ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸਾਂ ਦਾ ਰਿਕਾਰਡ ਤਲਬ

ਭਾਈ ਜਗਤਾਰ ਸਿੰਘ ਹਵਾਰਾ ਦੇ ਕੇਸਾਂ ਦਾ ਰਿਕਾਰਡ ਤਲਬ

ਚੰਡੀਗੜ੍ਹ/ਬਿਊਰੋ ਨਿਊਜ਼ :
ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਨੋਟਿਸ ਜਾਰੀ ਕਰਕੇ ਬੱਬਰ ਖ਼ਾਲਸਾ ਮੁਖੀ ਭਾਈ ਜਗਤਾਰ ਸਿੰਘ ਹਵਾਰਾ ਵਿਰੁੱਧ ਦਰਜ ਕੇਸਾਂ ਤੇ ਇਨ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਤਲਬ ਕੀਤੀ ਹੈ। ਹਾਈਕੋਰਟ ਨੇ ਇਹ ਵੀ ਪੁੱਛਿਆ ਹੈ ਕਿ ਇਨ੍ਹਾਂ ਦੇ ਟ੍ਰਾਇਲ ਕਿੱਥੇ ਖੜ੍ਹੇ ਹਨ। ਭਾਈ ਹਵਾਰਾ ਵੱਲੋਂ ਪਹਿਲਾਂ ਸਮਰਾਲਾ ਵਿਖੇ ਦਰਜ ਮਾਮਲਿਆਂ ਬਾਰੇ ਪਟੀਸ਼ਨ ਦਾਖਲ ਕੀਤੀ ਸੀ ਤੇ ਹੁਣ ਧੂਰੀ ਵਿਖੇ ਦਰਜ ਮਾਮਲਿਆਂ ਸਬੰਧੀ ਵੱਖਰੀ ਪਟੀਸ਼ਨ ਵਿਚ ਵੀ ਉਹੀ ਦੋਸ਼ ਲਾਏ ਹਨ ਕਿ ਉਸ ਦੇ ਵਾਰੰਟ ਜਾਰੀ ਕੀਤੇ ਜਾਂਦੇ ਹਨ ਪਰ ਕਿਤੇ ਪੇਸ਼ ਨਹੀਂ ਕੀਤਾ ਜਾਂਦਾ। ਸ਼ੱਕ ਪ੍ਰਗਟ ਕੀਤਾ ਕਿ ਵਾਰੰਟ ਝੂਠੇ ਹਨ ਤੇ ਇਨ੍ਹਾਂ ਦਾ ਅਦਾਲਤੀ ਰਿਕਾਰਡ ਨਹੀਂ ਹੈ, ਲਿਹਾਜ਼ਾ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਕਿਹਾ ਕਿ ਉਸ ਵਿਰੁੱਧ 36 ਮਾਮਲੇ ਦਰਸਾਏ ਜਾਂਦੇ ਹਨ ਪਰ ਕਿਸੇ ਵਿਚ ਵੀ ਟਰਾਇਲ ਸ਼ੁਰੂ ਨਹੀਂ ਕੀਤਾ ਗਿਆ, ਜਦੋਂਕਿ ਮਾਮਲੇ ਸਾਲ 2005 ਜਾਂ ਇਸ ਤੋਂ ਪਹਿਲਾਂ ਦੇ ਵਿਖਾਏ ਜਾ ਰਹੇ ਹਨ।