ਗੁਜਰਾਤ ਕਤਲੇਆਮ ਬਾਰੇ ਬਹੁ ਚਰਚਿਤ ਕਿਤਾਬ ”ਗੁਜਰਾਤ ਫਾਈਲਾਂ” ਦੀ ਲੇਖਕ ਰਾਣਾ ਆਯੂਬ ਦਾ ਕੈਲਗਰੀ ਵਿਖੇ ਸਨਮਾਨ

ਗੁਜਰਾਤ ਕਤਲੇਆਮ ਬਾਰੇ ਬਹੁ ਚਰਚਿਤ ਕਿਤਾਬ ”ਗੁਜਰਾਤ ਫਾਈਲਾਂ” ਦੀ ਲੇਖਕ ਰਾਣਾ ਆਯੂਬ ਦਾ ਕੈਲਗਰੀ ਵਿਖੇ ਸਨਮਾਨ

ਕੈਲਗਰੀ/ਬਿਊਰੋ ਨਿਊਜ਼:
2002 ‘ਚ ਗੁਜਰਾਤ ‘ਚ ਮੁਸਲਮਾਨਾਂ ਦੇ ਹੋਏ ਕਤਲੇਆਮ ਬਾਰੇ ਲਿਖੀ ਗਈ ਕਿਤਾਬ ‘ਗੁਜਰਾਤ ਫਾਈਲਜ਼’ ਦੀ ਲੇਖਿਕਾ ਅਤੇ ਪੱਤਰਕਾਰ ਰਾਣਾ ਆਯੂਬ ਨੇ ਕੈਲਗਰੀ (ਕੈਨੇਡਾ) ‘ਚ ਕਰਵਾਏ ਇੱਕ ਸਮਾਗਮ ਦੌਰਾਨ ਕਿਹਾ ਕਿ ਪੱਤਰਕਾਰੀ ਉਸ ਲਈ ਸਿਰਫ਼ ਕਿੱਤਾ ਨਹੀਂ ਸਗੋਂ ਇੱਕ ਮਿਸ਼ਨ ਹੈ, ਜਿਸ ਨੂੰ ਪੂਰਾ ਕਰਨ ਲਈ ਉਹ ਪੂਰੀ ਵਾਹ ਲਾ ਰਹੀ ਹੈ। ‘ਗੁਜਰਾਤ ਫਾਈਲਜ਼’ ਉਨ੍ਹਾਂ ਵੱਲੋਂ ਕੀਤੇ ਸਟਿੰਗ ਅਪਰੇਸ਼ਨਾਂ ਦਾ ਕਿਤਾਬੀ ਰੂਪ ਹੈ, ਜੋ ਨਰਿੰਦਰ ਮੋਦੀ (ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ) ਤੇ ਅਮਿਤ ਸ਼ਾਹ ਸਮੇਤ ਕਈ ਹੋਰ ਉਚ ਅਧਿਕਾਰੀਆਂ ਉਪਰ ਕੀਤੇ ਸਨ।
ਕੈਲਗਰੀ ਦੇ ਇੰਡੀਅਨ ਐਕਸ-ਸਰਵਿਸਮੈੱਨ ਇਮੀਗਰੈਂਟ ਐਸੋਸੀਏਸ਼ਨ ਦੇ ਹਾਲ ਵਿੱਚ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਮਾਸਿਕ ਰਸਾਲੇ ‘ਸਿੱਖ ਵਿਰਸਾ’ ਵੱਲੋਂ ਕਰਵਾਏ ਸਮਾਗਮ ਵਿੱਚ ਰਾਣਾ ਆਯੂਬ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਅਸਲ ਬਦਲਾਅ ਲਈ ਲੋਕਾਂ ਵਿੱਚ ਸਮਾਜਕ ਚੇਤਨਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਕਿਤਾਬ ‘ਗੁਜਰਾਤ ਫਾਈਲਜ਼’ ਦੇ ਰੂਪ ਵਿੱਚ ਉਨ੍ਹਾਂ ਨੇ ਆਪਣਾ ਕੰਮ ਕਰ ਦਿੱਤਾ ਪਰ ਹੁਣ ਲੋਕਾਂ ਦੀ ਵਾਰੀ ਹੈ। ਰਾਣਾ ਨੇ ਸਪੱਸ਼ਟ ਕੀਤਾ ਕਿ ਗੁਜਰਾਤ ਕਤਲੇਆਮ ਬਹੁਗਿਣਤੀ ਫਿਰਕੇ ਵੱਲੋਂ ਘੱਟਗਿਣਤੀ ਭਾਈਚਾਰੇ ਨਾਲ ਕੀਤਾ ਧੱਕਾ ਸੀ। ਸਮਾਗਮ ਦੌਰਾਨ ਰਾਣਾ ਆਯੂਬ ਨੇ ਲੋਕਾਂ ਦੇ ਸਵਾਲਾਂ ਤੇ ਜਵਾਬ ਵੀ ਦਿੱਤੇ।
ਇਸ ਤੋਂ ਪਹਿਲਾਂ ਰੈੱਡ ਐਫ.ਐਮ. ਦੇ ਨਿਊਜ਼ ਡਾਇਰਕੈਟਰ ਰਿਸ਼ੀ ਨਾਗਰ ਨੇ ਰਾਣਾ ਆਯੂਬ ਦੇ ਪੱਤਰਕਾਰੀ ਜੀਵਨ ਉਪਰ ਝਾਤ ਪਾਈ। ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਮਾਨ ਨੇ ਧੰਨਵਾਦੀ ਮਤਾ ਪੜ੍ਹਿਆ। ਇਸ ਮੌਕੇ ਐਲਬਰਟਾ ਦੇ ਮੰਤਰੀ ਇਰਫਾਨ ਸਬੀਰ, ਡਾ. ਮੁਖਬੈਨ ਸਿੰਘ, ਹਰੀਪਾਲ, ਅਰਸ਼ਦ ਬੁਖਾਰੀ ਅਤੇ ਪ੍ਰਸ਼ੋਤਮ ਦੁਸਾਂਝ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਭਜਨ ਗਿੱਲ ਨੇ ਨਿਭਾਈ। ਇਸ ਸਮਾਗਮ ‘ਚ ਖੋਜੀ ਪੱਤਰਕਾਰੀ ਕਰਨ ਲਈ ਰਾਣਾ ਆਯੂਬ ਦਾ ਸਨਮਾਨ ਵੀ ਕੀਤਾ ਗਿਆ।