦੀ ਨਿੰਦਾ ਕਰਦਿਆਂ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਸ ਘਟਨਾ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਮੋਰਚੇ ਨੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਧਾਰਮਿਕ ਰੰਗਤ ਵੀ ਦਿੱਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਲੋਕਤੰਤਰੀ ਅਤੇ ਸ਼ਾਂਤਮਈ ਢੰਗ ਨਾਲ ਚੱਲ ਰਹੇ ਅੰਦੋਲਨ ’ਚ ਕਿਸੇ ਕਿਸਮ ਦੀ ਵੀ ਹਿੰਸਾ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ,‘‘ਸਾਨੂੰ ਸਾਰਿਆਂ ਨੂੰ ਘਟਨਾ ਦਾ ਬਹੁਤ ਅਫ਼ਸੋਸ ਹੈ। ਸੰਯੁਕਤ ਕਿਸਾਨ ਮੋਰਚਾ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਿਹਾ ਹੈ। ਇਹ ਹੱਤਿਆ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਘਟਨਾ ਦੀ ਪੂਰੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਡੱਲੇਵਾਲ ਨੇ ਕਿਹਾ ਕਿ ਮਾਰਿਆ ਗਿਆ ਵਿਅਕਤੀ ਲਖਬੀਰ ਸਿੰਘ ਨਿਹੰਗ ਸਿੰਘਾਂ ਨਾਲ ਰਹਿ ਰਿਹਾ ਸੀ ਅਤੇ ਉਸ ਨੇ ‘ਸਰਬਲੋਹ ਗ੍ਰੰਥ’ ਕਥਿਤ ਤੌਰ ’ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਕਿਸੇ ਵੀ ਧਰਮ ਦੇ ਅਨਾਦਰ ਦੀ ਨਿਖੇਧੀ ਕਰਦਾ ਹੈ ਅਤੇ ਉਹ ਇਸ ਦੇ ਪ੍ਰਤੀਕਰਮ ’ਚ ਕੀਤੀ ਗਈ ਹੱਤਿਆ ਦੀ ਨਿੰਦਾ ਕਰਦੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਦਾਅਵਾ ਕੀਤਾ ਕਿ ਇਹ ਘਟਨਾ ਨਿਹੰਗ ਸਿੰਘਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਦਾ ਕਿਸਾਨ ਅੰਦੋਲਨ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਕ ਹੋਰ ਕਿਸਾਨ ਆਗੂ ਕੁਲਵੰਤ ਸਿੰਘ ਨੇ ਦੋਸ਼ ਲਾਇਆ ਕਿ ਇਸ ਘਟਨਾ ਪਿੱਛੇ ਕੇਂਦਰੀ ਏਜੰਸੀਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਪਿਛਲੇ 2-3 ਦਿਨਾਂ ਤੋਂ ਨਿਹੰਗ ਸਿੰਘਾਂ ਨਾਲ ਰਹਿ ਰਿਹਾ ਸੀ ਅਤੇ ਬੀਤੀ ਰਾਤ ਉਨ੍ਹਾਂ ਵਿਚਕਾਰ ਝਗੜਾ ਹੋਇਆ ਸੀ ਅਤੇ ਬੇਅਦਬੀ ਦੇ ਦੋਸ਼ ਵੀ ਲੱਗੇ ਸਨ। ਉਨ੍ਹਾਂ ਕਿਹਾ ਕਿ ਇਹ ਕੋਈ ਧਾਰਮਿਕ ਨਹੀਂ ਸਗੋਂ ਕਿਸਾਨਾਂ ਦਾ ਅੰਦੋਲਨ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂਆਂ ਨੇ ਨਿਹੰਗ ਸਿੰਘਾਂ ਨੂੰ ਉਥੋਂ ਕਈ ਵਾਰ ਜਾਣ ਲਈ ਆਖਿਆ ਸੀ ਪਰ ਇਸ ਦੇ ਬਾਵਜੂਦ ਉਹ ਪ੍ਰਦਰਸ਼ਨ ਵਾਲੀ ਥਾਂ ’ਤੇ ਡਟੇ ਹੋਏ ਹਨ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਇਹ ਕਤਲ ਬਹੁਤ ਹੀ ਘਿਨੌਣਾ ਕਾਰਾ ਹੈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਪੁਲੀਸ ਜਾਂਚ ਨਿਰਪੱਖ ਕੀਤੀ ਜਾਵੇ ਤੇ ਹੋਰ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਜੋਗਿੰਦਰ ਸਿੰਘ ਉਗਰਾਹਾਂ ਤੇ ਸੁਖਦਰਸ਼ਨ ਨੱਤ ਨੇ ਵੀ ਇਸ ਕਤਲੇਆਮ ਦੀ ਸਖ਼ਤ ਨਿੰਦਾ ਕੀਤੀ ਹੈ। ਕਿਸਾਨ ਆਗੂਆਂ ਨੇ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ।